ਪੰਨਾ:ਹੀਰ ਵਾਰਸਸ਼ਾਹ.pdf/175

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੩)

ਸੋਨੇ ਵੰਨੜੀ ਦੇਹੀ ਨੂੰ ਖ਼ਾਕ ਕਰਕੇ ਰੁਲਣ ਖ਼ਾਕ ਵਿੱਚ ਫ਼ਕਰ ਦੀ ਬਾਨ ਹੈ ਨੀ
ਸੋਹਣਾ ਫੁੱਲ ਗੁਲਾਬ ਮਸ਼ੂਕ ਨੱਢਾ ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ
ਧੰਨ ਮਾਉਂ ਸੁਹਾਗਣ ਨੇ ਜੰਮਿਆ ਸੀ ਕੋਈ ਹੁਸਨ ਖਜਾਨੇ ਦੀ ਕਾਨ ਹੈ ਨੀ
ਜਿਨ੍ਹਾਂ ਭੰਗ ਪੀਤੀ ਸੁਆਹ ਲਾ ਬੈਠੇ ਤਿਨ੍ਹਾਂ ਮਾਹਣੂਆਂ ਨੂੰ ਕੇਹੀ ਕਾਨ ਹੈ ਨੀ
ਜਿਵੇਂ ਅਸੀਂ ਮੁਟਿਆਰੀਆਂ ਰੰਗ ਭਰੀਆਂ ਤਿਵੇਂ ਇਹ ਭੀ ਸਾਡੜਾ ਹਾਨ ਹੈ ਨੀ
ਆਓ ਪੁੱਛੀਏ ਕੇਹੜੇ ਦੇਸ ਦਾ ਏ ਅਤੇ ਏਸਦਾ ਕੌਣ ਮਕਾਨ ਹੈ ਨੀ
ਅੜੀਓ ਇਹੋ ਸਾਨੂੰ ਨਜ਼ਰ ਆਉਂਦਾ ਏ ਏਹ ਹੀਰ ਦੀ ਸਾਰੀ ਆਮਾਨ ਹੈ ਨੀ
ਵਾਰਸਸ਼ਾਹ ਨਾ ਛੇੜੀਏ ਆਸ਼ਕਾਂ ਨੂੰ ਯਾਦ ਰੱਬ ਦੀ ਵਿੱਚ ਗ਼ਲਤਾਨ ਹੈ ਨੀ

ਕੁੜੀਆਂ ਨੇ ਜੋਗੀ ਦਾ ਹਾਲ ਪੁਛਣਾ

ਸੁਣੀ ਜੋਗੀਆ ਗਭਰੂਆ ਛੈਲ ਬਾਂਕੇ ਨੈਨਾਂ ਖਵਿਆ ਮਸਤ ਦੀਵਾਨਿਆਂ ਵੇ
ਕੰਨੀ ਮੁੰਦਰਾਂ ਸੁੰਦਰਾਂ ਸੇਲ੍ਹੀਆਂ ਨੀ ਦਾਹੜੀ ਪੱਟ ਸਿਰ ਭਵਾਂ ਮੁਨਾਨਿਆਂ ਵੇ
ਵਿਚੋਂ ਨੈਣ ਹੱਸਣ ਹੋਠ ਭੇਤ ਦੱਸਣ ਅੱਖੀਂ ਮੀਚ ਦਾ ਨਾਲ ਬਹਾਨਿਆਂ ਵੇ
ਕਿਸ ਮੁੰਨਿਓ ਕੰਨ ਕਿੱਸ ਪਾੜਿਓ ਨੀ ਤੇਰਾ ਵਤਨ ਹੈ ਕੌਣ ਦੀਵਾਨਿਆਂ ਵੇ
ਕਿਨ੍ਹਾਂ ਜਟਾਂ ਦਾ ਪੁੱਤ ਤੂੰ ਕੌਣ ਕੋਈ ਅਸੀਂ ਪੁਛਦੀਆਂ ਗੱਲ ਸ਼ਰਮਾਨੀਆਂ ਵੇ
ਰਾਂਝਾ ਤਖਤ ਹਜ਼ਾਰੇ ਦਾ ਜਾਪਦਾ ਏਂ ਅਸੀਂ ਸਾਰੀਆਂ ਮਗਜ਼ ਖਪਾਨੀਆਂ ਵੇ
ਕੌਣ ਜ਼ਾਤ ਤੇ ਕਾਸਨੂੰ ਜੋਗ ਲਿਆ ਸੱਚ ਸੱਚ ਹੀ ਦੱਸ ਮਸਤਾਨਿਆ ਵੇ
ਏਸ ਉਮਰ ਕੀ ਵਾਇਦੇ ਪਏ ਤੈਨੂੰ ਕਿਉਂ ਭੌਨਾ ਏਂ ਦੇਸ ਬੇਗਾਨਿਆਂ ਵੇ
ਕਿਸੇ ਰੰਨ ਭਾਬੀ ਬੋਲੀ ਮਾਰੀਆ ਈ ਹਿੱਕ ਸਾੜੀਆ ਸੂ ਨਾਲ ਤਾਨਿਆਂ ਵੇ
ਵਿਚ ਤਿੰਞਣਾਂ ਪਵੇ ਵੀਚਾਰ ਤੇਰੀ ਹੋਵੇ ਜ਼ਿਕਰ ਤੇਰਾ ਚਕੀ ਹਾਨਿਆਂ ਵੇ
ਬੀਬਾ ਦਸ ਸ਼ਿਤਾਬ ਹੈ ਜੀਉ ਜਾਂਦਾ ਅਸੀਂ ਧੁੱਪ ਦੇ ਨਾਲ ਮਰ ਜਾਨੀਆਂ ਵੇ
ਨਾਲੇ ਪੁਛਦੀਆਂ ਤੇ ਮੁਸਕ੍ਰਾਂਦੀਆਂ ਨੀ ਨਾਲੇ ਆਖਦੀਆਂ ਅਸੀਂ ਹੁਣ ਜਾਨੀਆਂ ਵੇ
ਕਰਨ ਮਿੰਨਤਾਂ ਮੁੱਠੀਆਂ ਭਰਨ ਬਹਿਕੇ ਹੁਣੇ ਪੁੱਛਕੇ ਅਸੀਂ ਤੁਰ ਜਾਨੀਆਂ ਵੇ
ਵਾਰਸਸ਼ਾਹ ਗੁਮਾਨ ਨਾ ਕਰੀਂ ਮੀਆਂ ਐ ਵੇ ਹੀਰ ਦਿਆ ਮਾਲ ਖਜ਼ਾਨਿਆਂ ਵੇ

ਜਵਾਬ ਰਾਂਝਾ

ਰਾਂਝੇ ਆਖਿਆ ਖਿਆਲ ਨਾ ਪਵੋ ਮੇਰੇ ਸ਼ੀਂਹ ਸੱਪ ਫ਼ਕੀਰ ਦਾ ਦੇਸ ਕੇਹਾ
ਕੂੂੰਜਾਂ ਵਾਂਗ ਮਮੋਲਿਆਂ ਦੇਸ ਛੱਡੇ ਅਸਾਂ ਜ਼ਾਤ ਸਫਾਤ ਤੇ ਭੇਸ ਕੇਹਾ
ਵਤਨ ਦਮਾਂ ਦੇ ਨਾਲ ਤੇ ਅਸੀਂ ਜੋਗੀ ਸਾਡਾ ਸਾਕ ਕਬੀਲੜਾ ਖੇਸ ਕੇਹਾ
ਜਿਹੜਾ ਵਤਨ ਤੇ ਜ਼ਾਤ ਵਲ ਧਿਆਨ ਰੱਖੇ ਦੁਨੀਆਂਦਾਰ ਹੈ ਓਹ ਦਰਵੇਸ਼ ਕੇਹਾ
ਦੁਨੀਆ ਨਾਲ ਪੈਵੰਦ ਹੈ ਅਸਾਂ ਕੇਹਾ ਪੱਥਰ ਜੋੜਨਾ ਨਾਲ ਸਰੇਸ਼ ਕੇਹਾ