ਪੰਨਾ:ਹੀਰ ਵਾਰਸਸ਼ਾਹ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੬)

ਪਕੜ ਲਾਠੀਆਂ ਗੱਭਰੂ ਆਣ ਢੁੱਕੇ ਵਾਂਗ ਕਾਢਵੇ ਕਟਕ ਦੇ ਹੱਲਿਆ ਜੇ
ਪਿੰਡ ਵਿੱਚ ਇਹ ਆਣ ਬਲਾ ਵੜੀ ਜਹਾਂ ਜਿੰਨ ਪਛਵਾੜ ਵਿਚ ਮੱਲਿਆ ਜੇ
ਵਾਰਸਸ਼ਾਹ ਜਿਵੇਂ ਧੂੰਆਂ ਸਰਕਿਆਂ ਤੋਂ ਬੱਦਲ ਪਾਟਕੇ ਘਟਾਂ ਹੋ ਚੱਲਿਆ ਜੇ

ਜੋਗੀ ਨੂੰ ਮਾਰਨ ਵਾਸਤੇ ਲੋਕਾਂ ਤਿਆਰ ਹੋਣਾ

ਆਇ ਆਇ ਮੁਹਾਣਿਆਂ ਜਦੋਂ ਕੀਤੀ ਚਹੁੰ ਵੰਨੀਂ ਜਾਂ ਪਲਮ ਕੇ ਆ ਗਏ
ਸੱਚੋ ਸੱਚ ਜਾਂ ਫਾਟ ਨੂੰ ਤਿਆਰ ਹੋਏ ਜੋਗੀ ਹੋਰੀ ਭੀ ਜੀਉ ਚੁਰਾ ਗਏ
ਵੇਖੋ ਫ਼ਕਰ ਅਲਾਹ ਦੇ ਮਾਰ ਜੱਟੀ ਓਸ ਜਟ ਨੂੰ ਵਾਇਦਾ ਪਾ ਗਏ
ਦੂਏ ਵਿਹੜੇ ਨੂੰ ਚਾ ਮੁਹਾਰ ਛੱਡੀ ਚੁੱਭੀ ਦੇਕੇ ਚੰਦ ਕਲਕਾ ਗਏ
ਜਦੋਂ ਗੱਲ ਪਛਾਤੜੀ ਆਣ ਵੱਜੀ ਜੋਗੀ ਹੋਰੀ ਭੀ ਕਦਮ ਉਠਾ ਗਏ
ਵੇਖੋ ਆਸ਼ਕ ਗਜ਼ਬ ਦੇ ਸਿਰੇ ਚੜ੍ਹ ਕੇ ਝੱਟ ਸ਼ੇਰ ਵਾਲਾ ਹੁਣ ਲਾ ਗਏ
ਜਦੋਂ ਮਾਰ ਚੌਤਰਫ ਤਿਆਰ ਹੋਈ ਓਦੋਂ ਆਪਣਾ ਆਪ ਖਿਸਕਾ ਗਏ
ਇੱਕ ਫਾਟ ਕੱਢੀ ਸੱਭੇ ਸਮਝ ਗਈਆਂ ਰੰਨਾਂ ਪਿੰਡ ਦੀਆਂ ਨੂੰ ਰਾਹ ਪਾ ਗਏ
ਜਦੋਂ ਖਸਮ ਮਿਲੇ ਪਿੱਛੇ ਵਾਹਰਾਂ ਦੇ ਤਦੋਂ ਧਾੜਵੀ ਘੋੜੇ ਦੁੜਾ ਗਏ
ਹੱਥ ਲਾ ਕੇ ਬਰਕਤੀ ਜੁਆਨ ਪੂਰੇ ਕਰਾਮਾਤ ਹੀ ਜ਼ਾਹਰਾ ਵਿਖਾ ਗਏ
ਮਾਰ ਚੂਰ ਕਰਕੇ ਉਹਦੇ ਹੱਡ ਗੋਡੇ ਵਾਹਰ ਵੇਖ ਇਕ ਪਾਸੜੇ ਧਾ ਗਏ
ਵਾਰਸਸ਼ਾਹ ਮੀਆਂ ਪਿਸਤੇ ਬਾਜ਼ ਛੁੱਟੇ ਜਾਨ ਰੱਖ ਕੇ ਚੋਟ ਚਲਾ ਗਏ

ਕਲਾਮ ਸ਼ਾਇਰ

ਕਿਤੇ ਵਲਗਣਾਂ ਵੇੜ੍ਹੇ ਤੇ ਅਰਲ ਖੋਲਾ ਕਿਤੇ ਭੱਖਲਾਂ ਅਤੇ ਖੁਰਲਾਣੀਆਂ ਨੇ
ਕਿਤੇ ਕੋਰੀਆਂ ਚਾਟੀਆਂ ਥੂਣੀਆਂ ਨੇ ਕਿਤੇ ਕਿੱਲੀਆਂ ਨਾਲ ਮਧਾਣੀਆਂ ਨੇ
ਘਰ ਉੱਜਲਾ ਰਾਂਝੇ ਨੂੰ ਨਜ਼ਰ ਆਯਾ ਚੀਜ਼ਾਂ ਡਿੱਠੀਆਂ ਜਾਂ ਮਨ ਭਾਣੀਆਂ ਨੇ
ਸੋਹਣੇ ਲੇਫ ਰਜ਼ਾਈਆਂ ਟੰਗਣੇ ਤੇ ਲਾਚੇ ਲੁੰਙੀਆਂ ਖ਼ੂਬ ਚੌਤਾਣੀਆਂ ਨੇ
ਕਿਤੇ ਵੱਲ ਡਿੱਠੇ ਪਲੰਘ ਕੜਕਲਾਂ ਦੇ ਕਿਤੇ ਟੰਗੀਆਂ ਮੁਹਰਕਾਂ ਸਾਣੀਆਂ ਨੇ
ਕਿਤੇ ਨੌਹਣ ਪੈਂਹਣ ਹੱਸ ਭਾਰੀਆਂ ਦੇ ਕਿਤੇ ਸੋਂਹਦੀਆਂ ਗਲਾਂ ਦੀਆਂ ਗਾਨੀਆਂ ਨੇ
ਛੱਤਾਂ ਨਾਲ ਟੰਗੇ ਹੋਏ ਨਜ਼ਰ ਆਵਣ ਖੋਪੇ ਨਾੜੀਆਂ ਅਤੇ ਪਰਾਣੀਆਂ ਨੇ
ਓਥੇ ਇਕ ਛਨਛੋਰੜੀ ਜਿਹੀ ਬੈਠੀ ਕਿਤੇ ਨਿਕਲੀਆਂ ਘਰੋਂ ਸਿਆਣੀਆਂ ਨੇ
ਕੋਈ ਪਲੰਘ ਉਤੇ ਨਾਗਰ ਵੇਲ ਬੈਠੀ ਜਿਵੇਂ ਰੰਗ ਮਹਲ ਵਿਚ ਰਾਣੀਆਂ ਨੇ
ਸਹਿਤੀ ਆਖਿਆ ਭਾਬੀਏ ਵੇਖ ਤੂੰ ਨੀ ਫਿਰਦਾ ਲੁੱਚ ਮੁੰਡਾ ਕਰ ਕਰ ਸਾਣੀਆਂ ਨੇ
ਸਤਰਾਂ ਵਾਲੜੀ ਘਰੀਂ ਅਣਝੱਕ ਫਿਰਦਾ ਐਡੀ ਹੂੜ੍ਹ ਵਾਲੇ ਮਾਰਾਂ ਖਾਣੀਆਂ ਨੇ