ਪੰਨਾ:ਹੀਰ ਵਾਰਸਸ਼ਾਹ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੧)

ਇਹਨਾਂ ਨਾਲ ਨਾਹੀਂ ਕੋਈ ਜ਼ੋਰ ਸਾਡਾ ਇਹ ਤਾਂ ਅਸਲ ਅਸੀਲ ਮਸਤਾਨੜੇ ਨੀ
ਵਾਰਸਸ਼ਾਹ ਨਾ ਇਨ੍ਹਾਂ ਦੇ ਖਿਆਲ ਪਈਏ ਇਹ ਤਾਂ ਪੁੱਜ ਕੇ ਬਹੁਤ ਬੇਆਨੜੇ ਨੀ

ਕਲਾਮ ਸਹਿਤੀ

ਸਹਿਤੀ ਆਖਦੀ ਆਂਢ ਗੁਆਂਢਣਾਂ ਨੂੰ ਜੋਗੀ ਆਇਆ ਕਿਤੋਂ ਅਬਰਿੱਠ ਹੈ ਨੀ
ਕੱਛੀਂ ਵਾਲ ਨਾਸੀਂ ਧੂੜ ਤੇੜ ਘਾਸੀ ਝਾਟਾਂ ਲਮਕ ਪਈਆਂ ਗਿੱਠ ਗਿੱਠ ਹੈ ਨੀ
ਰੰਨਾਂ ਵੇਖਣੇ ਨੂੰ ਤਾੜੀ ਲਾਉਂਦਾ ਏ ਬਹਿੰਦਾ ਚੌਂਕੜੀ ਮਾਰ ਕੇ ਨਿੱਠ ਹੈ ਨੀ
ਭਾਰੀ ਰਿੱਛ ਕੋਈ ਫੇਟ ਫਟਿਆਂ ਦਾ ਕਿਸੇ ਬੈਲ ਦੇ ਬੌਲ ਦੀ ਛਿੱਟ ਹੈ ਨੀ
ਰਾਹ ਜਾਂਦਿਆਂ ਨੂੰ ਮੋਢੇ ਮਾਰਦਾ ਏ ਕੋਈ ਜਾਣ ਪਛਾਣ ਨਾ ਡਿੱਠ ਹੈ ਨੀ
ਡੀਲ ਦੇਉ ਦੀ ਤੇ ਪਿੰਡਾ ਵਾਂਗ ਖਿੰਘਰ ਜਿਵੇਂ ਕਿਸੇ ਪਹਾੜ ਦੀ ਚਿੱਠ ਹੈ ਨੀ
ਫ਼ਕਰ ਨਹੀਂ ਇਹ ਢੀਠ ਕੁਲੀਕ ਚੱਗਲ ਕੋਈ ਵੱਡਾ ਨਿਲੱਜ ਧਰਿੱਠ ਹੈ ਨੀ
ਇਹਦੇ ਜੋਗ ਨੂੰ ਖੁਆਰ ਸੰਸਾਰ ਕਰਸਾਂ ਭਾਵੇਂ ਆਪ ਹੋਵਾਂ ਨਾਲ ਨਿੱਠ ਹੈ ਨੀ
ਮੈਂ ਵੀ ਹੱਥ ਇਹਨੂੰ ਪੂਰੇ ਲਾਵਸਾਂਗੀ ਭਾਵੇਂ ਜੱਗ ਬੰਨ੍ਹੇ ਮੇਰੀ ਸਿੱਠ ਹੈ ਨੀ
ਵਾਰਸਸ਼ਾਹ ਜਿਹਾ ਆਦਰ ਜਦੋਂ ਹੋਸੀ ਜਾਸੀ ਤਦੋਂ ਭਵਾ ਕੇ ਪਿੱਠ ਹੈ ਨੀ

ਕਲਾਮ ਔਰਤਾਂ

ਮੰਗ ਖਾਇਕੇ ਸਦਾ ਇਹ ਦੇਹ ਤਿਆਗਣ ਤੰਬੂ ਵੈਰਨੇ ਇਹ ਨਾ ਤਾਣਦੇ ਨੀ
ਸਦਾ ਰਹਿਣ ਉਦਾਸ ਨਿਰਾਸ ਨੰਗੇ ਬਿਰਛ ਫੂਕ ਕੇ ਸਿਆਲ ਗੁਜ਼ਰਾਣਦੇ ਨੀ
ਤਕਵਾ ਆਸਰਾ ਫ਼ਕਰ ਨੂੰ ਰੱਬ ਦਾ ਏ ਕੋਈ ਜ਼ੋਰ ਨਾ ਮਾਣ ਤਰਾਣ ਦੇ ਨੀ
ਧੀਰਜ ਨਾਲ ਤੂੰ ਭੀ ਮੂੰਹੋਂ ਬੋਲ ਕੁੜੀਏ ਮੰਦੇ ਕੱਢ ਨਾ ਗੰਦ ਜ਼ਬਾਨ ਦੇ ਨੀ
ਕਸਬ ਜਾਣਦੇ ਰੱਬ ਦੀ ਯਾਦ ਵਾਲਾ ਐਡੇ ਝਗੜੇ ਇਹ ਨਾ ਜਾਣਦੇ ਨੀ
ਵਾਰਸਸ਼ਾਹ ਪਰ ਅਸਾਂ ਮਲੂਮ ਕੀਤਾ ਜੱਟੀ ਜੋਗੀ ਦੋਵੇਂ ਇਕਸੇ ਹਾਣ ਦੇ ਨੀ

ਕਲਾਮ ਸਹਿਤੀ

ਸਾਨੂੰ ਲੋੜ ਨਾਹੀਂ ਅੰਮਾਂ ਵੱਡੀਓ ਨੀ ਇਹ ਜੋਗੀੜਾ ਵੱਡਾ ਕਮਜਾਤ ਹੈ ਨੀ
ਕਿਤੋਂ ਸੱਜਰੇ ਕੰਨ ਪੜਾ ਆਇਆ ਕੰਨਾਂ ਤੀਕ ਤਾਂ ਪਾਟੜਾ ਵਾਤ ਹੈ ਨੀ
ਮੰਨ ਭਾਉਂਦੇ ਬੋਲ ਬੁਲੇਂਦੜਾ ਏ ਗੁੰਡਿਆਂ ਨਾਲ ਇਹਦੀ ਮੁਲਾਕਾਤ ਹੈ ਨੀ
ਲਾਂਗੜ ਪਾਇਕੇ ਮੂੰਹ ਤੇ ਸਵਾਹ ਮੱਲੀ ਪੱਲੇ ਏਸ ਦੇ ਇਹ ਕਰਾਮਾਤ ਹੈ ਨੀ
ਕੋਈ ਚੂਹੜਾ ਯਾ ਚਮਿਆਰ ਮੋਚੀ ਕੀ ਜਾਣੀਏਂ ਜਾਤ ਸਫ਼ਾਤ ਹੈ ਨੀ
ਸੂਰਤ ਵੇਖ ਕੇ ਕਾਲਜਾ ਭੜਕਦਾ ਏ ਡਰ ਆਉਂਦਾ ਵਾਂਗ ਅਫ਼ਾਤ ਹੈ ਨੀ
ਬੁਰੀ ਨੀਤ ਉਤੇ ਏਸ ਲੱਕ ਬੱਧਾ ਬੁਰੇ ਕੰਮ ਅੰਦਰ ਦੇਂਹ ਰਾਤ ਹੈ ਨੀ