(੧੫੭)
ਨਹੀਂ ਬੋਲਦਾ ਬੂਰਾ ਜ਼ਬਾਨ ਵਿੱਚੋਂ ਭਾਵੇਂ ਭਿੱਛਿਆ ਨਹੀਓਂ ਪਾਈਆਂ ਨੇ
ਹੱਥ ਖੱਪਰੀ ਫਾਹੁੜੀ ਮੋਢਿਆਂ ਤੇ ਮਿਹਰ ਗਾਨੀਆਂ ਗਲੇ ਪਹਿਣਾਈਆਂ ਨੇ
ਅਰੜਾਉਂਦਾ ਵਾਂਗ ਜਲਾਲੀਆਂ ਦੇ ਜੱਟਾ ਵਾਂਗ ਮਦਾਰੀਆਂ ਛਾਈਆਂ ਨੇ
ਪ੍ਰੇਮ ਮੱਤੀਆਂ ਅੱਖੀਆਂ ਰੰਗ ਭਰੀਆਂ ਸਦਾ ਗੂਹੜੀਆਂ ਲਾਲ ਸੁਹਾਈਆਂ ਨੇ
ਖ਼ੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ ਨੈਣਾਂ ਖੀਵੀਆਂ ਸਾਣ ਚੜਾਈਆਂ ਨੇ
ਕਦੇ ਸੰਗਲੀ ਸੁੱਟ ਕੇ ਸ਼ਗਨ ਵਾਚੇ ਕਦੇ ਸਵਾਹ ਤੇ ਔਸੀਆਂ ਪਾਈਆਂ ਨੇ
ਕਦੇ ਕਿੰਗ ਵਜਾ ਕੇ ਖੜਾ ਰੋਵੇ ਕਦੇ ਹੱਸਦੇ ਨਾਦ ਘੁਕਾਈਆਂ ਨੇ
ਅੱਠੇ ਪਹਿਰ ਅਲਾਹ ਨੂੰ ਯਾਦ ਕਰਦਾ ਖੈਰ ਓਸਨੂੰ ਪਾਂਦੀਆਂ ਮਾਈਆਂ ਨੇ
ਨਸ਼ੇ ਬਾਝ ਭਵਾਂ ਉਹਦੀਆਂ ਮੱਤੀਆਂ ਨੇ ਸਿਰ ਗਾਨੀਆਂ ਅਜਬ ਸੁਹਾਈਆਂ ਨੇ
ਜਟਾਂ ਸੋਂਹਦੀਆਂ ਛੈਲ ਉਸ ਨੱਢੜੇ ਨੂੰ ਜਿਵੇਂ ਚੰਦ ਗਿਰਦੇ ਘਟਾਂ ਆਈਆਂ ਨੇ
ਸੱਚ ਪੁੱਛੋ ਤੇ ਹੌਸਲਾ ਕੁੱਝ ਨਾਹੀਂ ਗਲਾਂ ਕਰਦਾ ਏ ਬਹੁਤ ਅਤਾਈਆਂ ਨੇ
ਨਾ ਕੋਈਮਾਰਦਾ ਨਾ ਕਿਸੇਨਾਲ ਲੜਿਆਨੈਣਾਂ ਓਸਦਿਆਂ ਝੜੀਆਂ ਲਾਈਆਂ ਨੇ
ਓਦ੍ਹੇ ਹੁਸਨ ਦੀਵਾਨੀਆਂ ਕੀਤੀਆਂ ਨੇ ਗਲਾਂ ਮਿੱਠੀਆਂ ਬਹੁਤ ਰਸਾਈਆਂ ਨੇ
ਕੋਈ ਗੁਰੂ ਪੂਰਾ ਉਸਨੂੰ ਆਣ ਮਿਲਿਆ ਕੰਨ ਪਾੜਕੇ ਮੁੰਦਰਾਂ ਪਾਈਆਂ ਨੇ
ਕਦੇ ਰਮਲ ਨਜ਼ੂਮ ਕਿਤਾਬ ਵਾਚੇ ਪ੍ਰਸ਼ਨ ਫੁਰਿਆ ਤੇ ਫਾਲ ਕਢਾਈਆਂ ਨੇ
ਕਦੇ ਦਏ ਚੌਂਕੀ ਕਦੇ ਤਸਬੀ ਫੇਰੇ ਨ੍ਹਾ ਧੋਕੇ ਧੂਪ ਧੁਖਾਈਆਂ ਨੇ
ਨਾ ਉਹ ਮੁੰਨਿਆ ਜੋਗੀੜਾ ਨਾਂਹ ਜੰਗਮ ਨਾ ਉਦਾਸੀਆਂ ਵਿਚ ਠਹਿਰਾਈਆਂ ਨੇ
ਕਦੇ ਹੱਸਦਾ ਤੇ ਕਦੇ ਰੋਂਵਦਾ ਏ ਕਦੇ ਕੂਕ ਕੇ ਦੇਇ ਦੁਹਾਈਆਂ ਨੇ
ਜੇੜ੍ਹੀਆਂ ਖੂਹ ਉਤੇ ਪਾਣੀ ਭਰਦੀਆਂ ਸਨ ਹਸ ਹਸ ਕੇ ਘਰਾਂ ਨੂੰ ਆਈਆਂ ਨੇ
ਵਾਰਸਸ਼ਾਹ ਚੇਲਾ ਬਾਲਨਾਥ ਦਾ ਏ ਝੋਕਾਂ ਪ੍ਰੇਮ ਦੀਆਂ ਕਿਸੇ ਨੇ ਲਾਈਆਂ ਨੇ
ਹੀਰ ਨਾਲ ਨਨਾਣ ਨੇ ਗਲ ਕੀਤੀ
ਘਰ ਆ ਨਨਾਣ ਨੇ ਗੱਲ ਕੀਤੀ ਭਾਬੀ ਇੱਕ ਜੋਗੀ ਨਵਾਂ ਆਇਆ ਨੀ
ਕੰਨੀਂ ਓਸਦੇ ਦਰਸ਼ਨੀ ਮੁੰਦਰਾਂ ਨੇ ਗੱਲ ਹੈਂਕਲਾ ਅਜਬ ਸੁਹਾਇਆ ਨੀ
ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ ਕੋਈ ਓਸਨੇ ਲਾਲ ਗਵਾਇਆ ਨੀ
ਨਾਲੇ ਗਾਉਂਦਾ ਤੇ ਨਾਲੇ ਰੋਂਵਦਾ ਏ ਵੱਡਾ ਓਸ ਨੇ ਰੰਗ ਮਚਾਇਆ ਨੀ
ਸੋਹਣਾ ਚੰਦ ਜਿਹਾ ਵੱਡਾ ਕਦ ਸਰਵੇ ਕਿਸੇ ਮਾਂ ਕਰਮਾਂ ਵਾਲੀ ਜਾਇਆ ਨੀ
ਕੋਈ ਵੱਡੀ ਮੁਰਾਦ ਦੀ ਸਿੱਕ ਓਹਨੂੰ ਕਿਸੇ ਭਾਗਭਰੀ ਚੇਟਕ ਲਾਇਆ ਸੀ
ਹੀਰੇ ਕਿਸੇ ਰਜਵੰਸ ਦਾ ਓਹ ਪੁੱਤਰ ਰੂਪ ਤੁੱਧ ਥੀਂ ਦੂਣ ਸਵਾਇਆ ਨੀ