ਪੰਨਾ:ਹੀਰ ਵਾਰਸਸ਼ਾਹ.pdf/190

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੮)

ਇਹਦਾ ਤੌਰ ਨਾ ਜੋਗੀਆਂ ਵਾਂਗ ਕੋਈ ਲੜਦਾ ਫਿਰੇ ਦੇਵਰ ਭਰਜਾਈਆਂ ਦਾ
ਵਾਰਸਸ਼ਾਹ ਜੋਗੀ ਲੋੜ੍ਹੇ ਮਾਰ ਫਿਰਦਾ ਜਿਹਾ ਸਾਹੁਰੇ ਕਦਰ ਜਵਾਈਆਂ ਦਾ

ਕਲਾਮ ਸਹਿਤੀ ਜੋਗੀ ਨਾਲ

ਸੱਚ ਆਖ ਤੂੰ ਰਾਵਲਾ ਕਹੇ ਸਹਿਤੀ ਤੇਰਾ ਜੀਉ ਕੇਹੜੀ ਗੱਲ ਲੋੜਦਾ ਏ
ਵਿਹੜੇ ਵੜਦਿਆਂ ਰਿਕਤਾਂ ਛੇੜੀਆਂ ਨੀ ਕੰਡਾ ਵਿਚ ਕਲੇਜੇ ਦੇ ਪੋੜਦਾ ਏ
ਪਹਿਲੇ ਹੀਰ ਨੂੰ ਪੁੱਛਿਓ ਸੁਖ ਹੀਰੇ ਪਾਇਲ ਮੋਰਨੀ ਤੇ ਪਾਵੇ ਮੋਰਦਾ ਏ
ਤੈਨੂੰ ਦੀਦ ਨਾ ਆਪਣੇ ਯਾਰ ਦੀ ਏ ਆਯੋਂ ਪੀਰ ਫ਼ਕੀਰ ਨੂੰ ਸੋਰਦਾ ਏ
ਜਾ ਅਲਖ ਵਜਾਇਕੇ ਨਾਦ ਫੂਕੇਂ ਸਵਾਲ ਪਾਉਂਦਾ ਲਟਪਟਾ ਤੋੜਦਾ ਏ
ਬਾਦਸ਼ਾਹਾਂ ਦੇ ਬਾਗ ਵਿਚ ਨਾਲ ਚਾਵੜ ਫਿਰੇਂ ਫੁੱਲ ਗੁਲਾਬ ਦਾ ਤੌੜਦਾ ਏ
ਨਾਲੇ ਕਰੇਂ ਠੱਠਾ ਨਾਲੇ ਮੰਗਦਾ ਏਂ ਮੂੰਹ ਨਾਲ ਤੱਕੇਂ ਨਾਲੇ ਹੋੜਦਾ ਏ
ਵਾਰਸਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ ਡਾਂਗ ਨਾਲ ਕੋਈ ਨਾਹੀਂ ਮੋੜਦਾ ਏ

ਕਲਾਮ ਜੋਗੀ

ਆ ਕੁਵਾਰੀਏ ਐਡ ਅਪਰਾਧਣੇ ਨੀ ਧੱਕਾ ਦੇਹ ਨਾ ਹਿੱਕ ਦੇ ਜ਼ੋਰ ਦਾ ਨੀ
ਬੁੁੰਦੇ ਕੁੰਦਲੇ ਨੱਥ ਤੇ ਹੱਸ ਕੜੀਆਂ ਬੈਠੀ ਰੂਪ ਬਣਾਇਕੇ ਮੋਰ ਦਾ ਨੀ
ਅਸਾਂ ਤੀਰ ਕਹਿਆ ਤੁਸਾਂ ਹੀਰ ਜਾਤਾ ਤੇਰੀ ਗਲ ਨਾਹੀਂ ਕੋਈ ਮੋੜਦਾ ਨੀ
ਵਿੱਚ ਖੇੜਿਆਂ ਦੇ ਤੇਰਾ ਜ਼ੋਰ ਇਹਾ ਜਿਹਾ ਸੱਸੀ ਨੂੰ ਸ਼ਹਿਰ ਭੰਬੋਰ ਦਾ ਨੀ
ਆ ਨੱਢੀਏ ਰਿਕਤਾਂ ਛੇੜ ਨਾਹੀਂ ਇਹ ਕੰਮ ਨਾਹੀਂ ਧੁੰਮ ਸ਼ੋਰ ਦਾ ਨੀ
ਵਾਰਸਸ਼ਾਹ ਫ਼ਕੀਰ ਗਰੀਬ ਉੱਤੇ ਵੈਰ ਕੱਡਿਓ ਈ ਕਿਸੇ ਖੋਰ ਦਾ ਨੀ

ਕਲਾਮ ਸਹਿਤੀ

ਕਲ੍ਹ ਜਾਇਕੇ ਨਾਲ ਚਵਾ ਚਾਵੜ ਸਾਨੂੰ ਭੰਡ ਭੰਡਾਰ ਕਢਾਇਓਂ ਵੇ
ਅਜ ਆਣ ਵੜਿਓਂ ਜਿੱਨ ਵਾਂਗ ਵਿਹੜੇ ਵੈਰ ਕੱਲ੍ਹ ਦਾ ਆਣ ਜਗਾਇਓਂ ਵੇ
ਸਹਿਤੀ ਗੱਜ ਕੇ ਬੋਲਦੀ ਚੋਬਰਾ ਵੇ ਤੈਨੂੰ ਕਿਸੇ ਨਾ ਅਕਲ ਸਿਖਾਇਓਂ ਵੇ
ਕਾਈ ਗੁਰੂ ਨਾ ਦਿੱਤੀਆ ਮੱਤ ਤੈਨੂੰ ਚੇਲਾ ਭੁੱਲ ਕੇ ਚਾ ਬਣਾਇਉਂ ਵੇ
ਗਦੋਂ ਆ ਵੜਿਓਂ ਵਿੱਚ ਚੂਹੜਿਆਂ ਦੇ ਕਿਨ੍ਹਾਂ ਸ਼ਾਮਤਾਂ ਆਣ ਫਹਾਇਓਂ ਵੇ
ਵਾਰਸਸ਼ਾਹ ਰਜ਼ਾ ਦੇ ਕੰਮ ਵੇਖੋ ਅੱਜ ਰੱਬ ਨੇ ਠੀਕ ਕੁਟਾਇਓਂ ਵੇ

ਕਲਾਮ ਜੋਗੀ

ਕੱਚੀ ਕੁਆਰੀਏ ਲੋੜ੍ਹੇ ਦੀ ਮਾਰੀਏ ਨੀ ਟੂਣੇ ਹਾਰੀਏ ਆਖ ਕੀ ਆਹਨੀ ਏਂ
ਭਲਿਆਂ ਨਾਲ ਬੁਰੀ ਕਾਹੇ ਹੋਵਨੀ ਏਂ ਕਾਈ ਬੁਰੀ ਹੀ ਫਾਹੁਨੀ ਫਾਹਨੀ ਏਂ
ਅਸਾਂ ਭੁੱਖਿਆਂ ਆਣ ਸਵਾਲ ਕੀਤਾ ਕਿਹੀਆਂ ਗੈਬ ਦੀਆਂ ਢੁੱਚਰਾਂ ਡਾਹਨੀ ਏਂ
ਵਿੱਚੋਂ ਪੱਕੀਏ ਛੈਲ ਉਚੱਕੀਏ ਨੀ ਰਾਹ ਜਾਂਦੜੇ ਮਿਰਗ ਪਈ ਫਾਹਨੀ ਏਂ