ਪੰਨਾ:ਹੀਰ ਵਾਰਸਸ਼ਾਹ.pdf/162

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੦)


ਗੁੰਡੀ ਰੰਨ ਬੁੱਢੀ ਹੋਈ ਬਣੇ ਹਾਜਨ ਫੇਰੇ ਮੋਰਛੜ ਗਿਰਦ ਮਜਾਰੀਆਂ ਦੇ
ਬੁਢਾ ਹੋ ਕੇ ਚੋਰ ਮਸੀਤ ਵੜਦਾ ਰੱਲ ਫਿਰਦਾ ਈ ਨਾਲ ਮਦਾਰੀਆਂ ਦੇ
ਪਰਹਾਂ ਜਾਹ ਜੱਟਾ ਮਾਰ ਛਡਨੀਗੇ ਨਹੀਂ ਛਿੱਪਦੇ ਯਾਰ ਕੁਆਰੀਆਂ ਦੇ
ਕਾਰੀਗਰੀ ਮੌਕੂਫ ਕਰ ਮੀਆਂ ਚਾਕਾ ਤੈਥੇ ਜੱਲ ਹੈ ਪਾਵਣੇ ਝਾਰੀਆਂ ਦੇ
ਕੂੜੇ ਕਰਨ ਪਿਆਰ ਕੁੜਿਆਰ ਐਵੇਂ ਇਹ ਭੀ ਫੰਦ ਫਰੇਬ ਬਪਾਰੀਆਂ ਦੇ
ਵਾਰਸਸ਼ਾਹ ਫ਼ਕੀਰ ਕੁਰਬਾਨ ਹੋਵੇ ਓਹਦੀਆਂ ਕੁਦਰਤਾਂ ਦੇਖ ਨਿਆਰੀਆਂ ਦੇ

ਕਲਾਮ ਰਾਂਝਾ

ਤੁਸੀਂ ਅਕਲ ਦੇ ਕੋਟ ਅਯਾਲ ਹੁੰਦੇ ਲੁਕਮਾਨ ਹਕੀਮ ਦਸਤੂਰ ਹੈ ਜੀ
ਬਾਜ਼ ਭੌਰ ਬਗਲਾ ਅਤੇ ਲੋਂਗ ਕਾਲੂ ਸ਼ਾਹੀ ਸ਼ੀਹਨੀ ਨਾਲ ਕਸਤੂਰ ਹੈ ਜੀ
ਲੋਹਾ ਪਸ਼ਮ ਪਿਸਤਾ ਡੱਬਾ ਮੌਤ ਸੂਰਤ ਸਬਜ਼ਾ ਹੋਰ ਸ਼ਾਬਾਨ ਮਨਜੂਰ ਹੈ ਜੀ
ਪੰਜੇ ਬਾਜ ਜਿਹੇ ਲੱਕ ਲਾਂਗ ਚੀਤੇ ਪੌਂਚਾ ਵਜਿਆ ਮਗਰ ਸਭ ਦੂਰ ਹੈ ਜੀ
ਚੱਕ ਸੀਂਹ ਵਾਂਗੂੰ ਗੱਜ ਨੀਂਹ ਵਾਂਗੂੰ ਮੈਨੂੰ ਦੰਦ ਮਾਰਨ ਹੱਡ ਚੂਰ ਹੈ ਜੀ
ਕਿਸੇ ਪਾਸ ਨਾ ਖੋਲ੍ਹਣਾ ਭੇਤ ਭਾਈ ਜੋ ਕੁਝ ਆਖਿਓ ਸੱਭ ਮਨਜੂਰ ਹੈ ਜੀ
ਮੈਂ ਤਾਂ ਹੋ ਲਾਚਾਰ ਫ਼ਕੀਰ ਹੋਇਆ ਕਿਵੇਂ ਹੀਰ ਦੇ ਹੋਵਾਂ ਹਜ਼ੂਰ ਹੈ ਜੀ
ਪਰਦੇਸ ਵਿਚ ਕੰਮ ਆ ਪਿਆ ਮੇਰਾ ਹੀਰ ਲਈ ਇੱਕੋ ਸਿਰ ਦੁਰ ਹੈ ਜੀ
ਸ਼ਾਹ ਅਲੀ ਨੇ ਸੱਚ ਛੁਪਾਇਆ ਸੀ ਪਰਦਾ ਪੋਸ਼ੀ ਫ਼ਕਰ ਮਸ਼ਹੂਰ ਹੈ ਜੀ
ਵਾਰਸਸ਼ਾਹ ਹੁਣ ਬਣੀ ਹੈ ਬਹੁਤ ਔਖੀ ਅਗੇ ਸੁੱਝਦਾ ਕਹਿਰ ਕਲੂਰ ਹੈ ਜੀ

ਪਾਲੀ ਹੱਸ ਕੇ ਮੁੱੜ ਵਿਛਾ ਭੂਰਾ ਬਾਹੋਂ ਪਕੜ ਰੰਝੇਟੇ ਨੂੰ ਬੈਠ ਗਿਆ
ਗਲਾਂ ਨਾਲ ਪਿਆਰ ਦੇ ਕਰਨ ਲਗਾ ਮਗਰੋਂ ਭੇਡਾਂ ਨੂੰ ਉੱਠ ਬਘਿਆੜ ਪਿਆ
ਪਾਲੀ ਰਾਂਝਣੇ ਨੂੰ ਲਲਕਾਰਿਆਈ ਰਾਂਝਾ ਉੱਠ ਬਘਿਆੜ ਦੇ ਮਗਰ ਪਿਆ
ਵਾਰਸਸ਼ਾਹ ਬਘਿਆੜ ਸਪਾਲੀਆ ਨੀ ਲੇਲੇ ਸੱਤ ਤੇ ਭੇਡ ਇਕ ਪਾੜ ਗਿਆ

ਕਲਾਮ ਰਾਂਝਾ

ਰਾਂਝਾ ਮੰਨ ਸਵਾਲ ਅਯਾਲ ਦਾ ਜੀ ਨਾਅਰਾ ਗਜਕੇ ਕੂਕ ਪੁਕਾਰਿਆ ਈ
ਕਢ ਅਯੜੋਂ ਨਾਹਰ ਨੂੰ ਚੱਕ ਦਿਤਾ ਵਿੱਚ ਰੜੇ ਦੇ ਆਨ ਨਿਤਾਰਿਆ ਈ
ਮਾਰੇ ਖੌਫ ਦੇ ਤੁਰਤ ਉਹ ਉਠ ਨੱਠਾ ਰਾਂਝੇ ਨਾਹਰ ਨੂੰ ਚਾ ਲਲਕਾਰਿਆ ਈ
ਘੁਰਕੀ ਵੱਟ ਬਘਿਆੜੜਾ ਖੜਾ ਹੋਯਾ ਰਾਂਝੇ ਖੱਪਰਾ ਖਿੱਚ ਕੇ ਮਾਰਿਆ ਈ
ਪਟੜੇ ਵਾਂਗ ਜ਼ਮੀਨ ਤੇ ਢਹਿ ਪਿਆ ਰਾਂਝੇ ਨਾਲ ਚਿੱਟੇ ਢਿੱਡ ਪਾੜਿਆ ਈ
ਵਾਰਸਸ਼ਾਹ ਅਯਾਲ ਦੇ ਕੋਲ ਲਿਆਯਾ ਵੇਖ ਕੁਦਰਤਾਂ ਤੋਂ ਬਲਿਹਾਰਿਆ ਈ