ਪੰਨਾ:ਹੀਰ ਵਾਰਸਸ਼ਾਹ.pdf/158

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੪੬)

ਕਾਬਾ ਰੱਖ ਮੱਥੇ ਰੱਬ ਯਾਦ ਕਰਕੇ ਚੜ੍ਹਿਆ ਖੇੜਿਆਂ ਦੀ ਸੱਜੀ ਗੁੱਠ ਉੱਤੇ
ਮੋਢੇ ਪਾ ਜੰਬੀਲ ਨੂੰ ਪਕੜ ਆਸਾ ਜੋਗੀ ਡੂੰਮ ਦੇਂਦੇ ਜਿਵੇਂ ਸਿੱਟ ਉੱਤੇ
ਚਿਮਟਾ ਖੱਪਰੀ ਫਾਉੜੀ ਡੰਡਾ ਕੂੰਡਾ ਭੰਗ ਪੋਸਤ ਚਾ ਬਧੀ ਸੂ ਪਿੱਠ ਉੱਤੇ
ਨਸ਼ੇ ਨਾਲ ਝੁਲਾਰਦਾ ਮਸਤ ਜੋਗੀ ਜਿਵੇਂ ਸਾਰਬਾਂ ਝੂਲਦੇ ਉੱਠ ਉੱਤੇ
ਬੈਰਾਗ ਸੰਨਿਆਸ ਜਿਉਂ ਲੜਨ ਚੱਲੇ ਰੱਖ ਹੱਥ ਤਲਵਾਰ ਦੀ ਮੁੱਠ ਉੱਤੇ
ਜੋਗੀ ਖੁਸ਼ ਹੋ ਆਉਂਦਾ ਖੇੜਿਆਂ ਨੂੰ ਜਿਵੇਂ ਜੰਞ ਚੜ੍ਹਦੀ ਸੋਹਣੇ ਉੱਠ ਉੱਤੇ
ਵਾਹੋਦਾਹ ਧਾਣਾ ਰਾਂਝਾ ਖੇੜਿਆਂ ਨੂੰ ਵਗੇ ਤੀਰ ਜਿਉਂ ਵਹਿਟ ਦੀ ਸੁੱਟ ਉੱਤੇ
ਏਵੇਂ ਸਰਕ ਦਾ ਆਉਂਦਾ ਖੇੜਿਆਂ ਨੂੰ ਜਿਵੇਂ ਫੌਜ ਚੜ੍ਹ ਆਉਂਦੀ ਲੁੱਟ ਉੱਤੇ
ਵਾਰਸ ਆਣ ਵੜਿਆ ਜੂਹ ਖੇੜਿਆਂ ਦੀ ਸਾਈਂ ਹੋਯਾ ਰੰਝੇਟੇ ਦੀ ਪਿੱਠ ਉੱਤੇ

ਰਾਂਝੇ ਨੇ ਭੇਸ ਵਟਾਉਣਾ

ਰਾਂਝਾ ਭੇਸ ਵਟਾਇਕੇ ਜੋਰੀਆਂ ਦਾ ਉੱਠ ਹੀਰ ਦੇ ਸ਼ਹਿਰ ਨੂੰ ਧਾਉਂਦਾ ਏ
ਭੁਖਾ ਸ਼ੇਰ ਜਿਉਂ ਦੌੜਦਾ ਮਾਰ ਉਤੇ ਜਿਵੇਂ ਚੌਰ ਭੀ ਸੰਨ੍ਹ ਤੇ ਆਉਂਦਾ ਏ
ਸੁਖ਼ਨ ਯਾਰ ਦੇ ਯਾਰ ਨੂੰ ਚਿਤ ਆਏ ਕਦੀ ਰੋਂਵਦਾ ਤੇ ਕਦੀ ਗਾਉਂਦਾ ਏ
ਤਿਤਰ ਬੋਲਦਾ ਸ਼ਗਨ ਮਨਾਉਂਦਾ ਏ ਮੰਨ ਸ਼ੀਰਨੀ ਪੀਰ ਧਿਆਉਂਦਾ ਏ
ਨਾਲ ਕਾਇਦੇ ਦੇ ਜੋਗੀ ਸਰਕ ਟੁਰਿਆ ਜਿਵੇਂ ਮੀਂਹ ਅੰਧੇਰੀ ਦਾ ਆਉਂਦਾ ਏ
ਦੇਸ ਖੇੜਿਆਂ ਦੇ ਰਾਂਝਾ ਜਾ ਵੜਿਆ ਵਾਰਸਸ਼ਾਹ ਅਯਾਲ ਬੁਲਾਉਂਦਾ ਏ

ਰਾਂਝੇ ਨੇ ਰੰਗ ਪੁਰ ਦੀ ਹਦ ਵਿਚ ਆਉਣਾ

ਜਦੋਂ ਰੰਗ ਪੁਰ ਦੀ ਜੂਹ ਜਾ ਵੜਿਆਂ ਭੇਡਾਂ ਚਾਰੇ ਅਯਾਲ ਵਿਚ ਬਾਰ ਦੇ ਜੀ
ਨੇੜੇ ਆਣਕੇ ਜੋਗ ਨੂੰ ਵੇਖਦਾ ਏ ਜਿਵੇਂ ਨੈਣ ਵੇਖਣ ਨੈਣ ਯਾਰ ਦੇ ਜੀ
ਜੱਟ ਚੋਰ ਤੇ ਚੁਗਲ ਦੀ ਜੀਭ ਵਾਂਗੂੰ ਗੁਝੇ ਰਹਿਣ ਨਾ ਦੇਦੜੇ ਯਾਰ ਦੇ ਜੀ
ਚੋਰ ਯਾਰ ਤੇ ਠੱਗ ਨਾ ਰਹਿਣ ਗੁਝੇ ਕਿਥੋਂ ਛੁਪਣ ਇਹ ਆਦਮੀ ਕਾਰ ਦੇ ਜੀ
ਤੁਸੀਂ ਕਿਹੜੇ ਦੇਸ ਤੋਂ ਆਏ ਰਮਤੇ ਸੁਖ਼ਨ ਦੱਸ ਖਾਂ ਖੋਲ੍ਹ ਨਰਵਾਰ ਦੇ ਜੀ
ਰੰਗ ਪੁਰ ਬਾਸ਼ੀ ਚੱਲੇ ਕੁੰਭ ਮੇਲੇ ਹਮੀਂ ਪੰਛੀ ਸਮੁੰਦਰੋਂ ਪਾਰ ਦੇ ਜੀ
ਬਾਰਾਂ ਬਰਸ ਬੈਠੇ ਬਾਰਾਂ ਬਰਸ ਫਿਰਦੇ ਮਿਲਣ ਵਾਲਿਆਂ ਦੀਆਂ ਕੁਲਾਂ ਤਾਰ ਦੇ ਜੀ
ਵਾਰਸਸ਼ਾਹ ਮੀਆਂ ਚਾਰੇ ਚੱਕ ਭੌਂਦੇ ਹਮੀਂ ਕੁਦਰਤਾਂ ਕੋ ਦੀਦ ਮਾਰ ਦੇ ਜੀ

ਕਲਾਮ ਅਯਾਲੀ ਦੀ ਰਾਂਝੇ ਨਾਲ

ਪਾਲੀ ਆਖਦਾਂ ਫ਼ਕਰ ਨਾ ਝੂਠ ਬੋਲਣ ਫ਼ਕਰ ਸੋਈ ਜੋ ਝੂਠ ਨੂੰ ਮਾਰ ਦੇ ਜੀ
ਬਣੇ ਫ਼ਕਰ ਤੇ ਰੱਜ ਕੇ ਝੂਠ ਬੋਲੇ ਝੂਠੇ ਧਰਮ ਈਮਾਨ ਤੋਂ ਹਾਰ ਦੇ ਜੀ
ਸੱਚ ਅਲਾ ਦਾ ਨਾਮ ਤੇ ਫ਼ਕਰ ਦੂਜਾ ਹੋਰ ਝੂਠ ਪਸਾਰ ਪਸਾਰਦੇ ਜੀ