ਪੰਨਾ:ਹੀਰ ਵਾਰਸਸ਼ਾਹ.pdf/146

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੬)

ਵਾਰਸਸ਼ਾਹ ਬਖੀਲ ਨਾ ਹੋਵੇ ਮੇਰਾ ਚਾਰੇ ਰਾਹ ਨਸੀਬ ਦੇ ਮੁੱਲਿਆ ਨੇ

ਕਲਾਮ ਰਾਂਝਾ

ਸੁੰਞਾ ਲੋਕ ਨਸੀਬ ਹੈ ਬਾਬ ਮੈਂਡੇ ਮੇਰਾ ਰੱਬ ਬਖੀਲ ਨਾ ਲੋੜੀਏ ਜੀ
ਕੀਜੇ ਗ਼ੌਰ ਤੇ ਕੰਮ ਬਣਾ ਦੀਜੇ ਮਿਲੇ ਦਿਲਾਂ ਨੂੰ ਨਾਂਹ ਵਿਛੋੜੀਏ ਜੀ
ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ ਨਾਲ ਆਜਜ਼ਾਂ ਕਰੋ ਨਾ ਜੋਰੀਏ ਜੀ
ਜੋ ਕੋਈ ਕੰਮ ਗਰੀਬ ਦਾ ਕਰੇ ਜ਼ਾਇਆ ਸਗੋਂ ਓਸਨੂੰ ਹਟਕੀਏ ਹੋੜੀਏ ਜੀ
ਬੇੜਾ ਲੱਦਿਆ ਹੋਇਆ ਮੁਸਾਫਰਾਂ ਦਾ ਪਾਰ ਲਾਈਏ ਵਿੱਚ ਨਾ ਬੋੜੀਏ ਜੀ
ਭਲਾ ਕਰਦਿਆਂ ਢਿੱਲ ਨਾ ਮੂਲ ਕਰੀਏ ਕਿੱਸਾ ਦੂਰ ਦਰਾਜ ਨਾ ਟੋਰੀਏ ਜੀ
ਜ਼ਿਮੀ ਨਾਲ ਨਾ ਮਾਰੀਏ ਮੂਲ ਓਹਨਾਂ ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜੀਏ ਜੀ
ਮਾਈ ਬਾਪ ਜਿਸਦਾ ਕੋਈ ਨਾ ਹੋਵੇ ਮਿਹਰ ਓਸ ਤੋਂ ਨਾਂਹ ਵਿਛੋੜੀਏ ਜੀ
ਜਿਹੜਾ ਆਸ ਕਰਕੇ ਡਿੱਗੇ ਆਣ ਦੁਆਰੇ ਜੀਉ ਓਸਦਾ ਚਾ ਨਾ ਤੋੜੀਏ ਜੀ
ਵਾਰਸਸ਼ਾਹ ਯਤੀਮ ਦੀ ਗ਼ੌਰ ਕਰੀਏ ਹੱਥ ਆਜਜ਼ੀ ਦੇ ਨਾਲ ਜੋੜੀਏ ਜੀ

ਕਲਾਮ ਬਾਲ ਨਾਥ ਚੇਲਿਆਂ ਨਾਲ

ਧੁਰੋਂ ਹੁੰਦੜੇ ਚਾਉਸਾਂ ਵੈਰ ਆਏ ਬੁਰੀਆਂ ਚੁਗਲੀਆਂ ਅਤੇ ਬਖੀਲੀਆਂ ਓਏ
ਮੈਨੂੰ ਤਰਸ ਆਯਾ ਵੇਖ ਜ਼ੁਹਦ ਇਹਦਾ ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਓਏ
ਪਾਣੀ ਦੁੱਧ ਵਿੱਚੋਂ ਕੱਢ ਲੈਣ ਚਾਤਰ ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਓਏ
ਗੁਰੂ ਆਖਿਆ ਮੁੰਦਰਾਂ ਝੱਬ ਲਿਆਓ ਛੱਡ ਦਿਹੋ ਗਲਾਂ ਅੱਠ ਖੀਲੀਆਂ ਓਏ
ਨਹੀਂ ਡਰਨ ਹੁਣ ਮਰਨ ਥੀਂ ਭੌਰ ਆਸ਼ਕ ਜਿਨ੍ਹਾਂ ਸੂਲੀਆਂ ਸਿਰਾਂ ਤੇ ਝੀਲੀਆਂ ਓਏ
ਵਾਰਸਸ਼ਾਹ ਫਿਰ ਨਾਥ ਨੇ ਹੁਕਮ ਕੀਤਾ ਕੱਢ ਅਖੀਆਂ ਨੀਲੀਆਂ ਪੀਲੀਆਂ ਓਏ

ਚੇਲਿਆਂ ਨੇ ਗੁਰੂ ਦਾ ਹੁਕਮ ਮੰਨ ਲੀਤਾ

ਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ ਜਾ ਸੁਰਗ ਦੀਆਂ ਸਿਰੀਆਂ ਮੇਲੀਆਂ ਨੇ
ਸੱਭ ਤਿੰਨ ਸੌ ਸੱਠ ਜਾਂ ਭਵੇਂ ਤੀਰਥ ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ
ਨੌ ਨਾਥ ਬਵੰਜੜਾ ਬੀਰ ਆਏ ਚੌਸਠ ਜੋਗਣੀ ਨਾਲ ਰਸੀਲੀਆਂ ਨੇ
ਛੇ ਜਤੀ ਤੇ ਦਸੇ ਅਵਤਾਰ ਆਏ ਵਿੱਚ ਆਬਹਯਾਤ ਦੇ ਝੀਲੀਆਂ ਨੇ
ਇੱਕ ਦੂਏ ਦੇ ਨਾਲ ਨਾ ਬਾਤ ਕਰਦਾ ਬਾਤਾਂ ਫੋਲੀਆਂ ਸਭ ਸਹੇਲੀਆਂ ਨੇ
ਵਾਰਸਸ਼ਾਹ ਨਾ ਤਾਕਤ ਬੋਲਣੇ ਦੀ ਜਿਥੇ ਕੁਦਰਤਾਂ ਰੱਬ ਦੀਆਂ ਫਲੀਆਂ ਨੇ

ਰਾਂਝੇ ਦਾ ਜੋਗੀ ਹੋਣਾ

ਦਿਨੇ ਚਾ ਬਣਾ ਸੁਕਾ ਮੁੰਦਰਾਂ ਬਾਲ ਨਾਥ ਦੀ ਨਜ਼ਰ ਗੁਜ਼ਾਰੀਆ ਨੇ
ਗੁਸੇ ਨਾਲ ਵਿਗਾੜ ਕੇ ਗਲ ਸਾਰੀ ਡਰਦੇ ਗੁਰੂ ਤੋਂ ਚਾ ਸਵਾਰੀਆਂ ਨੇ