ਪੰਨਾ:ਹੀਰ ਵਾਰਸਸ਼ਾਹ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਬਦਰ ਚਾਚ ਕਰੀਮਾਂ ਤੇ ਪੰਧ ਨਾਮਾ ਆਮਦ ਨਾਮਿਆਂ ਤੇ ਅੱਲਾਬਾਰੀਆ ਨੇ
ਦੂਰਮਜਾਲਸ ਪੜ੍ਹਦੇ ਨਾਲੇ ਜੰਗਨਾਮਾ ਨਾਹਲਵਾ ਤੇ ਸ਼ੇਖ ਅਤਾਰੀਆ ਨੇ
ਨਿਜ਼ਾਤੁਲਮੋਮਨੀ ਤੇ ਰੋਸ਼ਨ ਦਿੱਲ ਪੜ੍ਹਦੇ ਚਾਰ ਚਮਨ ਭੀ ਖੂਬ ਪੁਕਾਰੀਆ ਨੇ
ਤਿੱਬ ਅਕਬਰ ਤੇ ਯੂਸਫੀ ਪੜ੍ਹਨ ਲੜਕੇ ਕਿੱਸਾ ਯੂਸਫ ਦਾ ਕੱਢ ਹੰਕਾਰੀਆ ਨੇ
ਜ਼ੁਲੈਖਾਂ ਨਾਲ ਬੁਲੰਦ ਅਵਾਜ਼ ਪੜ੍ਹਦੇ ਨਾਲ ਦਾਮਨ ਤੇ ਆਜ਼ਮ ਬਾਰੀਆਂ ਨੇ
ਹਦਾਯਾਕਲੀ ਕੁਰਾਬਾਂਦੀਨ ਪੜ੍ਹਦੇ ਨਾਫ਼ਾ ਇਨਸਾਨ ਨਾ ਮਨੋਂ ਵਸਾਰੀਆ ਨੇ
ਤਾਵੀਜ਼ਾਤ ਭੀ ਨਾਲ ਸੀ ਫ਼ਾਲਨਾਮਾ ਤੇ ਨਗਾਰ ਦਾਨਸ਼ ਲਿਖ ਉਤਾਰੀਆ ਨੇ
ਸਕੰਦਰ ਨਾਮਾ ਤੇ ਨਾਲ ਅਨਵਾਰ ਸਹੇਲੀ ਖਾਤਮਨਾਮਾ ਤੇ ਸਾਦਕ ਬਾਰੀਆ ਨੇ
ਆਈਨਿ ਅਕਬਰ ਤੇ ਹੋਰ ਨਗਾਰ ਨਾਮਾ ਵਾਰਸਸ਼ਾਹ ਮੁਤਫੱਰਕਾ ਸਾਰੀਆ ਨੇ

ਮਕਤਬ ਦੇ ਮੁੰਡਿਆਂ ਦੀਆਂ ਚੀਜ਼ਾਂ

ਕਲਮਦਾਨ ਦਫਤੀਨ ਦਵਾਤ ਪੱਟੀ ਨਾਵੇਂ ਆਮਲੀ ਵੇਖਦੇ ਲੜਕਿਆਂ ਦੇ
ਲਿਖਣ ਨਾਲ ਮਸੌਦੇ ਸੱਯਾਕ ਖ਼ਿਸਰੀ ਹਰਫ ਹੋਰ ਭੀ ਲਿਖਦੇ ਵਰਕਿਆਂ ਦੇ
ਇੱਕ ਭੁਲਕੇ ਐਨ ਦਾ ਗੇਨ ਵਾਚਣ ਮੁੱਲਾਂ ਜਿੰਦ ਕੱਢੇ ਨਾਲ ਘੁਰਕਿਆਂ ਦੇ
ਇੱਕ ਆਂਵਦੇ ਸ਼ੌਕ ਜੁਜ਼ਦਾਨ ਲੈਕੇ ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ
ਇੱਕ ਨਾਲ ਪ੍ਰਭਾਤ ਦੇ ਨੱਸ ਜਾਂਦੇ ਮਾਰੇ ਖ਼ੌਫ ਦਰੇਡਿਆਂ ਦੜਕਿਆਂ ਦੇ
ਵਾਰਸਸ਼ਾਹ ਧੰਨ ਭਾਗ ਸੁਹਾਗ ਤਿੰਨਾਂ ਝੱਲੇ ਦੁਖ ਉਸਤਾਦ ਦਿਆਂ ਗੜ੍ਹਕਿਆਂ ਦੇ

ਮੁੱਲਾਂ ਨੇ ਰਾਂਝੇ ਨੂੰ ਆਖਿਆ

ਮੁੱਲਾਂ ਆਖਦਾ ਚੂੰਡੀਆਂ ਵੇਖਦਿਆਂਈ ਗੈਰ ਸ਼ਰਹਾ ਤੂੰ ਕੌਨ ਹੈਂ ਦੁਰ ਹੋ ਓਇ
ਐਥੋਂ ਲੁੱਚਿਆਂ ਦੀ ਕੋਈ ਥਾਂ ਨਹੀਂ ਪਟੇ ਦੂਰ ਕਰ ਹੱਕ ਮਜ਼ੂਰ ਹੋ ਓਇ
ਕੋਈ ਬੱਦਤੀ ਤੂੰ ਨਜ਼ਰ ਆਉਣਾ ਏਂ ਇਸੇ ਵਕਤ ਹੀ ਦੂਰ ਜ਼ਰੂਰ ਹੋ ਓਇ
ਖ਼ਰਾਬਾਤੀਆਂ ਦੀ ਨਹੀਂ ਜਗ੍ਹਾ ਏਥੇ ਯਾਦ ਰੱਬ ਦੀ ਨਿੱਤ ਮਜ਼ਕੂਰ ਹੋ ਓਇ
ਅਨਅਲਹੱਕ ਕਹਾਵਣਾ ਕਿਬਰ ਕਰਕੇ ਓੜਕ ਮਰੇਂਗਾ ਵਾਂਗ ਮਨਸੂਰ ਹੋ ਓਇ
ਵਾਰਸਸ਼ਾਹ ਨਾ ਹਿੰਗ ਦੀ ਬਾਸ ਛਿਪੇ ਭਾਵੇਂ ਰੱਖੀਏ ਵਿਚ ਕਾਫੂਰ ਹੋ ਓਇ

ਜਵਾਬ ਰਾਂਝਾ

ਦਾਹੜੀ ਸ਼ੇਖ ਦੀ ਅਮਲ ਸ਼ੈਤਾਨ ਵਾਲੇ ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ
ਅੱਗੇ ਕੱਢ ਕੁਰਾਨ ਤੇ ਬਹੇ ਮਿੰਬਰ ਕਿਹਾ ਅੱਡਿਓ ਮਕਰ ਦੀਆਂ ਫਾਹੀਆਂ ਨੂੰ
ਇਸ ਪਲੀਤ ਤੇ ਪਾਕ ਦਾ ਕਰੋ ਵਾਕਫ਼ ਅਸੀਂ ਜਾਣਦੇ ਸਰਹ ਗਵਾਹੀਆਂ ਨੂੰ
ਜੇੜ੍ਹੀ ਥਾਉਂ ਨਾਪਾਕ ਦੇ ਵਿੱਚ ਵੜਿਓਂ ਸ਼ੁਕਰ ਰਬਦੀਆਂ ਬੇਪ੍ਰਵਾਹੀਆਂ ਨੂੰ