ਪੰਨਾ:ਹੀਰ ਵਾਰਸਸ਼ਾਹ.pdf/186

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੪)

ਮਥਾ ਨਾਲ ਫ਼ਕੀਰ ਦੇ ਲਾਇਆ ਈ ਧੁਰੋਂ ਜੜ੍ਹਾਂ ਤੋਂ ਲਾਹ ਪੁਟੀਣੀਏਂ ਨੀ
ਥਈਆ ਥਈਆ ਕਰਦੀ ਫਿਰੇਂ ਨੱਚਦੀ ਤੂੰ ਟੱਲ ਜਾਂ ਫ਼ਕੀਰ ਤੋਂ ਮੀਣੀਏਂ ਨੀ
ਵਾਰਸਸ਼ਾਹ ਫ਼ਕੀਰ ਦੇ ਵੈਰ ਪਈਏਂ ਜਰਮ ਤਤੀਏ ਕਰਮਾਂ ਦੀਏ ਹੀਣੀਏਂ ਨੀ

ਕਲਾਮ ਸਹਿਤੀ

ਸੁਣੀ ਜੋਗੀਆ ਲੁੁੰਡ ਭਛੁੰਨਿਆ ਵੇ ਤੇ ਬੇਸ਼ਰਮ ਕੁਪੱਤਿਆ ਮੋਟਿਆ ਵੇ
ਧਰਨਾ ਮਾਰ ਬੈਠੋੋਂ ਵਿੱਚ ਕੁਆਰੀਆਂ ਦੇ ਕਿਸੇ ਵਿਹਲੜੀ ਬਾਰ ਦਿਆ ਝੋਟਿਆ ਵੇ
ਲਾਯੋ ਵੇਸ ਮਦਾਰੀਆਂ ਜੋਗੀਆਂ ਦਾ ਫਰਫੇਜ਼ੀਆ ਨਹੁੰ ਨਹੁੁੰ ਖੋਟਿਆ ਵੇ
ਜਾਣ ਗਈ ਹਾਂ ਮੈਂ ਸਾਰਾ ਮਕਰ ਤੇਰਾ ਉਤੋਂ ਸਾਵਿਆ ਵਿਚੋਂ ਪਕਨੋਟਿਆ ਵੇ
ਟਿੰਡ ਵਿੱਚ ਦਾਰੂ ਸਾਹਾਂ ਨਾਲ ਲਾਗਾ ਸਿੱਧਾ ਕਰੂੰਗੀ ਮਾਰਕੇ ਸੋਟਿਆ ਵੇ
ਧਰਕੋਨਿਆ ਕੋਨ ਮਕੋਨਿਆ ਵੇ ਕਿਸੇ ਚੱਕ ਤੋਂ ਲੱਥਿਆ ਲੋਟਿਆ ਵੇ
ਬਯੋਂਤ ਫ਼ਕਰ ਦੀ ਮੰਨ ਨਾ ਨਰਮ ਹੋਯੋੋਂ ਰਹਿਓ ਸਖ਼ਤ ਹੀ ਧਾਂਤ ਦਿਆ ਟੋਟਿਆ ਵੇ
ਪਵੇ ਕਾਗਜ਼ ਤੇ ਵਾਰਸਾ ਤਦੋਂ ਨੁਕਤਾ ਜਦੋਂ ਜਾਇ ਤਖਤੀ ਵੱਟੇ ਘੋਟਿਆ ਵੇ

ਜਵਾਬ ਜੋਗੀ

ਖੱਚੇ ਵਹਿਕਲੇ ਵਡੀ ਚਕਚਾਲ ਰੰਨੇਂ ਕਿਸੇ ਮਾਂ ਕਮਜਾਤ ਦੀ ਵਹਿੜੀਏ ਨੀ
ਨਰੜ ਕੱਸੀਏ ਗਰੜ ਗੜੱਸੀਏ ਨੀ ਨਰਗ ਗੰਧੀਏ ਅੰਗ ਝਪੀੜੀਏ ਨੀ
ਵੱਟੇ ਮੱਥੀਏ ਨਾਸ ਮਰੋੜੀਏ ਨੀ ਘੁਰਕ ਬਿੱਲੀਏ ਖ਼ਾਕ ਚੰਬੀੜੀਏ ਨੀ
ਚਿੱਤੜ ਘੱਸੀਏ ਤੇ ਮੂੰਹੋਂ ਠੱਸੀਏ ਨੀ ਦੰਦ ਚੀਸੀਏ ਜੀਭ ਕਲੀੜੀਏ ਨੀ
ਝੱਖੜ ਝਾਂਜੜੇ ਤੇ ਐਵੇਂ ਵਾਂਜੜੇ ਨੀ ਕਹੀ ਚੰਬੜੀ ਜਿਉਂ ਕਕੀ ਕੀਰੀਏ ਨੀ
ਘੇਉ ਘਨੋਲੀਏ ਔਲ ਸੰਗੋਲੀਏ ਨੀ ਦੁੱਧ ਛੇਲੀਏ ਜੋਗੀਆਂ ਲੀੜ੍ਹੀਏ ਨੀ
ਮੂੰਹ ਪਾਟੀਏ ਤੇ ਚੀਰ ਚੱਡੀਏ ਨੀ ਬਾਹਰੋਂ ਖੁੱਲ੍ਹੀਏ ਤੇ ਵਿੱਚੋਂ ਭੇੜੀਏ ਨੀ
ਅਣਛੂਤੀਏ ਚੁਥੀਆਂ ਪੋਥੀਏ ਨੀ ਯਾਰੀ ਜੋਗੀਆਂ ਦੱਬ ਗਹੀੜੀਏ ਨੀ
ਧੜਦ ਬਾਣੀਏ ਫੜਸ ਮਰਾਨੀਏਂ ਨੀ ਕਿਸੇ ਨੌਲੀਏਂ ਮਾਰ ਪਦੀੜੀਏ ਨੀ
ਰਾਹੀ ਜਾਂਦੜੇ ਚੁੰਨੀਆਂ ਨਾਲ ਘੇਰੇਂ ਛੱਡ ਪਿੰਨੀਏ ਬਣੀ ਖੁਰੀੜੀਏ ਨੀ
ਲੂੰ ਲੂੰ ਤੇਰਾ ਤ੍ਰਿੰਞਣ ਵਿੱਚ ਭੁੜਕੇ ਚਰਖਾ ਸੱਟਿਆ ਈ ਸਣੇ ਪੀੜ੍ਹੀਏ ਨੀ
ਵਾਰਸ ਤੇਲ ਆਪੇ ਨਿਕਲ ਰਾਹ ਪੈਂਦਾ ਵਖਰ ਘੱਤ ਕੋਹਲੂ ਲੱਠੇ ਪੀੜੀਏ ਨੀ

ਕਲਾਮ ਸ਼ਾਇਰ

ਧੱਕੇ ਧੋੜੇ ਸੀ ਖਾਉਂਦਾ ਵਿੱਚ ਨਗਰੀ ਨਹੀਂ ਜ਼ੋਰ ਸੀ ਇਸ਼ਕ ਦਿਆ ਮਾਰਿਆਂ ਦਾ
ਹਰ ਹੱਰ ਵਿਹੜੇ ਜਾ ਕੇ ਪਾਇ ਝਾਤੀ ਫਿਰੇ ਢੂੰਡਦਾ ਦਰਸ ਪਿਆਰਿਆਂ ਦਾ
ਫਿਰੇ ਗਲੀਆਂ ਦੇ ਵਿਚ ਹੈਰਾਨ ਹੋਯਾ ਇਹੋ ਹਾਲ ਹੈ ਇਸ਼ਕ ਦੇ ਸਾੜਿਆਂ ਦਾ