ਸੁਰਮਾ ਫੁਲ ਦੰਦਾਸੜਾ ਸੁਰਖ ਮਹਿੰਦੀ ਲੁੱਟ ਲਏ ਨੀ ਹਟ ਪਸਾਰੀਆਂ ਦੇ
ਨੈਣਾਂ ਨਾਲ ਕਲੇਜੜਾ ਛਿੱਕ ਕੱਢਣ ਦਿਸਣ ਭੋਲੜੇ ਮੁੱਖ ਵਿਚਾਰੀਆਂ ਦੇ
ਸੂਹੇ ਸੁਰਖ ਸਾਲੂ ਪਸ਼ਮੀਨ ਜੋੜੇ ਰੰਗਾ ਰੰਗ ਸ਼ਿੰਗਾਰ ਮੁਨਾਰੀਆਂ ਦੇ
ਜੋਗੀ ਵੇਖ ਕੇ ਆਣ ਚੌਗਿਰਦ ਹੋਈਆਂ ਛੁਟੇ ਫਿਰਨ ਵਿਚ ਨਾਗ ਪਟਾਰੀਆਂ ਦੇ
ਓਥੇ ਖੋਲ੍ਹ ਕੇ ਅਖੀਆਂ ਹੱਸ ਪੈਂਦਾ ਜਿਥੇ ਵੇਖਦਾ ਮੇਲ ਕੁਆਰੀਆਂ ਦੇ
ਸ਼ਾਹ ਪਰੀਆਂ ਨੂੰ ਵੇਖ ਹੈਰਾਨ ਹੋਯਾ ਜਿਹਾ ਮੁਲਕਜ਼ਾਦਾ ਵਿੱਚ ਬਾਰੀਆਂ ਦੇ
ਕਦੇ ਬੋਲ ਪਵੇ ਕਦੀ ਚੁੱਪ ਕਰਦਾ ਕਦੀ ਕਰਦਾ ਏ ਸੁਖ਼ਨ ਕਰਾਰੀਆਂ ਦੇ
ਆਣ ਗਿਰਦ ਹੋਈਆਂ ਬੈਠਾ ਵਿਚ ਜੋਗੀ ਬਾਦਸ਼ਾਹ ਜਿਉਂ ਵਿੱਚ ਅੰਬਾਰੀਆਂ ਦੇ
ਵਾਰਸਸ਼ਾਹ ਨਾ ਰਹਿਣ ਨਿਚੱਲੜੇ ਓ ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ
ਕਲਾਮ ਸ਼ਾਇਰ
ਨੂਰ ਫਕਰ ਦਾ ਆਣ ਜ਼ਹੂਰ ਹੋਯਾ ਨਹੀਂ ਦੌਲਤਾਂ ਰਹਿਣ ਛਪਾਈਆਂ ਨੇ
ਆਸਵੰਦ ਖ਼ਲਕਤ ਰੁਜ਼ੂ ਆਣ ਹੋਈ ਅਗੇ ਫ਼ਕਰ ਚੌਕੂੰਟ ਨਿਵਾਈਆਂ ਨੇ
ਡਿਠਾ ਹਾਲ ਫਕੀਰ ਦਾ ਜਦੋਂ ਰੰਨਾਂ ਦਵਾਲੇ ਹੁਮ ਹੁਮਾ ਕੇ ਆਈਆਂ ਨੇ
ਇਕ ਦਰਸ ਫ਼ਕੀਰ ਦਾ ਲੈਣ ਆਈਆਂ ਆਸਾਂ ਰੱਬ ਨੇ ਤੁਰਤ ਪਹੁੰਚਾਈਆਂ ਨੇ
ਸੱਭੇ ਨੱਢੀਆਂ ਵੱਡੀਆਂ ਬਾਹਰ ਪਿੰਡੋਂ ਆਪੋ ਆਪਣੀ ਲੋੜ ਨੂੰ ਆਈਆਂ ਨੇ
ਕਈ ਬਾਲ ਕਵਾਰੀਆਂ ਭੱਜ ਆਈਆਂ ਮੁਟਿਆਰੀਆਂ ਕੁੱਝ ਵਿਆਈਆਂ ਨੇ
ਹੋਰ ਦਾਨੀਆਂ ਸਭ ਪਰਧਾਨੀਆਂ ਨੇ ਸਭੇ ਚੱਲ ਫਕੀਰ ਤੇ ਆਈਆਂ ਨੇ
ਕਈ ਬੁੱਢੀਆਂ ਠੇਰੀਆਂ ਉੱਠ ਤੁਰੀਆਂ ਹੱਥ ਪਕੜ ਡੰਗੋਰੀਆਂ ਧਾਈਆਂ ਨੇ
ਜੋ ਕੁਝ ਵਰਤਿਆ ਉਨ੍ਹਾਂ ਦੇ ਨਾਲ ਆਹਾ ਗਲਾਂ ਫ਼ਕਰ ਨੂੰ ਖੋਲ ਸੁਣਾਈਆਂ ਨੇ
ਆਪੋ ਆਪਣੇ ਕੀਰਨੇ ਕਰਨ ਬਹਿਕੇ ਰੋਣੇ ਰੋਂਦੀਆਂ ਬਹੁਤ ਕੁਰਲਾਈਆਂ ਨੇ
ਕੋਈ ਆਖਦੀ ਰਿਜ਼ਕ ਦਾ ਪਿਆ ਘਾਟਾ ਕੋਈ ਸਿੱਕ ਔਲਾਦ ਸਿਕਾਈਆਂ ਨੇ
ਕੋਈ ਆਖਦੀ ਬੁਰਾ ਹੈ ਸੱਸ ਸਹੁਰਾ ਨਿਤ ਕਰੇ ਨਨਾਣ ਲੜਾਈਆਂ ਨੇ
ਕੋਈ ਆਖਦੀ ਮਾਰ ਕੇ ਖਸਮ ਮੈਨੂੰ ਘਰੋਂ ਕਢਿਆ ਨਾਲ ਖ਼ਤਾਈਆਂ ਨੇ
ਕੋਈ ਦਰਾਣੀਆਂ ਅਤੇ ਜਠਾਣੀਆਂ ਨੇ ਕੋਈ ਦੇਉਰਾਂ ਬਹੁਤ ਸਤਾਈਆਂ ਨੇ
ਕੋਈ ਕਹੇ ਗਵਾਂਢਣਾਂ ਨਾਲ ਮੇਰੇ ਐਵੇਂ ਕੂੜ ਅਪਰਾਧੀਆਂ ਚਾਈਆਂ ਨੇ
ਕੋਈ ਆਖਦੀ ਪੁੱਤ ਪਰਦੇਸ ਗਿਆ ਢਿਲਾਂ ਓਸ ਨੇ ਕਾਸਨੂੰ ਲਾਈਆਂ ਨੇ
ਕੋਈ ਆਖਦੀ ਗੁੱਝੜਾ ਰੋਗ ਮੈਨੂੰ ਗਲਾਂ ਕਰਦੀਆਂ ਨਹੀਂ ਸ਼ਰਮਾਈਆਂ ਨੇ
ਸੀਨੇ ਜੰਮਦਿਆਂ ਇਸ਼ਕ ਦੀ ਭਾ ਭੜਕੀ ਚੋਲੀ ਚਿਣਗ ਚਵਾਤੀਆਂ ਲਾਈਆਂ ਨੇ