ਪੰਨਾ:ਹੀਰ ਵਾਰਸਸ਼ਾਹ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੪)

ਦਰਸ ਯਾਰ ਪਿਆਰੇ ਦੇ ਦੇਖਣੇ ਨੂੰ ਵੈਦਾਂ ਜੋਗੀਆਂ ਦਾ ਵੇਸ ਲਾਈਏ ਜੀ
ਵਾਰਸਸ਼ਾਹ ਦਾ ਤਦੋਂ ਦੀਦਾਰ ਪਾਈਏ ਜਦੋਂ ਆਪਣਾ ਆਪ ਗਵਾਈਏ ਜੀ

ਚੇਲਿਆਂ ਨੇ ਰਾਂਝੇ ਨੂੰ ਜੋਗ ਮਿਲਣ ਉੱਤੇ ਹਸਦ ਕਰਨਾ

ਜੋਗੀ ਨਾਥ ਤੋਂ ਖੁਸ਼ੀ ਲੈ ਵਿਦਾ ਹੋਇਆ ਛੂਟਾ ਬਾਜ ਜਿਉਂ ਤੇਜ਼ ਤਰਾਰਿਆਂ ਨੂੰ
ਫੌਜਦਾਰ ਹਜ਼ੂਰ ਥੀਂ ਕੂਚ ਕੀਤਾ ਡੰਕਾ ਲੱਗਾ ਹੈ ਚੋਟ ਨਗਾਰਿਆਂ ਨੂੰ
ਇੱਕ ਪਲਕ ਵਿਚ ਕੰਮ ਹੋ ਰਿਆ ਉਸਦਾ ਲੱਗੀ ਅੱਗ ਫਿਰ ਚੇਲਿਆਂ ਸਾਰਿਆਂ ਨੂੰ
ਅਸਾਂ ਟਹਿਲ ਕਰੇਂਦਿਆਂ ਉਮਰ ਗੁਜ਼ਰੀ ਢਿਲ ਕੀਤੀ ਸੂਚੇਲਿਆਂ ਪਿਆਰਿਆਂ ਨੂੰ
ਜੋਗ ਦੇਹੋ ਜੋ ਆਉਂਦੇ ਲੋਕ ਨਵੇਂ ਰਬ ਜਾਣਦਾ ਸਾਡਿਆਂ ਨਾਹਰਿਆਂ ਨੂੰ
ਜੇਕਰ ਮਿਹਰ ਦੀ ਨਜ਼ਰ ਨਾ ਵੇਖਦੇ ਹੋ ਪਾਵੇਂ ਰਬ ਤੋਂ ਕਰੇ ਜੋ ਕਰੇ ਕਾਰਿਆਂ ਨੂੰ
ਜੱਟ ਕਲ੍ਹ ਦੇ ਆਏ ਨੂੰ ਜੋਗ ਦਿਤੇ ਕਿਹਾ ਮਾਨ ਹੈ ਅਸਾਂ ਬੇਚਾਰਿਆਂ ਨੂੰ
ਮੁੜਕੇ ਰਾਂਝਣੇ ਇੱਕ ਜੁਆਬ ਦਿਤਾ ਉਹਨਾਂ ਚੇਲਿਆਂ ਹੈਂਸਿਆਰਿਆਂ ਨੂੰ
ਭਲੇ ਕ੍ਰਮ ਹੋਵਣ ਤਾਹੀਂ ਜੋਗ ਪਾਈਏ ਮਿਲੇ ਜੋਗ ਨਾ ਕਰਮਾਂ ਦੇ ਮਾਰਿਆਂ ਨੂੰ
ਅਸੀਂ ਜੱਟ ਅਨਜਾਣ ਥੀ ਫਸ ਗਏ ਕਰਮ ਕੀਤੋ ਸੂ ਅਸਾਂ ਨਿਕਾਰਿਆਂ ਨੂੰ
ਤੁਸੀਂ ਮੁਦਤਾਂ ਦੇ ਬੈਠੇ ਟਹਿਲ ਕਰਦੇ ਹਾਸਲ ਕੁੱਝ ਨਾ ਅਕਲਾਂ ਸਵਾਰਿਆਂ ਨੂੰ
ਵਾਰਸਸ਼ਾਹ ਅੱਲਾ ਜਦੋਂ ਕਰਮ ਕਰਦਾ ਹੁਕਮ ਹੁੰਦਾ ਏ ਨੇਕ ਸਤਾਰਿਆਂ ਨੂੰ

ਕਲਾਮ ਚਲਆਂ ਦੀ ਰਾਂਝੇ ਨਾਲ

ਤੂੰ ਤਾਂ ਜੋਗ ਲਿਆ ਨਾਲ ਸਾਹਿਬ ਦੇ ਖੁਸ਼ੀ ਨਾਲ ਗ਼ੁਮਾਨ ਦੇ ਆ ਲੀਤੋ
ਭਲੇ ਮਿਲਦਿਆਂ ਟਿਲੇ ਤੇ ਆਣ ਚੜ੍ਹਿਓਂ ਜੋਗ ਗੱਲ ਦੇ ਨਾਲ ਤੂੰ ਪਾ ਲੀਤੋ
ਧੰਨ ਭਾਗ ਸੁਹਾਗ ਨਸੀਬ ਤੇਰੇ ਜਿੱਸ ਗੁਰੂ ਨੂੰ ਝੱਬ ਝੁਕਾ ਲੀਤੋ
ਕੁਝ ਪੁੰਨ ਨਾ ਦਾਨ ਇਸ਼ਨਾਨ ਕੀਤਾ ਕੰਮ ਗੱਲ ਦੇ ਨਾਲ ਬਣਾ ਲੀਤੋ
ਜ਼ੋਹਦ ਬੰਦਗੀ ਤੁੱਧ ਨਾ ਮੂਲ ਕੀਤੀ ਸਤਿਗੁਰਾਂ ਦਾ ਭਾਰ ਉਠਾ ਲੀਤੋ
ਅਸੀਂ ਮਰਦੇ ਤੇ ਡਰਦੇ ਹੀ ਦੁਰ ਰਹੇ ਹਾਂ ਆਸਨ ਤੁਧ ਨਜ਼ਦੀਕ ਵਿਛਾ ਤੋਂ
ਕੋਈ ਦਿਉ ਭੁਲਾਵੜਾ ਠੱਗਿਓ ਈ ਸਿਰ ਗੁਰੂ ਦੇ ਜਾਦਤੂ ਪਾ ਲੀਤੋ
ਵਾਰਸਸ਼ਾਹ ਤੋਂ ਜੋਗ ਦਾ ਲਿਆ ਧਾੜਾ ਹਿੱਕ ਅਗੇ ਤੂੰ ਜੋਗ ਨੂੰ ਲਾ ਲੀਤੋ

ਕਲਾਮ ਸ਼ਾਇਰ

ਜਦੋਂ ਕਰਮ ਅਲਾਹ ਦਾ ਕਰੇ ਮਦਦ ਬੇੜਾ ਪਾਰ ਹੋ ਜਾਏ ਨਿਮਾਣਿਆਂ ਦਾ
ਲੈਣ ਕਰਜ਼ ਨਾਹੀਂ ਬੂਹੇ ਜਾ ਬਹੀਏ ਕੇਹਾ ਤਾਣ ਹੈ ਅਸਾਂ ਨਿਤਾਣਿਆਂ ਦਾ
ਹੁਕਮ ਨਾਲ ਜਹਾਜ ਸਮੁੰਦ ਫਿਰਦਾ ਉੱਥੇ ਕੁੱਝ ਨਾ ਜ਼ੋਰ ਮੁਹਾਣਿਆਂ ਦਾ
ਇਕ ਜਾਗਦੇ ਰਹਿਣ ਮਹਿਰੂਮ ਬੈਠੇ ਇਹ ਖੇਲ ਹੈ ਓਸਦੇ ਭਾਣਿਆਂ ਦਾ