ਪੰਨਾ:ਹੀਰ ਵਾਰਸਸ਼ਾਹ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨)

ਕਿਹਾ ਹਿਰਸ ਦਾ ਜਾਲ ਖਲਾਰਿਓਈ ਢੂਡੇਂ ਉਡਦੀਆਂ ਛੱਡਕੇ ਫਾਹੀਆਂ ਨੂੰ
ਨਾਇਬ ਪਾਕ ਰਸੂਲ ਦੇ ਤੁਸੀਂ ਹੋ ਜੇ ਵਾਕਫ ਕਰੋ ਚਾ ਰਾਹ ਗੁਮਰਾਹੀਆਂ ਨੂੰ
ਅਸਾਂ ਜਹੇ ਫ਼ਕੀਰ ਤੇ ਮਿਹਰ ਕੀਜੇ ਕਰੋ ਦੁਆ ਚਾ ਪਾਂਧੀਆਂ ਰਾਹੀਆਂ ਨੂੰ
ਖੋਤੀ ਭੇਡ ਬਕਰੀ ਸੱਭਾ ਰਗੜ ਕਢੋ ਛਡੋ ਕੁਆਰੀਆਂ ਨਾ ਵਿਆਹੀਆਂ ਨੂੰ
ਜੇੜ੍ਹਾ ਨੂਰ ਮੱਥੇ ਦਾ ਮਹਿਰਾਬ ਮੀਆਂ ਤੂੰ ਆਖਣਾ ਏਂ ਜਾਂਦਿਆਂ ਰਾਹੀਆਂ ਨੂੰ
ਲਏਂ ਰਿਸ਼ਵਤਾਂ ਰੱਬ ਤੋਂ ਡਰੇਂ ਨਾਹੀਂ ਅਗੇ ਅਜ਼ਲ ਦੇ ਕਰੇਂ ਅਕੜਾਈਆਂ ਨੂੰ
ਵਾਰਸਸ਼ਾਹ ਵਿਚ ਹੁਜਰਿਆਂ ਫੇਲ੍ਹ ਕਰਦੇ ਮੁਲਾਂ ਜੋਤਰੇ ਵਾਉਂਦੇ ਵਾਹੀਆਂ ਨੂੰ

ਰਾਂਝਾ ਮੁਲਾਂ ਦੀ ਖੁਸ਼ਾਮਦ ਕਰਦਾ ਹੈ

ਵਿੱਚ ਮਜਲਸਾਂ ਬੈਠਕੇ ਸੁਬਹ ਵੇਲੇ ਤੁਸੀਂ ਜ਼ਿਕਰ ਤੇ ਸ਼ੁਗਲ ਕਮਾਂਵਦੇ ਹੋ
ਆਸੀ ਆਨ ਤੁਸਾਡੀ ਜੇ ਕਰੇ ਜ਼ਿਆਰਤ ਗੁਨਾਹ ਤੁਰਤ ਹੀ ਚਾ ਵੰਜਾਂਵਦੇ ਹੋ
ਗ਼ੈਰ ਸ਼ਰਹ ਤੇ ਹੋਰ ਹਰਾਮਖ਼ੋਰਾਂ ਨਾਲ ਦ੍ਰਰਿਆਂ ਚਾ ਕੁਹਾਂਵਦੇ ਹੋ
ਸ਼ਰਹ ਬੜਾ ਸਰਪੋਸ਼ ਬਣਾਇਆ ਜੇ ਤੁਸੀਂ ਸ਼ੋਰਾ ਦੇ ਕੋਟ ਕਹਾਂਵਦੇ ਹੋ
ਰਾਤ ਅਸਾਂ ਗੁਜਾਰਨੀ ਵਿੱਚ ਮਸਜਦ ਜੇਕਰ ਤੁਸੀਂ ਭੀ ਰੱਖ ਰਖਾਂਵਦੇ ਹੋ
ਵਾਰਸਸ਼ਾਹ ਫਕੀਰ ਤੇ ਮਿਹਰ ਕਰੀਓ ਤੁਸੀਂ ਸੱਚ ਦੀ ਬਾਤ ਪੁਛਾਂਵਦੇ ਹੋ

ਜਵਾਬ ਮੁਲਾਂ

ਘਰ ਰੱਬ ਦੇ ਮਸਜਦਾਂ ਹੁੰਦੀਆਂ ਨੇ ਏਥੇ ਗ਼ੈਰ ਸ਼ਰਹ ਨਹੀਂ ਵਾੜੀਏ ਓਇ
ਤਾਰਕ ਹੋ ਸਲਵਾਤ ਦਾ ਪਟੇ ਰੱਖੇਂ ਲਬਾਂ ਵਾਲਿਆਂ ਮਾਰ ਪਛਾੜੀਏ ਓਇ
ਨੀਵਾਂ ਕੱਪੜਾ ਹੋਵੇ ਤਾਂ ਪਾੜ ਦਈਏ ਲਬਾਂ ਹੋਣ ਦਰਾਜ਼ ਭਾਂ ਸਾੜੀਏ ਓਇ
ਜੇੜ੍ਹਾ ਖਾਏ ਹਰਾਮ ਤੇ ਝੂਠ ਬੋਲੇ ਓਹਨੂੰ ਕਾਫ਼ਰ ਆਖ ਪੁਕਾਰੀਏ ਓਇ
ਕਰੇ ਹੁੱਜਤਾਂ ਆਣਕੇ ਨਾਲ ਸਾਡੇ ਉਹਨੂੰ ਮਾਰਕੇ ਚਾ ਉਜਾੜੀਏ ਓਇ
ਕੁੱਤਾ ਅਤੇ ਫ਼ਕੀਰ ਪਲੀਤ ਹੋਵੇ ਨਾਲ ਦੁਰਰਿਆਂ ਬੰਨ੍ਹਕੇ ਮਾਰੀਏ ਓਇ
ਜੇੜ੍ਹਾ ਇਲਮ ਖ਼ੁਦਾ ਦਾ ਨਹੀਂ ਵਾਕਫ਼ ਓਹਨੂੰ ਚਾ ਸੂਲੀ ਉਤੇ ਚਾੜ੍ਹੀਏ ਓਇ
ਵਾਰਸਸ਼ਾਹ ਖ਼ੁਦਾਅ ਦੇ ਦੁਸ਼ਮਣਾਂ ਨੂੰ ਦੂਰੋਂ ਕੁੱਤਿਆਂ ਵਾਂਗ ਦੁਰਕਾਰੀਏ ਓਇ

ਸਵਾਲ ਰਾਂਝਾ

ਸਾਨੂੰ ਦੱਸ ਨਮਾਜ਼ ਹੈ ਕਾਸਦੀ ਦੀ ਕਾਸ ਨਾਲ ਬਣਾ ਕੇ ਸਾਰੀਆ ਨੇ
ਕੰਨ ਨੱਕ ਨਮਾਜ਼ ਦੇ ਹੈਣ ਕਿਤਨੇ ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰੀਆ
ਲੰਮੇ ਕੱਦ ਚੌੜੇ ਕਿਸ ਹਾਣ ਹੁੰਦੀ ਕਿਸ ਚੀਜ਼ ਦੇ ਨਾਲ ਸਹਾਰੀਆ ਨੇ
ਵਾਰਸ ਕਿਲੀਆਂ ਕਿਤਨੀਆਂ ਇਸਦੀਆਂ ਨੀ ਜਿੱਸ ਨਾਲ ਇਹ ਬੰਨ੍ਹ ਖਲਾਰੀਆ ਨੇ