(੧੭੫)
ਖੋਜ ਤੱਕਦਾ ਯਾਰ ਦਾ ਫਿਰੇ ਭੌਂਦਾ ਘਰ ਲੱਭਦਾ ਸੱਚ ਨਿਤਾਰਿਆਂ ਦਾ
ਨਜ਼ਰ ਬਾਜ ਫਿਰੇ ਵਿੱਚ ਕੂਚਿਆਂ ਦੇ ਆਸ਼ਕ ਜਾਇਆ ਇਸ਼ਕ ਅਵਾੜਿਆਂ ਦਾ
ਵਾਰਸ ਤਲਬ ਕਿਤਾਬ ਨੂੰ ਹੱਥ ਲੈਕੇ ਘਰ ਘਰ ਪੜ੍ਹਦਾ ਸੀ ਸਬਕ ਨਜ਼ਾਰਿਆਂ ਦਾ
ਜੋਗੀ ਨੇ ਰੰਗਪੁਰ ਵਿਚ ਮੰਗਣ ਚੜ੍ਹਣਾ
ਵਿਹੜੇ ਜਟਾਂ ਦੇ ਮੰਗਦਾ ਜਾ ਵੜਿਆ ਅਗੇ ਜੱਟ ਬੈਠਾ ਗਾਂ ਮੇਲਦਾ ਏ
ਸਿੰਙੀ ਫੂਕ ਕੇ ਨਾਦ ਘੁਕਾਇਆ ਸੂ ਜੋਗੀ ਗੱਜਕੇ ਜਾ ਵਿੱਚ ਠੇਲਦਾ ਏ
ਹੁ ਹੂ ਕਰਕੇ ਸੰਘ ਟੱਡਿਆ ਸੂ ਫੀਲਬਾਨ ਜਿਉਂ ਹਸਤ ਨੂੰ ਪੇਲਦਾ ਏ
ਵਿਹੜੇ ਵਿੱਚ ਅਵਧੂਤ ਜਾ ਗੱਜਿਆ ਏ ਮਸਤ ਸਾਨ੍ਹ ਵਾਂਗੂੰ ਡੰਡ ਪੇਲਦਾ ਏ
ਅੱਡੀ ਮਾਰ ਕੇ ਗਾਂ ਉਕਾਈਆ ਸੂ ਕੰਮ ਜੋਗੀ ਦਾ ਵੇਖ ਉਲੇਲਦਾ ਏ
ਵਾਰਸਸ਼ਾਹ ਮੀਆਂ ਵਰਜ ਰਾਂਝਣੇ ਨੂੰ ਕਿਉਂ ਵਿਹਾਜਿਓ ਵੈਰ ਸਵੇਲਦਾ ਏ
ਜੋਗੀ ਤੋਂ ਡਰਕੇ ਗਾਂ ਨੇ ਸ਼ੋਖੀ ਕਰਨੀ
ਨਿਆਣਾ ਤੋੜ ਕੇ ਢਾਂਡੜੀ ਉੱਠ ਨੱਠੀ ਭੰਨ ਦੋਹਣੀ ਦੁੱਧ ਸਭ ਡੋਹਲਿਆ ਏ
ਘੱਤ ਖੈਰ ਇਸ ਕਟਕ ਦੇ ਮੋਹਰੀ ਨੂੰ ਜੱਟ ਉੱਠਕੇ ਰੋਹ ਹੋ ਬੋਲਿਆ ਏ
ਕਿਸ ਲੁੱਚੜੇ ਦੇਸ ਦਾ ਜੋਗੀੜਾ ਤੂੰ ਏਥੇ ਰੰਗ ਕੀ ਆਣ ਕੇ ਘੋਲਿਆ ਏ
ਸੂਰਤ ਜੋਗੀਆਂ ਦੀ ਅਖੀਂ ਗੁੰਡਿਆਂ ਦੀ ਟਾਪ ਕਣਕ ਦੀ ਤੇ ਜੀਉ ਡੋਲਿਆ ਏ
ਜੋਗੀ ਅਖੀਆਂ ਕੱਢ ਕੇ ਘੱਤ ਤਿਉੜੀ ਲੈ ਕੇ ਖੱਪਰੀ ਹਥ ਵਿਚ ਤੋਲਿਆ ਏ
ਵਾਰਸਸ਼ਾਹ ਹੁਣ ਜੋਗ ਤਹਿਕੀਕ ਹੋਯਾ ਜੀਉ ਸ਼ਾਗਨੀ ਦਾ ਅਗੋਂ ਬੋਲਿਆ ਏ
ਜੱਟੀ ਨੇ ਜੋਗੀ ਨੂੰ ਗਾਲ੍ਹਾਂ ਕਢਣੀਆਂ
ਜੱਟੀ ਬੋਲਕੇ ਦੁੱਧ ਦੀ ਕਸਰ ਕੱਢੀ ਸਭ ਅੜਤਨੇ ਪੜਤਨੇ ਪਾੜ ਸੁੱਟੇ
ਪੁਣੇ ਦਾਦੇ ਪੜਦਾਦੜੇ ਜੋਗੀੜੇ ਦੇ ਸਭੇ ਟੰਗਣੇ ਤੇ ਸਾਕ ਚਾੜ੍ਹ ਸੁੱਟੇ
ਜਿਹੜੇ ਤਾ ਚਵਾ ਸਨ ਭੜਕ ਵਾਲੇ ਕਰ ਜੋਗੀ ਦੇ ਠੰਢੜੇ ਠਾਰ ਸੁੱਟੇ
ਧਕੇ ਦੇਂਵਦੀ ਜਾਹ ਤੂੰ ਚੋਬਰਾ ਵੇ ਨਾਲੇ ਚੋਲੇ ਦੇ ਪਾੜ ਲੰਗਾਰ ਸੁੱਟੇ
ਬੋਲੀ ਮਾਰਕੇ ਗਾਲ੍ਹੀਆਂ ਦੇ ਜੱਟੀ ਪਰਦੇ ਫ਼ਕਰ ਸੰਦੇ ਸਾਰੇ ਪਾੜ ਸੁੱਟੇ
ਜੋਗੀ ਰੋਹ ਦੇ ਨਾਲ ਖੜਲੱਤ ਘੱਤੀ ਧਰੌਲ ਮਾਰਕੇ ਦੰਦ ਸਭ ਝਾੜ ਸੁੱਟੇ
ਜੱਟੀ ਜਿਮੀਂ ਤੇ ਪੱਟੜੇ ਵਾਂਗ ਢੱਠੀ ਜਿਵੇਂ ਵਾਹਰੂ ਫੱੜ ਕੇ ਧਾੜ ਸੁੱਟੇ
ਵਾਰਸਸ਼ਾਹ ਮੀਆਂ ਜਿਵੇਂ ਪਕੜ ਤੇਸਾ ਫ਼ਰਿਹਾਦ ਨੇ ਚੀਰ ਪਹਾੜ ਸੁੱਟੇ
ਜੱਟੀ ਦੀ ਫਰਿਆਦ
ਜੱਟ ਵੇਖ ਕੇ ਜੱਟੀ ਨੂੰ ਕਾਂਗ ਕੀਤੀ ਵੇਖੋ ਪਰੀ ਨੂੰ ਰਿੱਛ ਪਥੱਲਿਆ ਜੇ
ਮੇਰੀ ਸੈਆਂ ਦੀ ਮਿਹਰ ਨੂੰ ਮਾਰ ਜਿੰਦੋਂ ਤਿਲਕ ਮਹਿਰਦੀ ਸੱਥ ਨੂੰ ਚੱਲਿਆ ਜੇ
ਲੋਕਾ ਬਾਹੁੜੀ ਤੇ ਫਰਿਆਦ ਕੂਕੇ ਮੇਰਾ ਝੁਗੜਾ ਚੌੜ ਕਰ ਚੱਲਿਆਂ ਜੇ