ਪੰਨਾ:ਹੀਰ ਵਾਰਸਸ਼ਾਹ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੧)

ਪਿੰਡ ਦੇ ਮੁੰਡੇ ਜੋਗੀ ਨੂੰ ਤ੍ਰਿੰਞਣ ਵਿਚ ਲੈ ਗਏ

ਚਲ ਜੋਗੀਆ ਅਸੀਂ ਵਿਖਾ ਲਿਆਈਏ ਜਿਥੇ ਤ੍ਰਿਞਣੀ ਛੋਹਰੀਆਂ ਗਾਂਦੀਆਂ ਨੇ
ਲੈ ਕੇ ਜੋਗੀ ਨੂੰ ਆਣ ਵਿਖਾਇਓ ਨੇ ਇੱਥੇ ਵਹੁਟੀਆਂ ਛੋਪਰੇ ਪਾਂਦੀਆਂ ਨੇ
ਤੰਦ ਨਿਕਲੀ ਤਕਲਿਓਂ ਤੋੜ ਕੇ ਤੇ ਇਕ ਦੂਈ ਨੂੰ ਬਹੁਤ ਹਸਾਂਦੀਆਂ ਨੇ
ਇਕ ਬਾਇੜਾਂ ਨਾਲ ਘਸਾ ਬਾਇੜਾਂ ਇਕ ਮਾਹਲ ਤੇ ਮਾਹਲ ਚੜ੍ਹਾਂਦੀਆਂ ਨੇ
ਇਕ ਮਚਦੀਆਂ ਮਸਤ ਮਲੰਗ ਬਣਕੇ ਇਕ ਸਾਂਗ ਝੁਹੇਟੀ ਦਾ ਲਾਂਦੀਆਂ ਨੇ
ਰੰਗ ਰੰਗ ਦੀ ਹੇਕ ਮਹੀਨ ਕਰ ਕੇ ਵਾਰਸਸ਼ਾਹ ਨੂੰ ਗੀਤ ਸੁਣਾਂਦੀਆਂ ਨੇ

ਜੋਗੀ ਨੇ ਤਿੰਵਣ ਵਿਚ ਦਾਖਲ ਹੋਣਾ

ਜਿਥੇ ਤ੍ਰਿਞਣਾਂ ਦੇ ਘੁਮਕਾਰ ਪੌਂਦੇ ਕੱਤਣ ਬੈਠਕੇ ਲੱਖ ਮਹਿਰੇਟੀਆਂ ਨੇ
ਖਤਰੇਟੀਆਂ ਅਤੇ ਬਮ੍ਹਨੇਟੀਆਂ ਨੇ ਤਰਖੇਟੀਆਂ ਅਤੇ ਜਟੇਟੀਆਂ ਨੇ
ਸੁੰਦਰ ਕੁਆਰੀਆਂ ਰੂਪ ਸ਼ਿੰਗਾਰੀਆਂ ਨੇ ਅਤੇ ਵਿਆਹੀਆਂ ਮੁਸ਼ਕ ਲਪੇਟੀਆਂ ਨੇ
ਲੋਹਾਰੀਆਂ ਲੌਂਗ ਸੁਪਾਰੀਆਂ ਨੇ ਸੁੰਦਰ ਖੋਜਨਾਂ ਤੇ ਰੰਗਰੇਟੀਆਂ ਨੇ
ਅਰੋੜੀਆਂ ਮੁਸ਼ਕ ਵਿਚ ਬੋੜੀਆਂ ਨੇ ਫੁਲਿਆਰੀਆਂ ਛੈਲ ਸੁਖਰੇਟੀਆਂ ਨੇ
ਮੁਨਿਆਰੀਆਂ ਤੇ ਪਖੀਵਾਰੀਆਂ ਨੇ ਸੁੰਦਰ ਤੇਲਨਾਂ ਨਾਲ ਮਛੇਟੀਆਂ ਨੇ
ਪਠਾਣੀਆਂ ਚਾਦਰਾਂ ਤਾਣੀਆਂ ਨੇ ਪਸ਼ਤੋ ਮਾਰਦੀਆਂ ਨਾਲ ਮੁਗਲੇਟੀਆਂ ਨੇ
ਪੰਜਾਰੀਆਂ ਨਾਲ ਚਮਿਆਰੀਆਂ ਨੇ ਰਾਜਪੂਤਨਾਂ ਨਾਲ ਭਟੇਟੀਆਂ ਨੇ
ਦਰਜਾਨੀਆਂ ਸੁਘੜ ਸਿਆਣੀਆਂ ਨੇ ਬਰਵਾਲੀਆਂ ਨਾਲ ਮਚੇਟੀਆਂ ਨੇ
ਰਾਵਲਾਣੀਆਂ ਬੇਟੀਆਂ ਬਾਣੀਆਂ ਦੀਆਂ ਜਟਾਂ ਵਾਲੀਆਂ ਨਾਲ ਢਟੇਟੀਆਂ ਨੇ
ਗਡੀਲਨਾਂ ਛੈਲ ਛਬੀਲਨਾਂ ਨੇ ਤੇ ਕਲਾਲਨਾਂ ਭਾਬੜੇ ਬੇਟੀਆਂ ਨੇ
ਚੰਗੜਾਨੀਆਂ ਨਾਈਨਾਂ ਮੀਰਜ਼ਾਦਾਂ ਨਾਲ ਸੋਂਹਦੀਆਂ ਹੋਰ ਡੁਮੇਟੀਆਂ ਨੇ
ਝਬੇਲਨਾਂ ਮੇਉਨਾਂ ਫਫੇ ਕੁਟਣਾਂ ਤੇ ਕਸਾਇਣਾਂ ਨਾਲ ਠਠਰੇਟੀਆਂ ਨੇ
ਬਾਜੀਗਰਨੀਆਂ ਨਟਨੀਆਂ ਕੰਗਰਾਨਾਂ ਵੀਰਾਂ ਰਾਂਧਣਾ ਰਾਮ ਜਟੇਟੀਆਂ ਨੇ
ਪੂਰਬਾਣੀਆਂ ਹਬਸ਼ਨਾਂ ਰੰਗਰੇਜ਼ਾਂ ਤੇ ਬੈਰਾਗਨਾਂ ਨਾਲ ਠਟਰੇਟੀਆਂ ਨੇ
ਸਨਿਆਸਨਾਂ ਅਤੇ ਖਰਾਸਨਾਂ ਨੇ ਦਾਲ ਗਰਨੀਆਂ ਨਾਲ ਵਲੇਟੀਆਂ ਨੇ
ਕਾਗਜ਼ਕੁਟ ਦਬਗ੍ਰਨੀਆਂ ਉਰਦ ਬੈਂਗਨ ਹਾਥੀਵਾਨਨਾਂ ਨਾਲ ਬਲੋਚੇਟੀਆਂ ਨੇ
ਬਾਂਕੀਆਂ ਗੁਜ੍ਰੀਆਂ ਡੋਗ੍ਰਨਾਂ ਛੈਲ ਬਨਆਂ ਰਾਜਪੂਤਨਾਂ ਰਾਜੇ ਦੀਆਂ ਬੇਟੀਆਂ ਨੇ
ਮਲਵਾਨੀਆਂ ਹੋਰ ਅਰਾਇਣਾਂ ਨੇ ਕਸ਼ਮੀਰਨਾਂ ਨਾਲ ਬਹਿਲੇਟੀਆਂ ਨੇ
ਮੁਜਰੇਟੀਆਂ ਡੂਮਨਾਂ ਧਾਈ ਕੁਟਾਂ ਆਤਸ਼ ਬਾਜ਼ਨਾਂ ਨਾਲ ਸਹਿਲੇਟੀਆਂ ਨੇ
ਪਰੀਜ਼ਾਦ ਹੁਸੀਨ ਪਹਾੜਨਾਂ ਤੇ ਮੁਲਤਾਨਨਾਂ ਨਾਲ ਸਿੰਧੇਟੀਆਂ ਨੇ