ਪੰਨਾ:ਹੀਰ ਵਾਰਸਸ਼ਾਹ.pdf/173

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੧)

ਗਲਾਂ ਕਰਠ ਜੋ ਆਣਕੇ ਸ਼ੂਕੀਆਂ ਨੀ ਹੁਕਮ ਜੋਗੀ ਦੇ ਨਾਲ ਸਵਾਰਿਆ ਨੇ
ਕੰਗਨ ਪੌੌਂਚੀਆਂ ਲਾਹ ਕੇ ਦੇਇ ਤੂੰਬਾ ਓਹਨੂੰ ਭਿੱਛਿਆ ਮੰਗਣੇ ਚਾੜ੍ਹਿਆ ਨੇ
ਸੋਇਨ ਲੰਕ ਮਹਬੂਬ ਹਨਵੰਤ ਵਾਂਗੂੰ ਏਵੇਂ ਲਾਇਕੇ ਚਿਣਗ ਚਾ ਸਾੜਿਆ ਨੇ
ਨਾਲੇ ਕਰਨ ਗੱਲਾਂ ਨਾਲੇ ਹਸਦੀਆਂ ਨੀ ਸੂਰਤ ਵੇਖ ਫ਼ਕੀਰ ਹਰਿਆਰਿਆ ਨੇ
ਵਾਰਸਸ਼ਾਹ ਮੀਆਂ ਐਵੇਂ ਫਾਹ ਕੇ ਤੇ ਅਨਜਾਣ ਕਕੇਹੜਾ ਮਾਰਿਆ ਨੇ

ਕੁੜੀਆਂ ਨੇ ਜੋਗੀ ਪਾਸ ਜਾਣਾ

ਲੈਣ ਜੋਗੀ ਨੂੰ ਆਈਆਂ ਧੁੰਬਲਾਂ ਹੋ ਚਲੋ ਗੱਲ ਬਣਾ ਸਵਾਰੀਏ ਨੀ
ਸੱਭੇ ਬੋਲੀਆਂ ਜੋ ਨਿਮਸਕਾਰ ਜੋਗੀ ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ
ਐਸੇ ਨਾਲ ਕਿਉਂ ਲਾਈਏ ਦੋਸੜੀ ਨੀ ਓਹਦਾ ਅੰਦਰੋਂ ਜੀਊ ਨਿਖਾਰੀਏ ਨੀ
ਹੋਕੇ ਨਰਮ ਗੱਲਾਂ ਨਾਲ ਮਿੱਠੀਆਂ ਦੋ ਓਹਦਾ ਆਣ ਕਲੇਜੜਾ ਠਾਰੀਏ ਨੀ
ਵੱਡੀ ਮਿਹਰ ਹੋਈ ਏਸ ਦੇਸ ਉੱਤੇ ਵੇਹੜੇ ਹੀਰ ਦੇ ਨੂੰ ਚਲੋ ਤਾਰੀਏ ਨੀ
ਮੰਗ ਨਗਰ ਅਤੀਤ ਹੈ ਅਸਾਂ ਖਾਣਾ ਬਾਤਾਂ ਹੱਕ ਦੀਆਂ ਚਾ ਵਿਸਾਰੀਏ ਨੀ
ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ ਨਗਰ ਜਾਇਕੇ ਭੀਖ ਚਤਾਰੀਏ ਨੀ
ਵਾਰਸਸ਼ਾਹ ਤੁਸੀਂ ਘਰੋਂ ਖਾ ਆਈਆਂ ਨਾਲ ਚਾਵੜਾਂ ਲਓ ਘੁਮਕਾਰੀਏ ਨੀ

ਜੋਗੀ ਦੇ ਪਾਸ ਕੁੜੀਆਂ ਨੇ ਆਜਜ਼ੀ ਕਰਨੀ

ਗੰਢੀਂ ਵਾਲਾਂ ਦੀ ਸ਼ੂਕੀਆਂ ਛਾਤੀਆਂ ਤੇ ਹਿਕ ਜੋਗੀ ਦੇ ਨਾਲ ਛੁਹਾਈਆ ਨੇ
ਐਸੇ ਸੋਹਣੇ ਮੁੱਖ ਮਹਿਬੂਬ ਉੱਤੇ ਕਿਉਂ ਧੂੰਏਂ ਦੀ ਸੁਆਹ ਰਮਾਈਆ ਨੇ
ਓਹਦੀ ਮਾਉਂ ਨਮਾਣੀ ਦੇ ਜਿਗਰ ਅੰਦਰ ਛੁਰੀ ਦਰਦ ਫ਼ਿਰਾਕ ਚਲਾਈਆ ਨੇ
ਵਾਰਸਸ਼ਾਹ ਮੀਆਂ ਸੋਹਣੇ ਨੱਢੜੇ ਦੀ ਹੁਸਨ ਬਾਵਲੀ ਕਿਓ੍ਹਂ ਚਾ ਢਾਈਆ ਨੇ

ਤਥਾ

ਕੁੜੀਆਂ ਵੇਖਕੇ ਹੁਸਨ ਫ਼ਕੀਰ ਦੇ ਨੂੰ ਉੱਚੀ ਕੂਕ ਕੇ ਸ਼ੋਰ ਪੁਕਾਰਿਆ ਨੇ
ਠੱਗੀ ਨਾਲ ਕੀਤਾ ਜੋਗ਼ੀ ਨਢਵੇ ਨੂੰ ਕਿਸੇ ਜਨਮ ਦਾ ਵੈਰ ਨਿਤਾਰਿਆ ਨੇ
ਦੇਖੋ ਸੁੰਦਰ ਚੌਧਵੀਂ ਰਾਡ ਦੇ ਨੂੰ ਲਾ ਕਰਨ ਭਬੂਤ ਜ਼ੰਗਾਰਿਆ ਨੇ
ਵਾਲੇ ਕੰਗਠ ਲਾਹਕੇ ਦੇਇ ਤੂੰਬਾ ਵਾਰਸ ਭਿੱਛਿਆ ਮੰਗਣੇ ਚਾੜ੍ਹਿਆ ਨੇ

ਜੋਗੀ ਦੇ ਹਾਲ ਉਤੇ ਕੁੜੀਆਂ ਨੇ ਅਫਸੋਸ ਕਰਨਾ

ਰਸਮ ਜੱਗ ਦੀ ਕਰੋ ਅਤੀਤ ਸਾਈਂ ਸਾਡੀਆਂ ਸੂਰਤਾਂ ਵੱਲ ਧਿਆਨ ਕੀਜੋ
ਅਜੂ ਮਹਿਰ ਦੇ ਵਿਹੜੇ ਨੂੰ ਕਰੋ ਫੇਰਾ ਸਹਿਤੀ ਸੋਹਣੀ ਤੇ ਨਜ਼ਰ ਆਨ ਕੀਜੋ
ਚਲੋ ਸੈਰ ਕਰੋ ਨਗਰ ਖੇੜਿਆਂ ਦੇ ਜੋਗ ਪੰਥ ਦਾ ਕੁਝ ਗਿਆਨ ਕੀਜੋ
ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ ਜ਼ਰਾ ਹੀਰ ਦੀ ਤਰਫ਼ ਧਿਆਨ ਕੀਜੋ