ਪੰਨਾ:ਹੀਰ ਵਾਰਸਸ਼ਾਹ.pdf/189

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੭)

ਨਾਲ ਅਖੀਆਂ ਸੈਨਤਾਂ ਮਾਰਦਾ ਏ ਛੇੜਾਂ ਛੇੜਦਾ ਜ਼ੋਰ ਧਿੰਗਾਣੀਆਂ ਨੇ
ਫਿਟਕ ਨਵੀਂ ਵੱਗੀ ਭੰਗ ਪੀਣ ਲੱਗਾ ਧੁਰੋਂ ਲਾਨ੍ਹਤਾਂ ਏਸ ਪੁਰਾਣੀਆਂ ਨੇ
ਕੋਈ ਗੱਲ ਦਾ ਵੱਡਾ ਗਲਾਧੜੀ ਏ ਛੋਹ ਬਹਿੰਦਾ ਏ ਰਾਮ ਕਹਾਣੀਆਂ ਨੇ
ਭਾਬੀ ਅਖੀਆਂ ਇਹਦੀਆਂ ਖੀਵੀਆਂ ਨੇ ਜਿਵੇਂ ਲਾਈਆਂ ਨੇ ਉਪਰ ਸਾਣੀਆਂ ਨੇ
ਵਾਰਸ ਕੁਆਰੀਆਂ ਕੱਤ ਤੇ ਪੀਸ ਰਹੀਆਂ ਮੋਏ ਮਾਪੇ ਤੇ ਮਿਹਨਤਾਂ ਆਣੀਆਂ ਨੇ

ਹਾਲ ਜੋਗੀ

ਜੋਗੀ ਮੰਗ ਕੇ ਪਿੰਡ ਤਿਆਰ ਹੋਯਾ ਆਟਾ ਮੇਲਕੇ ਖੱਪਰਾ ਪੂਰਿਆ ਏ
ਕਿਸੇ ਹੱਸ ਕੇ ਰੁੱਗ ਚਾ ਪਾਇਆ ਏ ਕਿਸੇ ਜੋਗੀ ਨੂੰ ਚਾ ਵਡੂਰਿਆ ਏ
ਕਿਤੇ ਹੱਸ ਕੇ ਗੱਲ ਗਵਾ ਦੇਂਦਾ ਕਿਤੇ ਗੁੱਸਿਆਂ ਦੇ ਨਾਲ ਘੂਰਿਆ ਏ
ਯਾਰੋ ਯਾਰ ਦੇ ਮਿਲਨ ਦਾ ਢੰਗ ਕਹੀਏ ਏਸੇ ਵਾਸਤੇ ਜੋਗੀੜਾ ਝੂਰਿਆ ਏ
ਕਿਸੇ ਜੋਗੀ ਨੂੰ ਦੱਬ ਕੇ ਦਾਬ ਦਿੱਤਾ ਕਿਤੇ ਜੋਗੀ ਨੇ ਉਹਨਾਂ ਨੂੰ ਘੂਰਿਆ ਏ
ਪਹਿਲੇ ਖੇੜਿਆਂ ਦੀ ਝਾਤ ਪਾਈਆ ਸੂ ਵਾਰਸ ਚੌਧਵੀਂ ਦਾ ਚੰਦ ਪੂਰਿਆ ਏ

ਤਥਾ

ਜੋਗੀ ਹੀਰ ਦੇ ਸਾਹੁਰੇ ਜਾ ਵੜਿਆ ਭੁੱਖਾ ਜੱਟ ਜਿਉਂ ਫਿਰੇ ਲਾਲੋਰਦਾ ਜੀ
ਆਯਾ ਖੁਸ਼ੀ ਦੇ ਨਾਲ ਦਹਿਚੰਦ ਹੋਕੇ ਸੂਬੇਦਾਰ ਜਿਉਂ ਨਵਾਂ ਲਾਹੌਰ ਦਾ ਜੀ
ਪਿਆ ਤਾੜਦਾ ਬਾਗ ਸ਼ਿਕਾਰ ਵਾਂਗੂੰ ਸੀਨੇ ਤ੍ਰਾਣ ਸੀ ਇਸ਼ਕ ਦੇ ਜ਼ੋਰ ਦਾ ਜੀ
ਜਰਾ ਅੱਖੀਆਂ ਵਿੱਚ ਹਯਾ ਨਾਹੀਂ ਧਿਆਨ ਪਾਉਂਦਾ ਹੋਰਦੂੰ ਹੋਰ ਦਾ ਜੀ
ਧੁੱਸ ਦੇ ਕੇ ਵਿਹੜੇ ਵਿਚ ਆ ਵੜਿਆ ਕੱਠ ਕੀਤਾ ਸੂ ਸੰਨ੍ਹ ਤੇ ਚੋਰ ਦਾ ਜੀ
ਅਨੀ ਖੇੜਿਆਂ ਦੀ ਪਿਆਰੀ ਵਹੁਟੀਏ ਨੀ ਹੀਰੇ ਸੁੱਖ ਹੈ ਚਾ ਟਕੋਰਦਾ ਜੀ
ਖੈਰ ਘੱਤ ਰੰਨੇ ਤੈਨੂੰ ਆਖਿਆ ਈ ਮੰਗਣ ਜੱਟ ਦਾ ਢੰਗ ਹਨੋਰ ਦਾ ਜੀ
ਵਿਹੜੇ ਵੜਦਿਆਂ ਜੱਟੀਆਂ ਛੇੜਿਆ ਸੂ ਕੰਮ ਆਸ਼ਕਾਂ ਦਾ ਵੇਖ ਲੋਰ ਦਾ ਜੀ
ਸਹਿਤੀ ਵੇਖਦਿਆਂ ਆਖਿਆ ਲੁੱਚ ਫਿਰਦਾ ਓਦ੍ਹੀ ਵਾਗ ਨਾਹੀਂ ਕੋਈ ਮੋੜਦਾ ਜੀ
ਵਾਰਸਸ਼ਾਹ ਅੱਗੇ ਹੁਣ ਪਈ ਫਾਵ੍ਹੀ ਸ਼ਗਨ ਹੋਇਆ ਏ ਜੰਗ ਦੇ ਸ਼ੋਰ ਦਾ ਜੀ

ਕਲਾਮ ਸਹਿਤੀ ਹੀਰ ਨਾਲ

ਭਾਬੀ ਅਖੀਆਂ ਇਹਦੀਆਂ ਗੁੰਡੀਆਂ ਨੇ ਸ਼ਾਨ ਵੇਖਦਾ ਧੁਜਾ ਬਣਾਈਆਂ ਦਾ
ਕਿਤੇ ਸੱਜਰੇ ਕੰਨ ਪੜਾ ਆਯਾ ਕੰਨੀਂ ਬੁਰਾ ਹੈ ਐਡੀਆਂ ਚਾਈਆਂ ਦਾ
ਹੱਡ ਗੋਡੜੇ ਭੰਨਕੇ ਚੂਰ ਕਰਸਾਂ ਮਜ਼ਾ ਆਵਸੀ ਅੱਖੀਆਂ ਲਾਈਆਂ ਦਾ
ਆਦਮਗਰੀ ਦਾ ਤੌਰ ਨਾ ਇੱਕ ਇਸ ਤੇ ਵੈਸੇ ਜਾਪਦਾ ਪੁੱਤ ਭਰਾਈਆਂ ਦਾ
ਬੇਸ਼ਰਮ ਹੋ ਕੇ ਵਿਹੜੇ ਆਣ ਵੜਿਆ ਅਖੀਂ ਵਿੱਚ ਨਹੀਂ ਦੀਦ ਹਯਾਈਆਂ ਦਾ