ਪੰਨਾ:ਹੀਰ ਵਾਰਸਸ਼ਾਹ.pdf/140

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੦)

ਚਸ਼ਮਾਂ ਤੇਰੀਆਂ ਖ਼ੂਨ ਗੁਜਾਰਨਾਂ ਨੇ ਤਬ੍ਹਾ ਹਾਕਮੀ ਨਾਂ ਗੁਲਾਮ ਬੰਦਾ
ਜੋਗੀ ਹੋਵੇ ਅਸੀਲ ਜੋ ਕੁਲੋਂ ਹੋਵੇ ਜੋਗੀ ਹੋਵੇ ਨਾਹੀ ਜੇੜ੍ਹਾ ਚੋਰ ਰੁੰਡਾ
ਵਾਰਸਸ਼ਾਹ ਤੁਸਾਂ ਜਿਹਾ ਕੋਈ ਬਾਂਕਾ ਵਿੱਚ ਮਜਲਸਾਂ ਸੋਂਹਦਾ ਛੈਲ ਮੰਡਾ

ਕਲਾਮ ਰਾਂਝਾ

ਬਾਲ ਨਾਥ ਨੂੰ ਜੋੜਕੇ ਹੱਥ ਕਹਿੰਦਾ ਸ਼ਰਬਤ ਜੋਗ ਦਾ ਘੋਲ ਕੇ ਪੀਵਣਾ ਈਂ
ਇਹ ਜਗ ਮੁਕਾਮ ਫ਼ਨਾਹ ਦਾ ਏ ਸੱਭਾ ਰੇਤ ਦੀ ਕੰਧ ਇਹ ਜੀਵਣਾ ਈਂ
ਛਾਂ ਬਦਲਾਂ ਦੀ ਉਮਰ ਬੰਦਿਆਂ ਦੀ ਅਜ਼ਰਾਈਲ ਨੇ ਪਾੜਨਾ ਸੀਵਣਾ ਈਂ
ਅੱਜ ਕੱਲ੍ਹ ਜਹਾਨ ਦਾ ਸਿਹਰ ਮੇਲਾ ਕਿਸੇ ਨਿੱਤ ਨਾ ਹੁਕਮ ਤੇ ਥੀਵਣਾ ਈਂ
ਭਾਵੇਂ ਤਖ਼ਤ ਬਹੇ ਭਾਵੇਂ ਜ਼ਿਮੀਂ ਸੋਏ ਆਖ਼ਰ ਖਾਕ ਦੇ ਵਿਚ ਰਲੀਵਣਾ ਈਂ
ਵਾਰਸਸ਼ਾਹ ਮੀਆਂ ਅੰਤ ਖ਼ਾਕ ਹੋਣਾ ਲੱਖ ਆਬਹਯਾਤ ਜੇ ਪੀਵਣਾ ਈਂ

ਕਲਾਮ ਨਾਥ

ਹੱਥ ਕੰਗਣਾ ਪੌਂਚੀਆਂ ਫੱਬ ਰਹੀਆਂ ਕੰਨੀ ਚਮਕਦੇ ਸੋਨੇ ਦੇ ਬੂੰਦੜੇ ਨੀ
ਮੱਝ ਪੱਟ ਦੀਆਂ ਲੁੰਙੀਆਂ ਖੇਸ ਉੱਤੇ ਸਿਰ ਭਿੰਨੇ ਫੁਲੇਲ ਦੇ ਜੁੰਢੜੇ ਨੀ
ਸਿਰ ਕੂਚ ਕੇ ਬਾਰੀਆਂ ਦਾਰ ਛੱਲੇ ਕੱਜਲ ਭਿੰਨੜੇ ਨੈਣ ਨਚੁੰਡੜੇ ਨੀ
ਖਾ ਪਹਿਣ ਫਿਰਨ ਸਿਰੋਂ ਮਾਪਿਆਂ ਦੇ ਤੁਸਾਂ ਜਿਹੇ ਫਕੀਰ ਕਿਉਂ ਹੁੰਦੜੇ ਨੀ
ਖੁਲ੍ਹੇ ਵਿੱਚ ਬਜ਼ਾਰ ਦੇ ਲਟਕਦੇ ਨੀ ਫੁਲਾਂ ਹਾਰ ਗਲਾਂ ਵਿੱਚ ਗੂੰਦੜੇ ਨੀ
ਵਾਰਸਸ਼ਾਹ ਤੁਸਾਂ ਜਿਹੇ ਛੈਲ ਬਾਂਕੇ ਵਿੱਚ ਮਜਲਸਾਂ ਸੋਂਹਦੇ ਮੁੰਡੜੇ ਨੀ

ਕਲਾਮ ਨਾਥ

ਖਾਬ ਰਾਤ ਦੀ ਜੱਗ ਦੀਆਂ ਸਭ ਗਲਾਂ ਧਨ ਮਾਲ ਨੂੰ ਮੂਲ ਨਾ ਝੂਰੀਏ ਜੀ
ਪੰਜ ਭੂਤ ਬੇਕਾਰ ਤੇ ਔਰ ਬਾਨੀ ਨਾਲ ਸਬਰ ਸੰਤੋਖ ਦੇ ਪੂਰੀਏ ਜੀ
ਖੁਲ੍ਹੇ ਫਤਹਿ ਦਾ ਬਾਬ ਗਿਆਨ ਅੰਦਰ ਨਾਲ ਦਾਨ ਤੇ ਧਿਆਨ ਸਬੂਰੀਏ ਜੀ
ਇਹ ਦੁੱਖ ਤੇ ਸੁੱਖ ਸਮਾਨ ਜਾਣੇ ਜਿਹੇ ਸ਼ਾਲ ਮਸ਼ਰੂ ਤੇਹੇ ਭੂਰੀਏ ਜੀ
ਭੋਗ ਆਤਮਾ ਦਾ ਰੱਸ ਕੱਸ ਤਿਆਗੋ ਐਵੇਂ ਗੁਰੂ ਨੂੰ ਕਾਹੇ ਵਡੂਰੀਏ ਜੀ
ਵਾਰਸਸ਼ਾਹ ਮੀਆਂ ਤਾਹੀਂ ਜੋਗ ਪਾਈਏ ਜਦੋਂ ਆਪਣੇ ਆਪ ਨੂੰ ਦੂਰੀਏ

ਕਲਾਮ ਬਾਲ ਨਾਥ

ਭੋਗ ਭੋਗਣਾ ਦੁੱਧ ਤੇ ਦਹੀਂ ਪੀਵਣ ਪਿੰਡਾ ਪਾਲਕੇ ਰਾਤ ਦਿਨ ਧੋਵਣਾ ਏਂ
ਖਰਾ ਕਠਨ ਹੈ ਫ਼ਕਰ ਦੀ ਵਾਟ ਝਾਗਣ ਮੂੰਹੋਂ ਆਖ ਕੇ ਕਾਹੇ ਵਗੋਵਨਾ ਏਂ
ਵਾਹੇਂ ਵੰਝਲੀ ਤ੍ਰੀਮਤਾਂ ਨਿੱਤ ਘੂਰੇਂ ਗਾਈਂ ਮਹੀਂ ਵਲਾਇਕੇ ਚੋਵਣਾ ਏਂ
ਸੱਚ ਆਖ ਜੱਟਾ ਕਹੀ ਬਣੀ ਤੈਨੂੰ ਸੁਆਦ ਛੱਡ ਕੇ ਖੇਹ ਕਿਉਂ ਹੋਵਣਾ ਏਂ