ਪੰਨਾ:ਹੀਰ ਵਾਰਸਸ਼ਾਹ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੨)

ਸਭੇ ਬੰਨ੍ਹਕੇ ਹੱਥ ਖਲੋਤੀਆਂ ਨੀ ਜੋਗੇ ਅਰਜ਼ ਅਸਾਡੜੀ ਮਾਨ ਲੀਜੋ
ਮਨਜ਼ੂਰ ਹੈ ਆਜਜ਼ੀ ਰੱਬ ਤਾਈਂ ਉਪਰ ਬੰਦਗੀ ਕੁੱਝ ਨਾ ਸ਼ਾਨ ਕੀਜੋ
ਨਾਲੇ ਕਰਨ ਅਰਜ਼ਾਂ ਮੁਸਕਰਾਂਦੀਆਂ ਨੇ ਨਾਲੇ ਕਹਿਣ ਦੀਦਾਰ ਹੀ ਆਨ ਕੀਜੋ
ਸਾਡੀ ਬੇਨਤੀ ਮੰਨੋਂ ਫ਼ਕੀਰ ਸਾਈਂ ਇਹੋ ਆਜਜ਼ਾਂ ਨਾਲ ਅਹਿਸਾਨ ਕੀਜੋ
ਚਲੋ ਵੇਖੀਏ ਘਰਾਂ ਸਰਦਾਰੀਆਂ ਨੂੰ ਅਜੇ ਸਾਹਿਬੋ ਨਹੀਂ ਰੁਮਾਨ ਕੀਜੋ
ਵਾਰਸਸ਼ਾਹ ਮੀਆਂ ਨਹੀਂ ਕਰੋ ਆਕੜ ਫਿਰਔਨ ਜਿਹਾਂ ਵਲ ਧਿਆਨ ਕੀਜੋ

ਜਵਾਬ ਜੋਗੀ

ਹਮੀਂ ਵਡੇ ਫਕੀਰ ਸਤਪੀੜ੍ਹੀਏ ਹਾਂ ਰਸਮ ਜੱਗ ਦੀ ਹਮੀਂ ਨਾ ਜਾਣਨੇ ਹਾਂ
ਕੰਦ ਮੂਲ ਉਜਾੜ ਵਿੱਚ ਖਾਇਕੇ ਤੇ ਬਨਬਾਸ ਲੈ ਕੇ ਮੌਜਾਂ ਮਾਣਨੇ ਹਾਂ
ਮਿਰਗ ਸ਼ੀਂਹ ਤੇ ਔਰ ਬਘਿਆੜ ਚੀਤੇ ਹਮੀਂ ਇਨ੍ਹਾਂ ਦੀਆਂ ਸੂਰਤਾਂ ਜਾਣਨੇ ਹਾਂ
ਤਮ੍ਹੀਂ ਸੁੰਦਰਾਂ ਸੋਹਣੀਆਂ ਖੂਬਸੂਰਤ ਹਮੀਂ ਬੂਟੀਆਂ ਬਾਟੀਆਂ ਜਾਣਨੇ ਹਾਂ
ਨਗਰ ਬੀਚ ਨਾ ਆਤਮਾ ਪਚਦਾ ਏ ਉਦਿਆਨ ਬਹਿਕੇ ਤੰਬੂ ਤਾਣਨੇ ਹਾਂ
ਗੁਰੂ ਤੀਰਥ ਜੋਗ ਬੈਰਾਗ ਹੋਵੇ ਰੂਪ ਤਿਨ੍ਹਾਂ ਦਾ ਹਮੀਂ ਪਛਾਣਨੇ ਹਾਂ
ਲੋਕ ਛਾਣਦੇ ਭੰਗ ਤੇ ਸ਼ਰਬਤਾਂ ਨੂੰ ਅਸੀਂ ਆਦਮੀ ਨਜ਼ਰ ਵਿਚ ਛਾਣਨੇ ਹਾਂ
ਪਰੀ ਜਿੰਨ ਤੇ ਰੰਨ ਸ਼ੈਤਾਨ ਤਾਈਂ ਪੜ੍ਹ ਸੈਫੀਆਂ ਉਨ੍ਹਾਂ ਨੂੰ ਰਾਣਨੇ ਹਾਂ
ਗਲ ਆਪਣੀ ਤੇ ਜਿਹੜਾ ਨਾ ਆਵੇ ਓਹਨੂੰ ਆਪਣੀ ਗੱਲ ਤੇ ਆਣਨੇ ਹਾਂ
ਵਾਰਸਸ਼ਾਹ ਮੀਆਂ ਯਾਦ ਰੱਬ ਦੀ ਬਿਨ ਹੋਰ ਖਿਆਲ ਨੂੰ ਕੂੜ ਪਛਾਣਨੇ ਹਾਂ

ਕਲਾਮ ਸ਼ਾਇਰ

ਪਿਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਰਾਂਝਾ ਵੇਖਕੇ ਮੂਰਛਾਗੱਤ ਹੋਈਆਂ
ਅੱਖੀਂ ਟੱਡੀਆਂ ਰਹਿਓ ਨੇ ਮੁੱਖ ਬੰਨ੍ਹਣ ਟੰਗਾਂ ਬਾਂਹਾਂ ਵਗਾਇ ਬੇਮੱਤ ਹੋਈਆਂ
ਵੇਖ ਜੋਗੀੜੇ ਨੂੰ ਦਿਲੋਂ ਰੀਝ ਪਈਆਂ ਮੂੂੰਹੋਂ ਕਹਿਣ ਕੀਕੂੰ ਅਹਿਲਪੱਤ ਹੋਈਆਂ
ਘੇਰਾ ਘੱਤਿਓ ਨੇ ਗਿਰਦ ਜੋਗੀੜੇ ਦੇ ਛੇੜ ਛਾੜ ਉੱਤੇ ਪੰਜ ਸੱਤ ਹੋਈਆਂ
ਅਨੀ ਆਓ ਖਾਂ ਪੁੱਛੀਏ ਨੱਢੜੇ ਨੂੰ ਗਿਰਦ ਚੰਦ ਵਾਂਗੂੰ ਘੇਰਾ ਘੱਤ ਹੋਈਆਂ
ਧੁਪੇ ਆਣ ਖਲੋਤੀਆਂ ਵੇਂਹਦੀਆਂ ਨੇ ਮੁੜਕੇ ਡੁਬੀਆਂ ਤੇ ਰਤੋ ਰੱਤ ਹੋਈਆਂ
ਰੱਲ ਅਗਲੀਆਂ ਪਿਛਲੀਆਂ ਧੁੰਮ ਪਾਈ ਗੱਲ ਪੁਛਣੇ ਨੂੰ ਇਕ ਮੱਤ ਹੋਈਆਂ
ਵਾਰਸਸ਼ਾਹ ਰੰਝੇਟੇ ਤੇ ਨੱਢੀਆਂ ਦੀਆਂ ਗਲਾਂ ਅੰਤ ਹਿਸਾਬ ਦੀਆਂ ਅੱਤ ਹੋਈਆਂ

ਕੁੜੀਆਂ ਨੇ ਜੋਗੀ ਦੀ ਤਾਰੀਫ਼ ਕਰਨੀ

ਸਈਓ ਦੇਖੋ ਨੀ ਮਸਤ ਅਲਮਸਤ ਜੋਗੀ ਜੈੈਂਦਾ ਰੱਬ ਦੀ ਵਲ ਧਿਆਨ ਹੈ ਨੀ
ਜਿਨ੍ਹਾਂ ਭੌਰਾਂ ਨੂੰ ਆਸਰਾ ਰੱਬ ਦਾ ਏ ਘਰ ਬਾਰ ਨਾ ਤਾਨ ਨਾ ਮਾਨ ਹੈ ਨੀ