ਪੰਨਾ:ਹੀਰ ਵਾਰਸਸ਼ਾਹ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੯)

ਸਿਦਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ
ਬਾਦਸ਼ਾਹ ਸੱਚਾ ਰੱਬ ਆਲਮਾਂ ਦਾ ਫ਼ੱਕਰ ਓਸਦੇ ਹੈਣ ਵਜ਼ੀਰ ਸਾਈਂ
ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵਣ ਦੁੱਧ ਬਾਝ ਨਾ ਰਿੱਝਦੀ ਖੀਰ ਸਾਈਂ
ਯਾਦ ਹੱਕ ਦੀ ਸਬਕ ਤਸਲੀਮ ਪਹੁੰਚਾ ਤੁਸਾਂ ਜੱਗ ਦੇ ਨਾਲ ਕੀ ਸੀਰ ਸਾਈਂ
ਤੈਨੂੰ ਜੋੜਕੇ ਹੱਥ ਸਲਾਮ ਕਰਦਾ ਕਹਿੰਦਾ ਬਹੁਤ ਜ਼ਹੀਰ ਅਸੀਰ ਸਾਈਂ
ਫ਼ਕਰ ਕੱਲ ਜਹਾਨ ਦਾ ਆਸਰਾ ਹੈ ਤਬੇ ਫ਼ੱਕਰ ਦੀ ਪੀਰ ਅਮੀਰ ਸਾਈਂ
ਪੀਰ ਤਾਰ ਕੇ ਲਾਉਂਦਾ ਤੁਰਤ ਬੰਨੇ ਬੇੜੇ ਡੁੱਬਦੇ ਡੂੰਘੜੇ ਨੀਰ ਸਾਈਂ
ਹੁਕਮ ਨਾਲ ਰੱਬੀ ਮੁਰਦਾ ਕਰੇ ਜ਼ਿੰਦਾ ਮੇਰੇ ਲਬਾਂ ਤੇ ਦੱਮ ਅਖ਼ੀਰ ਸਾਈਂ
ਢੂੰਡਾਂ ਢੂੰਡਕੇ ਅੰਤ ਲਾਚਾਰ ਹੋਯਾ ਹੋਈ ਪੇਸ਼ ਨਾ ਗਈ ਤਦਬੀਰ ਸਾਈਂ
ਹੁਕਮ ਫੱਕਰ ਦਾ ਕੌਲ ਅਡੋਲ ਰਹੇ ਨਹੀਂ ਮੁੜਨ ਤਕਦੀਰ ਦੇ ਤੀਰ ਸਾਈਂ
ਮੇਰਾ ਮਾਉਂ ਨਾ ਬਾਪ ਨਾ ਭੈਣ ਭਾਈ ਚਾਚਾ ਤਾਯਾ ਨਾ ਸਾਸ ਨਾ ਵੀਰ ਸਾਈਂ
ਦੁਨੀਆ ਵਿਚ ਹਾਂ ਬਹੁਤ ਉਦਾਸ ਹੋਯਾ ਪੈਰੋਂ ਸਾਡਿਓ ਲਾਹ ਜੰਜੀਰ ਸਾਈਂ
ਹੁਣ ਛੱਡ ਤੈਨੂੰ ਦੱਸ ਜਾਂ ਕਿਥੇ ਨਜ਼ਰ ਆਉਣਾ ਏਂ ਜ਼ਾਹਰਾ ਪੀਰ ਸਾਈਂ
ਤੁਸਾਂ ਜਗਤ ਨਿਵਾਇਆ ਬੈਠ ਆਸਨ ਵਾਰਸਸ਼ਾਹ ਦੀ ਬਖ਼ਸ਼ ਤਕਦੀਰ ਸਾਈਂ

{{

ਹੋਰ

ਕਰ ਆਸ ਆਯਾ ਕੋਈ ਜ਼ੋਰ ਨਾਹੀਂ ਮੈਥੇ ਰੱਬ ਦੇ ਵਾਸਤੇ ਕਰੋ ਦਇਆ
ਕੋਈ ਸੱਖਣਾ ਭਰੇ ਤੇ ਆਉਂਦਾ ਏ ਭਰਿਆ ਚਾਹੋ ਤੇ ਓਸ ਤੇ ਕਰੋ ਮਇਆ
ਮੈਂ ਤਾਂ ਮਾਰਿਆ ਦੁਖਾਂ ਦੇ ਹੋੜਿਆਂ ਦਾ ਤੱਕ ਸਾਂਮ ਤੁਸਾਡੜੀ ਆਣ ਹੋਇਆ
ਮੈਂ ਗਰੀਬ ਸਭੇ ਸੁੱਖ ਛੱਡ ਆਇਆ ਗੋਪੀ ਚੰਦ ਤੇ ਭਰਥਰੀ ਜੋਗ ਲਇਆ
ਤੇਰੀ ਸਿਫਤ ਮੈਂ ਸੁਣੀ ਹੈ ਜੋਗੀਆਂ ਥੀਂ ਬਾਲਨਾਥ ਜੱਗਤ ਦੇ ਵਿੱਚ ਹੋਇਆ
ਤੇਰੀ ਵੇਖ ਕਰਾਮਾਤ ਸ਼ੁਕਰ ਕੀਤਾ ਏਸੇ ਵਾਸਤੇ ਮੈਂ ਆਣ ਰੂਜ਼ੂ ਹੋਇਆ
ਤੇਰਾ ਮੁੱਖ ਵੇਖੇ ਸਭੇ ਪਾਪ ਝੜਦੇ ਰਹੇ ਨਰਕ ਦਾ ਨਾਸ ਹੈ ਤੁਧ ਖੋਇਆ
ਵਾਰਸਸ਼ਾਹ ਜਾਂ ਫ਼ਕਰ ਦਾ ਪਵੇ ਬੁਰਕਾ ਦੋਹਾਂ ਆਲਮਾਂ ਵਿੱਚ ਨਿਹਾਲ ਹੋਇਆ

{{

ਜਵਾਬ ਬਾਲ ਨਾਥ

ਨਾਥ ਵੇਖ ਕੇ ਬਹੁਤ ਮਲੂਕ ਚੰਚਲ ਅਹਿਲ ਤਬ੍ਹਾ ਤੇ ਸੋਹਣਾ ਛੈਲ ਮੁੰਡਾ
ਕੋਈ ਹੁਸਨ ਦੀ ਕਾਨ ਹੁਸ਼ਨਾਕ ਸੁੰਦਰ ਅਤੇ ਲਾਡਲਾ ਮਾਉਂ ਤੇ ਬਾਪ ਸੰਦਾ
ਕਿਸੇ ਦੁੱਖ ਤੇ ਰੁੱਸ ਕੇ ਉੱਠ ਆਯਾ ਅਤੇ ਕਿਸੇ ਦੇ ਨਾਲ ਪੈ ਗਿਆ ਧੰਦਾ
ਨਾਥ ਆਖਦਾ ਦੱਸ ਖਾਂ ਸੱਚ ਮੈਂਥੇ ਤੂੰ ਤਾਂ ਕਿਹੜੇ ਦੁਖ ਫ਼ਕੀਰ ਹੁੰਦਾ
ਤੇਰਾ ਤੌਰ ਨਾ ਜੋਗ ਦਾ ਕੁਝ ਦਿਸੇ ਮਾਲ ਮਸਤ ਦਿਸੇਂ ਤੂੰ ਤਾਂ ਹੈਂ ਲੁੰਡਾ