ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੧)

ਹੁਣ ਏਹੋ ਹੀ ਆਉਂਦਾ ਅਕਲ ਸਾਡੀ ਉਮਰ ਆਖਰੀ ਵਿੱਚ ਤੂੰ ਰੋਵਣਾ ਏਂ
ਵਾਰਸਸ਼ਾਹ ਤੈਨੂੰ ਨਿੱਤ ਕਹੇ ਜੱਟਾ ਇਹ ਫ਼ਕਰ ਵਿੱਚ ਔਖੜਾ ਹੋਵਣਾ ਏਂ

ਕਲਾਮ ਰਾਂਝਾ

ਇਬਰਾਹੀਮ ਅਧੱਮ ਛੱਡ ਰਾਜ ਦਿੱਤਾ ਬਾਤਾਂ ਹੱਕ ਦੀਆਂ ਚਾ ਵਸਾਰੀਆਂ ਨੇ
ਪਾਰਸ ਲੋਹੇ ਨੂੰ ਮਿਲੇ ਤੇ ਹੋਇ ਸੋਨਾ ਸੁਣ ਗਲਾਂ ਮੈਂ ਇਹ ਨਤਾਰੀਆਂ ਨੇ
ਨਾਥਾ ਛੱਡ ਦਿੱਤੇ ਰਾਜ ਰਾਜਿਆਂ ਨੇ ਫੌਜਾਂ ਫ਼ਕਰ ਨੇ ਜਦੋਂ ਉਤਾਰੀਆਂ ਨੇ
ਕਿਬਰ ਗੀਬਤਾਂ ਝੂਠ ਸੱਭ ਨੱਸ ਵੈਂਦੇ ਸਫਾ ਫ਼ਕਰ ਨੇ ਜਦੋਂ ਖਲਾਰੀਆਂ ਨੇ
ਜੋਗੀ ਛੱਡ ਜਹਾਨ ਫ਼ਕੀਰ ਹੋਏ ਏਸ ਜੱਗ ਵਿੱਚ ਬਹੁਤ ਖੁਆਰੀਆਂ ਨੇ
ਲੈਣ ਦੇਣ ਤੇ ਦਗ਼ਾ ਅਨਿਆਂ ਕਰਨਾ ਲੁੱਤ ਪੁੱਤ ਤੇ ਚੋਰੀਆਂ ਯਾਰੀਆਂ ਨੇ
ਉਹ ਪੁਰਖ ਨਿਰਬਾਨ ਪਦ ਜਾ ਪਹੁੰਚੇ ਪੰਜੇ ਇੰਦ੍ਰੀਆਂ ਜਿਨਾਂ ਨੇ ਨੇ
ਜੋਗ ਦੇ ਕੇ ਕਰੋ ਨਿਹਾਲ ਮੈਨੂੰ ਕਹੀਆਂ ਜੀਉ ਤੇ ਘੁੰਡੀਆਂ ਚਾੜ੍ਹੀਆਂ ਨੇ
ਏਸ ਜੱਟ ਗ਼ਰੀਬ ਨੂੰ ਤਿਵੇਂ ਤਾਰੋ ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ
ਵਾਰਸਸ਼ਾਹ ਮੀਆਂ ਰੱਬ ਸ਼ਰਮ ਰੱਖੋ ਜੰਗ ਵਿਚ ਮੁਸੀਬਤਾਂ ਭਾਰੀਆਂ ਨੇ

ਕਲਾਮ ਬਾਲ ਨਾਥ

ਮਹਾਂਦੇਓ ਥੀਂ ਜੋਗ ਦਾ ਪੰਥ ਬਣਿਆ ਖਰਾ ਕਠਨ ਹੈ ਜੋਗ ਮੁਹਿੰਮ ਮੀਆਂ
ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ ਜਿਹੀ ਘੋਟਕੇ ਪੀਵਣੀ ਨਿੰਮ ਮੀਆਂ
ਜਹਾਂ ਸੁੰਨ ਸਮਾਧ ਦੀ ਮੰਡਲੀ ਏ ਤਹਾਂ ਝੂਟਨਾ ਨਿੰਮ ਤੇ ਝਿੰਮ ਮੀਆਂ
ਉਹਾਂ ਭਸਮ ਲਗਾਇਕੇ ਭਸਮ ਹੋਯਾ-ਪੇਸ਼ ਜਾਏ ਨਾਹੀਂ ਖਬਰ ਧਿੰਮ ਮੀਆਂ
ਲਖਾਂ ਵਿੱਚ ਕੋਈ ਇੱਕ ਚਾਹੁੰਦਾ ਏ ਭਾਰੀ ਜੋਗ ਦਾ ਐਡ ਕਰੰਮ ਮੀਆਂ
ਵਾਰਸਸ਼ਾਹ ਐਥੇ ਪੁਰਖ ਸੈ ਬੈਠੇ ਸ਼ੌਕ ਨਾਲ ਰੋਂਦੇ ਤ੍ਰੰਮ ਤ੍ਰੰਮ ਮੀਆਂ ।

ਕਲਾਮ ਰਾਂਝਾ

ਤੁਸੀਂ ਜੋਗ ਦਾ ਹਰਫ਼ ਬਤਾਓ ਮੈਨੂੰ ਸ਼ੌਕ ਜਾਗਿਆ ਵਕਤ ਨਗੀਨਿਆਂ ਦੇ
ਏਸ ਜੋਗ ਦੇ ਪੰਥ ਵਿਚ ਆ ਵੜਿਆ ਛਪਣ ਐਬ ਸਵਾਬ ਕਮੀਨਿਆਂ ਦੇ
ਹਿਰਸ ਅੱਗ ਤੇ ਫ਼ਕਰ ਦਾ ਪਵੇ ਪਾਣੀ ਜੋਗ ਠੰਢ ਘੱਤੇ ਵਿੱਚ ਸੀਨਿਆਂ ਦੇ
ਇਕ ਫਕਰ ਈ ਰਬ ਦੇ ਰਹਿਣ ਸਾਬਤ ਹੋਰ ਥਿੜਕਦੇ ਅਹਿਲ ਖਜੀਨਿਆਂ ਦੇ
ਸੌਦੇ ਫ਼ਕਰ ਦੇ ਘਰਾਂ ਵਿਚ ਭਾਓ ਕੱਢਨ ਅਖੀਂ ਵਾਲਿਆਂ ਅਤੇ ਨਬੀਨਿਆਂ ਦੇ
ਕਰੋ ਨਜ਼ਰ ਮੈਂ ਜੱਟ ਗਰੀਬ ਉੱਤੇ ਜਿਵੇਂ ਚਮਕ ਬਲਗਾਰ ਚਰਮੀਨਿਆਂ ਨੇ
ਤੇਰੇ ਦੁਆਰ ਤੇ ਆਣ ਮੁਥਾਜ ਹੋਏ ਨੌਕਰ ਅਸੀਂ ਹਾਂ ਬਾਝ ਮਹੀਨਿਆਂ ਦੇ
ਤੇਰਾ ਹੋ ਫਕੀਰ ਮੈਂ ਨਗਰ ਮੰਗਾਂ ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ