ਪੰਨਾ:ਹੀਰ ਵਾਰਸਸ਼ਾਹ.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੫)

ਬੱਧੀ ਆਸ ਮੈਂ ਜੋਗ ਦੇ ਸਿੱਖਣੇ ਦੀ ਜਦੋਂ ਟੁਰਿਆ ਸਾਂ ਹੋ ਉਦਾਸ ਭਾਈ
ਤੁਸਾਂ ਨਾਲ ਮੇਰਾ ਕੋਈ ਜ਼ੋਰ ਨਾਹੀਂ ਮੈਨੂੰ ਚੁੱਕਿਆ ਐਡ ਵਿਸ਼ਵਾਸ ਭਾਈ
ਵੈਰ ਸਾਧ ਦੇ ਨਾਲ ਜੋ ਸਾਧ ਕਰਦਾ ਐਵੇਂ ਉਮਰ ਅਕਾਰਥਾ ਜਾਸ ਭਾਈ
ਅਰਸ਼ ਰੱਬ ਦਾ ਹੋਯਾ ਦਿਲ ਆਸ਼ਕਾਂ ਦਾ ਜਿਹੜਾ ਰੰਜ ਕਰੇ ਹੁੰਦਾ ਨਾਸ ਭਾਈ
ਫ਼ਕਰ ਸੋਈ ਜੋ ਦੂਈ ਨੂੰ ਦੂਰ ਕਰਦੇ ਵਾਰਸਸ਼ਾਹ ਤੋਂ ਪੁੱਛ ਲੈ ਖ਼ਾਸ ਭਾਈ

ਕਲਾਮ ਚੇਲਿਆਂ ਦੀ ਰਾਂਝੇ ਨਾਲ

ਚੇਲੇ ਆਖਦੇ ਮੁੰਡਿਆ ਸੁਣੀ ਸਾਥੋਂ ਅਸੀਂ ਸੱਚ ਦੀ ਬਾਤ ਸੁਣਾਉਣੇ ਹਾਂ
ਬਾਰਾਂ ਬਰਸ ਹੋਏ ਸਾਨੂੰ ਟਹਿਲ ਕਰਦੇ ਮੰਗ ਪਿੰਨਕੇ ਨਿੱਤ ਖੁਆਉਣੇ ਹਾਂ
ਜੋਗ ਅਸਾਂ ਨੂੰ ਮਿਹਰ ਕਰ ਨਹੀਂ ਦੇਂਦਾ ਪਏ ਰਾਤ ਦਿਨ ਰੱਬ ਧਿਆਉਣੇ ਹਾਂ
ਕਦੀ ਅੱਗ ਹੁੰਦਾ ਕਦੀ ਵਾਂਗ ਪਾਣੀ ਕੋਈ ਏਸ ਦਾ ਅੰਤ ਨਾ ਪਾਉਣੇ ਹਾਂ
ਲਈਏ ਨਿੱਤ ਚਰਨਾਮਤਾਂ ਪੈਰ ਧੋਕੇ ਆਸਨ ਟਹਿਲ ਦਾ ਨਿੱਤ ਵਿਛਾਉਣੇ ਹਾਂ
ਮਾਤਾ-ਰੰਗ ਤੋਂ ਜਲ ਨਿਤ ਲਿਆਇਕੇ ਤੇ ਪ੍ਰਭਾਤ ਇਸ਼ਨਾਨ ਕਰਾਉਣੇ ਹਾਂ
ਕੁਰਸੀ ਬੈਠਿਆਂ ਨੂੰ ਮਥਾ ਟੇਕਕੇ ਤੇ ਨਾਲ ਸਿਦਕ ਦੇ ਪੈਰ ਧੁਆਉਣੇ ਹਾਂ
ਵਾਰਸ ਕਰਮ ਜਿਹੜੇ ਸੋਈ ਪੈਣ ਝੋਲੀ ਏਵੇਂ ਰਾਇਗਾਂ ਉਮਰ ਗਵਾਉਣੇ ਹਾਂ

ਕਲਾਮ ਰਾਂਝਾ ਚੇਲਿਆਂ ਅਤੇ ਨਾਥ ਨਾਲ

ਰੀਬਤ ਕਰਨ ਬੇਗਾਨੜੀ ਅੱਤ ਔਗਨ ਸੱਤੇ ਆਦਮੀ ਇਹ ਗੁਨਾਹਗਾਰ ਹੁੰਦੇ
ਚੋਰ ਕਿਰਤਘਨ ਚੁਰਾਲ ਤੇ ਝੂਠ ਬੋਲੇ ਲੂਤੀ ਲਾਂਵਦੇ ਸੱਤ ਇਹ ਯਾਰ ਹੁੰਦੇ
ਸਾਧੋ ਇਸ ਜ਼ਮਾਨੇ ਦੀ ਚਾਲ ਇਹਾ ਕਈ ਪੈਦਲ ਕਈ ਅਸਵਾਰ ਹੁੰਦੇ
ਰੱਬ ਬਹੁਤਿਆਂ ਥੀਂ ਚਾ ਕਰੇ ਥੋੜੇ ਉਹ ਚਾਹੇ ਤਾਂ ਇਕ ਥੀਂ ਚਾਰ ਹੁੰਦੇ
ਇੱਕ ਬਾਝ ਉਮੈਦ ਥੀਂ ਪਾਰ ਲੰਘਣ ਇੱਕ ਨਾਲ ਉਮੈਦ ਥੀਂ ਖਵਾਰ ਹੁੰਦੇ
ਇਹੋ ਜਿਹੇ ਮੁਆਮਲੇ ਕਈ ਸਾਧੂ ਅਸਾਂ ਡਿਠੇ ਨੀ ਵਿੱਚ ਸੰਸਾਰ ਹੁੰਦੇ
ਅਸਾਂ ਜੋਗ ਨੂੰ ਨਹੀਂ ਗਲ ਪਹਿਨ ਬਹਿਣਾ ਤੁਸੀਂ ਕਾਸਨੂੰ ਐਡੇ ਬੇਜ਼ਾਰ ਹੁੰਦੇ
ਵਾਰਸ ਜਿਨਾਂ ਉਮੈਦ ਨਾ ਤਾਂਘ ਕਾਈ ਕੰਮ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ

ਗੁਰੂ ਉਤੇ ਚੇਲਿਆਂ ਦਾ ਗੁਸਾ

ਰੱਲ ਚੇਲਿਆਂ ਨੇ ਚਾ ਇਹ ਮਤਾ ਕੀਤਾ ਬਾਲ ਨਾਥ ਨੂੰ ਪਕੜ ਪਥੱਲਿਆ ਨੇ
ਛੱਡ ਦੁਆਰ ਉਖਾੜ ਭੰਡਾਰ ਚਲੇ ਜਾਂ ਰਾਹ ਤੇ ਵਾਟ ਸਭ ਮੱਲਿਆ ਨੇ
ਟੋਕਾਂ ਬੋਲੀਆਂ ਨਾਲ ਬੇਸ਼ਰਮ ਹੋਕੇ ਬਾਲ ਨਾਥ ਦੇ ਜਿਗਰ ਨੂੰ ਸੱਲਿਆ ਨੇ
ਗੁਸੇ ਨਾਲ ਪੁਕਾਰ ਪੁਕਾਰ ਕਰਦੇ ਗੁਰੂ ਬੋਲੀਆਂ ਨਾਲ ਪਥੱਲਿਆ ਨੇ
ਸੇਲ੍ਹੀਆਂ ਟੋਪੀਆਂ ਮੁੰਦਰਾਂ ਛੱਡ ਚੱਲੇ ਗੁੱਸੇ ਜੀਉ ਦੇ ਨਾਲ ਉਥੱਲਿਆ ਨੇ