(੧੪੧)
ਐਵੇਂ ਕੰਨ ਪੜਾਇਕੇ ਖੁਆਰ ਹੋਏ ਸਾਰੀ ਉਮਰ ਦੇ ਦੁੱਖ ਦੁਖੋਵਣੇ ਨੇ
ਰੰਨਾਂ ਨਾਲੋਂ ਜੋ ਵਰਜਦੇ ਚੇਲਿਆਂ ਨੂੰ ਇਹ ਗੁਰੂ ਨਾ ਬੰਨ੍ਹਕੇ ਚੋਵਣੇ ਨੇ
ਸਾਥੋਂ ਅੱਗੇ ਨਾਦ ਨਾ ਜਾਇ ਸਾਂਭੇ ਅਸਾਂ ਅੰਤ ਨੂੰ ਢੱਗੜੇ ਜੋਵਣੇ ਨੇ
ਰੰਨਾਂ ਦੇਣ ਗਾਲ੍ਹੀਂ ਅਸੀਂ ਚੁੱਪ ਕਰੀਏ ਐਡੇ ਸਬਰ ਦੇ ਪੈਰ ਕਿਸ ਧੋਵਣੇ ਨੇ
ਰੰਨਾਂ ਉੱਠ ਕਮੀਨੀਆਂ ਪੁਣਨ ਦਾਦੇ ਸੁਣਕੇ ਸੁਖ਼ਨ ਕਰ ਚੁੱਪ ਖਲੋਵਣੇ ਨੇ
ਪੰਡਾਂ ਐਡੀਆਂ ਕਿਸੇ ਨਾ ਚਾਈਆਂ ਨੇ ਭਾਰ ਬੰਨ੍ਹਣ ਵਾਲੇ ਪਹਿਲਾਂ ਜੋਵਣੇ ਨੇ
ਹੱਥ ਘੱਤਨਾ ਗਠੜੀਆਂ ਭਾਰੀਆਂ ਨੂੰ ਪਿਛੋਂ ਨਿਉਂ ਕੇ ਲੱਕ ਨਾ ਟੋਹਵਣੇ ਨੇ
ਅਸੀਂ ਝਗੜਿਆਂ ਨੂੰ ਗਲੋਂ ਲਾਹ ਬੈਠੇ ਝੇੜੇ ਲੰਬੜੇ ਮੂਲ ਨਾ ਛੋਹਵਣੇ ਨੇ
ਗਲਾ ਘੱਤ ਖਰਾਸ ਵਿਚ ਦਰੜ ਕਰਨਾ ਪੀਣ੍ਹ ਚਕੀਆਂ ਦੇ ਨਹੀਂ ਛੋਵ੍ਹਣੇ ਨੇ
ਖੱਚਾਂ ਰੰਨਾਂ ਲੜਾਕੀਆਂ ਕਰਨ ਝੇੜਾਂ ਗੁੱਤਾਂ ਪੁੱਟ ਕੇ ਝਾਟੜੇ ਖੋਹਵਣੇ ਨੇ
ਹੱਸ ਖੇਡਣਾ ਤੁਸੀਂ ਚਾ ਮਨ੍ਹੇ ਕੀਤਾ ਅਸਾਂ ਧੂੰਏਂ ਦੇ ਗੋਹੇ ਨਾ ਢੋਵਣੇ ਨੇ
ਵਾਰਸਸ਼ਾਹ ਕਹੇ ਅੰਤ ਆਖਰਤ ਨੂੰ ਕੱਟੇ ਜੋਵਣੇ ਨੇ ਮੱਟੇ ਧੋਵਣੇ ਨੇ
ਕਲਾਮ ਨਾਲ ਨਾਥ
ਛੱਡ ਚੋਰੀਆਂ ਯਾਰੀਆਂ ਦਗ਼ਾ ਜੱਟਾ ਬਹੁਤ ਔਖੀਆਂ ਇਹ ਫ਼ਕੀਰੀਆਂ ਨੇ
ਜੰਗ ਜਾਲਨਾ ਸਾਰ ਦਾ ਤੱਕਲਾ ਏ ਏਸ ਜੋਗ ਵਿੱਚ ਬਹੁਤ ਜ਼ਹੀਰੀਆਂ ਨੇ
ਜੋਗੀ ਨਾਲ ਨਸੀਹਤਾਂ ਹੋ ਜਾਂਦੇ ਜਿਵੇਂ ਉਠ ਦੇ ਨੱਕ ਨਕੀਰੀਆਂ ਨੇ
ਤੂੰਬਾ ਖੱਪਰੀ ਸਿਮਰਨਾ ਨਾਦ ਸਿੰਞੀ ਚਿਮਟਾ ਭੰਗ ਨਰੇਲ ਜੰਜ਼ੀਰੀਆਂ ਨੇ
ਛੱਡ ਤ੍ਰੀਮਤਾਂ ਦੀ ਝਾਕ ਹੋ ਜੋਗੀ ਫ਼ਕਰ ਨਾਲ ਜਹਾਨ ਕੀ ਸੀਰੀਆਂ ਨੇ
ਵਾਰਸਸ਼ਾਹ ਇਹ ਜੱਟ ਫ਼ਕੀਰ ਹੋਯਾ ਨਹੀਂ ਹੋਂਦੀਆਂ ਗੱਧੇ ਤੋਂ ਪੀਰੀਆਂ ਨੇ
ਕਲਾਮ ਰਾਂਝਾ
ਅਗੇ ਨਾਥ ਦੇ ਖੁਲ੍ਹਕੇ ਅਰਜ਼ ਕਰਦਾ ਸੂਰਤ ਯਾਰ ਦੀ ਨੂੰ ਅਸੀਂ ਢੂੰਡਨਾ ਏਂ
ਹੀਰ ਹੱਕ ਹਲਾਲ ਬੇਸ਼ੱਕ ਮੈਨੂੰ ਹੋਰ ਗ਼ੈਰ ਨੂੰ ਨਹੀਂ ਖਰੂੰਡਨਾ ਏਂ
ਨਾਗ ਇਸ਼ਕ ਦਾ ਬੈਠਾ ਏ ਵਿੱਚ ਸੀਨੇ ਕੁੰਡਲ ਮਾਰ ਜਿਸ ਖੁਨ ਨੂੰ ਖੂੰਡਨਾ ਏਂ
ਵਾਰਸਸ਼ਾਹ ਵਾਂਗਰ ਹੀਰ ਮਿਲਣ ਬਾਝੋਂ ਹੱਡ ਮਾਸ ਸਾਡਾ ਹਿਜਰ ਚੂੰਡਨਾ ਏਂ
ਹੋਰ
ਸਾਨੂੰ ਜੋਗ ਦੀ ਰੀਝ ਤਦੋਕਣੀ ਸੀ ਜਦੋਂ ਹੀਰ ਸਿਆਲ ਮਹਿਬੂਬ ਕੀਤੇ
ਛੱਡ ਦੇਸ਼ ਸ਼ਰੀਕ ਕਬੀਲੜੇ ਨੂੰ ਅਸਾਂ ਸ਼ਰਮ ਦੇ ਤੌਰ ਅਜੂਬ ਕੀਤੇ
ਰੱਲ ਹੀਰ ਦੇ ਨਾਲ ਸੀ ਉੁਮਰ ਜਾਲੀ ਅਸਾਂ ਮਜ਼ੇ ਜਵਾਨੀ ਦੇ ਖ਼ੂਬ ਕੀਤੇ
ਹੀਰ ਛੱਤਿਆਂ ਨਾਲ ਮੈਂ ਮਸ ਭਿੰਨਾ ਅਸਾਂ ਦੋਹਾਂ ਨੇ ਨਸ਼ੇ ਮਰਗੂਬ ਕੀਤੇ