ਪੰਨਾ:ਹੀਰ ਵਾਰਸਸ਼ਾਹ.pdf/164

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੌਦਾਂ ਖੇੜਿਆਂ ਦੇ ਬੂਹੇ ਅਡਿਆ ਏ ਮਤਾਂ ਚਾਕ ਨਿਸ਼ਾਨੇ ਨੂੰ ਛੁੱਟ ਜਾਏ
ਹਾਥੀ ਚੋਰ ਗੁਲੇਲ ਥੀਂ ਛੁੱਟ ਜਾਂਦਾ ਇਹਾ ਕੌਣ ਜੋ ਇਸ਼ਕ ਥੀ ਛੁੱਟ ਜਾਏ
ਵਾਰਸਸ਼ਾਹ ਮੀਆਂ ਪਾਲੀ ਸੋਈ ਚੰਗਾ ਜਿਹੜਾ ਵਿਛੜਿਆਂ ਨੂੰ ਕਰਦਾ ਜੁੱਟ ਜਾਏ

ਕਲਾਮ ਅਯਾਲੀ

ਅਯਾਲੀ ਆਖਦਾ ਰੰਨ ਲੈ ਜਾਹ ਮੂਰਖ ਸੈਦਾ ਯਾਰ ਨਾ ਸਾਡੜਾ ਲੱਗਦਾ ਈ
ਅਸਾਂ ਰਾਂਝਿਆ ਹਸ ਕੇ ਗਲ ਕੀਤੀ ਜਾ ਵੇਖ ਲੈ ਦਾ ਜੇ ਲੱਗ ਦਾ ਈ
ਲਾਟ ਰਹੇ ਨਾ ਜੀਊ ਦੇ ਵਿੱਚ ਲਗੀ ਇਹ ਇਸ਼ਕ ਅਲੂੰਬੜਾ ਅੱਗ ਦਾ ਈ
ਜਾਹ ਦੇਖ ਮਸ਼ੂਕ ਦੇ ਨੈਣ ਖੂਨੀ ਤੈਨੂੰ ਨਿਤ ਉਲਾਂਭੜਾ ਜੱਗ ਦਾ ਈ
ਅਸਾਂ ਵੱਸਣਾ ਛਡਿਆ ਵਿੱਚ ਪਿੰਡਾਂ ਖਾਧੀ ਕਸਮ ਖ਼ੁਦਾ ਜੋ ਜੱਗ ਦਾ ਈ
ਸਮਾਂ ਯਾਰ ਦਾ ਤੇ ਘਸਾ ਬਾਜ ਵਾਲਾ ਝੱਟ ਚੋਰ ਦਾ ਦਾਉ ਤੇ ਠੱਗ ਦਾ ਈ
ਲੈ ਕੇ ਨਢੜੀ ਨੂੰ ਖਿਸਕ ਜਾ ਚਾਕਾ ਸੈਦਾ ਸਾਕ ਨਾ ਸਾਡੜਾ ਲੱਗ ਦਾ ਈ
ਵਾਰਸ ਕੰਨ ਪਾਟੇ ਮਹੀਂ ਚਾਰ ਮੋਯੋ ਅਜੇ ਤੀਕ ਮਿਹਣਾ ਤੈਨੂੰ ਜੱਗ ਦਾ ਈ

ਅਯਾਲੀ ਨੇ ਰਾਂਝੇ ਨੂੰ ਸਲਾਹ ਦਸਣੀ

ਜਦੋਂ ਰੰਗਪੁਰ ਦੇ ਵਿੱਚ ਜਾ ਵਸੇਂ ਓਥੇ ਜਾਕੇ ਅਲਖ ਜਗਾਉਣਾ ਈਂ
ਵੇਹੜੇ ਖੇੜਿਆਂ ਦੇ ਤਿਲਕਣ ਬਾਜੀਆਂ ਨੀ ਜ਼ਰਾ ਸੋਚਕੇ ਕਦਮ ਟਿਕਾਉਣਾ ਈਂ
ਕੁੜੀਆਂ ਪਿੰਡ ਦੀਆਂ ਆਣ ਚਹੇੜ ਕਰਨ ਝਿੜਕ ਝੰਬਕੇ ਮਗਰੋਂ ਲਾਹੁਣਾ ਈਂ
ਫਕਰਾਂ ਜੋਗੀਆਂ ਵਾਂਗ ਸੁਭਾ ਰੱਖੀਂ ਏਸ ਲੰਗ ਨੂੰ ਦਾਗ ਨਾ ਲਾਉਣਾ ਈਂ
ਰੰਨਾਂ ਲੁੱਚੀਆਂ ਫ਼ਕਰ ਨੂੰ ਦੇਣ ਗਾਲ੍ਹੀ ਤੈਨੂੰ ਖਾਹ ਮਖਾਹ ਸਤਾਉਣਾ ਈਂ
ਸਹਿਤੀ ਨਾਮ ਹੈ ਅਕਲ ਸ਼ਊਰ ਵਾਲੀ ਉਸ ਨਾਲ ਤੇਰੇ ਮੱਥਾ ਡਾਉਣਾ ਈਂ
ਸ਼ੋਖੀ ਵਿੱਚ ਜਹਾਨ ਮਸ਼ਹੂਰ ਉਹਦੀ ਕਿਵੇਂ ਓਸਨੂੰ ਠੰਢਿਆਂ ਪਾਉਣਾ ਈਂ
ਭੈਣ ਸੈਦੜੇ ਦੀ ਨਨਦ ਹੀਰ ਦੀ ਏ ਉਸ ਫਕਰ ਤੋਂ ਖੌਫ ਨ ਖਾਉਣਾ ਈਂ
ਚੌਦਾਂ ਤਰ੍ਹਾਂ ਦਾ ਇਲਮ ਉਹ ਜਾਣਦੀ ਏ ਜ਼ਰਾ ਓਸਨੂੰ ਪਤਾ ਚਲਾਉਣਾ ਈਂ
ਓਹਦਾ ਯਾਰ ਮੁਰਾਦ ਬਲੋਚ ਹੈ ਓਏ ਓਹਨੂੰ ਰਮਜ਼ ਦੇ ਨਾਲ ਸਮਝਾਉਣਾ ਈਂ
ਸੈਦਾ ਖਾਸ ਦੁਸ਼ਮਣ ਤੇਰੀ ਜਾਨ ਦਾ ਏ ਤਰਲੇ ਕੀਤਿਆਂ ਬਾਝ ਨਾ ਆਉਣਾ ਈਂ
ਹੁੰਦੇ ਵੱਸ ਨਾ ਰਾਂਝਿਆ ਦਾਉ ਛੱਡੀ ਜੇਕਰ ਸਗਵਾਂ ਯਾਰ ਨੂੰ ਪਾਉਣਾ ਈਂ
ਮੇਰੇ ਆਖਣੇ ਤੇ ਕੱਰੀਂ ਅਮਲ ਭਾਈ ਜੇ ਤੈਂ ਹੀਰ ਨੂੰ ਘਿੰਨ ਸਿਧਾਉਣਾ ਈਂ
ਵਮਾਅਲੈਨਾਇਬਲਲਾਗੋ ਹੋਯਾ ਵਾਰਸਸ਼ਾਹ ਨੂੰ ਫਰਜ਼ ਸਮਝਾਉਣਾ ਈਂ

ਕਲਾਮ ਸ਼ਾਇਰ

ਮਰਦ ਬਾਝ ਮੀਹਰੀ ਪਾਣੀ ਬਾਝ ਧਰਤੀ ਆਸ਼ਕ ਡਿਠੜੇ ਬਾਝ ਨਾ ਰਜਦੇ
ਨੇ