ਪੰਨਾ:ਹੀਰ ਵਾਰਸਸ਼ਾਹ.pdf/149

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੭)

ਜਿਹੜੇ ਗੁਸੇ ਤੇ ਚਾਉੜਾਂ ਚੁਗਲੀਆਂ ਸਨ ਸਭੋ ਜੀਉ ਤੋਂ ਚਾ ਉਤਾਰੀਆ ਨੇ
ਉਨੂੰ ਹੋਯਾ ਜੇ ਨਾਥ ਥੀਂ ਜੋਗ ਬਖਸ਼ਸ਼ ਆਪਸ ਵਿੱਚ ਇਹ ਬਾਤਾਂ ਵਚਾਰੀਆ ਨੇ
ਬਹੁਤ ਗਜ਼ਬ ਕ੍ਰੋਧ ਦੀ ਬਾਤ ਆਹੀ ਸਭ ਜੀਉ ਅੰਦਰ ਚਾਇ ਮਾਰੀਆ ਨੇ
ਜ਼ੋਰਾਵਰਾਂ ਦੀ ਗੱਲ ਹੈ ਬਹੁਤ ਔਖੀ ਜਾਣ ਬੁੱਝ ਕੇ ਬਦੀ ਵਿਸਾਰੀਆ ਨੇ
ਗੁਰੁ ਕਿਹਾ ਸੋ ਉਨ੍ਹਾਂ ਪਰਵਾਨ ਕੀਤਾ ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰੀਆਂ ਨੇ
ਘੁੱਟ ਵੱਟ ਤੇ ਸੁੰਮ ਬਸੁੰਮ ਹੋਈ ਕਾਈ ਗੱਲ ਨਾ ਮੋੜ ਕੇ ਸਾਰੀਆ ਨੇ
ਗਹਿਣਾ ਕੱਪੜਾ ਕੁੱਲ ਤਰਾਜ ਕੀਤਾ ਹੁਸਨ ਬਾਵਲੀ ਚਾ ਉਜਾੜੀਆ ਨੇ
ਲਿਆ ਉਸਤਰਾ ਗੁਰੂ ਦੇ ਹੱਥ ਦਿਤਾ ਜੋਗੀ ਕਰਨ ਦੀ ਨੀਤ ਚਾ ਧਾਰੀਆ ਨੇ
ਲੀੜੇ ਲਾਹ ਕੇ ਗੁਰੂ ਪਿਆਰ ਦਿੱਤਾ ਅੰਗ ਲਾ ਭਬੂਤ ਸਵਾਰੀਆ ਨੇ
ਵਾਰਸਸ਼ਾਹ ਹੁਣ ਹੁਕਮ ਦੀ ਪਈ ਪੁੱਠੀ ਲੱਖ ਵੈਰੀਆਂ ਠੱਗ ਕੇ ਮਾਰੀਆ ਨੇ

ਰਾਂਝੇ ਨੂੰ ਜੋਗ ਮਿਲਣਾ

ਬਾਲ ਨਾਥ ਦੇ ਸਾਹਮਣੇ ਸੱਦ ਧੀਦੋ ਜੋਗ ਦੇਣ ਨੂੰ ਪਾਸ ਬਹਾਲਿਆ ਸੂ
ਰੋਡ ਭੋਡ ਹੋਯਾ ਮਲੀ ਸਵਾਹ ਮੂੰਹ ਤੇ ਸਭ ਕੋੜਮੇ ਦਾ ਨਾਮ ਗਾਲਿਆ ਸੂ
ਕੰਨ ਪਾੜ ਕੇ ਝਾੜ ਕੇ ਹਿਰਸ ਹਸਰਤ ਇੱਕ ਪਲਕ ਵਿੱਚ ਮੰਨ ਵਖਾਲਿਆ ਸੂ
ਜਿਹੇ ਪੁਤਰਾਂ ਤੇ ਬਾਪ ਮਿਹਰ ਕਰਦੇ ਜਾਪੇ ਦੁੱਧ ਪਿਵਾਇਕੇ ਪਾਲਿਆ ਸੂ
ਮੰਤਰ ਪੜ੍ਹਕੇ ਆਪਣੇ ਗੁਰੂ ਵਾਲਾ ਫੇਰ ਰੱਬ ਦਾ ਨਾਮ ਸੰਭਾਲਿਆ ਸੂ
ਲੈਕੇ ਉਸਤਰਾ ਦਰਦ ਫ਼ਿਰਾਕ ਵਾਲਾ ਸਿਰ ਪਲਕ ਵਿੱਚ ਰੋਡ ਕੁਰਾਲਿਆ ਸੂ
ਸਵਾਹ ਅੰਗ ਰਮਾ ਸਿਰ ਮੁੰਨ ਦਾਹੜੀ ਪਾ ਮੁੰਦਰਾਂ ਚਾ ਨ੍ਹਵਾਲਿਆ ਸੂ
ਖਬਰਾਂ ਕੁਲ ਜਹਾਨ ਵਿਚ ਖਿੰਡ ਗਈਆਂ ਰਾਂਝਾ ਜੋਗੜਾ ਸਾਜ ਵਖਾਲਿਆ ਸੂ
ਗੁਰੁ ਚੇਲੜੇ ਦਾ ਬਦਨ ਇਕ ਹੋਯਾ ਪਰਦਾ ਪਾਇਕੇ ਵੇਸ ਨੂੰ ਟਾਲਿਆ ਸੂ
ਉਹੋ ਰਾਂਝਣਾ ਤੇ ਓਹੋ ਚਾਕ ਜੋਗੀ ਖੇੜੇ ਛਲਣ ਨੂੰ ਸਾਂਗ ਬਣਾ ਲਿਆ ਸੂ
ਹੱਥ ਖੱਪਰੀ ਸਿਮਰਨਾ ਨਾਦ ਸਿੰਙੀ ਇਲਮ ਅਲਖ ਦਾ ਚਾ ਸਖਾਲਿਆ ਸੂ
ਵਾਰਮਸ਼ਾਹ ਮੀਆਂ ਸੁਨਿਆਰ ਵਾਂਗੂੰ ਜੱਟ ਫੇਰ ਮੁੜ ਭੰਨ ਕੇ ਗਾਲਿਆ ਸੂ

ਬਾਲ ਨਾਬ ਨੇ ਨਸੀਹਤ ਕਰਨੀ

ਦੇਵੇ ਸਿੱਖਿਆ ਰੱਬ ਦੀ ਯਾਦ ਵਾਲੀ ਰਾਹ ਦੱਸਿਆ ਗੁਰੂ ਦੇ ਜਾਈਏ ਜੀ
ਸੱਭ ਤਿਆਗ ਕੇ ਫ਼ਿਕਰ ਅੰਦੇਸੜੇ ਨੂੰ ਰਾਹ ਗੁਰਾਂ ਦਾ ਗੁਰਾਂ ਤੋਂ ਪਾਈਏ ਜੀ
ਸਾਡਾ ਆਤਮਾ ਜਾਏ ਪਰ-ਇਸਤ੍ਰੀ ਤੋਂ ਇਸ ਤੌਰ ਤੇ ਜੋਗ ਕਮਾਈਏ ਜੀ
ਲੱਖ ਪਦਮਣੀ ਚਿਤ੍ਰਨੀ ਨਜ਼ਰ ਆਵੇ ਓਥੇ ਜੀਉ ਨੂੰ ਨਾ ਡੁਲਾਈਏ ਜੀ
ਅੰਤ ਦੀਦ ਨਾ ਰੱਬ ਦੀ ਯਾਦ ਦੱਸੇ ਗੁਰੁ ਜੋਗ ਦੇ ਪੰਥ ਨੂੰ ਪਾਈਏ ਜੀ