ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੭)

ਖ਼ਲਕ ਪੀਰ ਹੈਗਾ ਕੁੱਲ ਖ਼ਲਕ ਦਾ ਜੀ ਬਖਸ਼ਣਹਾਰ ਹੈ ਓਹ ਅਸਾਂ ਆਸੀਆਂ ਦਾ
ਸੀਸ ਵਲਦ ਆਦਮ ਜੁਲਾਹਿਆਂ ਦਾ ਤੇ ਸ਼ੈਤਾਨ ਹੈ ਪੀਰ ਮਿਰਾਸੀਆਂ ਦਾ
ਸ਼ੇਖ ਅਤਾਰ ਹੈ ਪੀਰ ਅਤਾਰੀਆਂ ਦਾ ਸ਼ਾਹ ਸ਼ੰਮਸ ਤਬਰੇਜ਼ ਖੁਜ਼ਾਸੀਆਂ ਦਾ
ਜਿਵੇਂ ਹਾਜੀ ਗਿਲਗੋ ਘੁਮਿਆਰ ਮੰਨਣ ਸ਼ਾਹ ਅਲੀ ਹੈ ਗਵਜ਼ੀਆਂ ਪਾਸੀਆਂ ਦਾ
ਸੁਲੇਮਾਨ ਪਾਰਸ ਪੀਰ ਨਾਈਆਂ ਦਾ ਅਲੀ ਰੰਗਰੇਜ਼ ਲੀਲਾਰ ਦਜਾਸੀਆਂ ਦਾ
ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ ਭੁੱਖ ਪੀਰ ਹੈ ਮਸਤਿਆਂ ਹਾਥੀਆਂ ਦਾ
ਹਸੂ ਤੇਲੀ ਹੈ ਪੀਰ ਜੋ ਤੇਲੀਆਂ ਦਾ ਸੁਲੇਮਾਨ ਹੈ ਜਿੰਨ ਭੂਤਾਸੀਆਂ ਦਾ
ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਦਾਊਦ ਪੀਰ ਹੈ ਜ਼ਰਾ ਨਵਾਸੀਆਂ ਦਾ
ਮਤਲਬ ਪੀਰ ਜਿਵੇਂ ਜੱਟਾਂ ਸਾਰਿਆਂ ਦਾ ਅਬੂ ਜਿਹਲ ਨਾਹੱਕ ਸ਼ਨਾਸੀਆਂ ਦਾ
ਕਾਰੂੰ ਪੀਰ ਹੈ ਬਖੀਲਾਂ ਤੇ ਹਾਸਦਾਂ ਦਾ ਨਫ਼ਸ ਪੀਰ ਹੈ ਹਿਰਸ ਹਵਾਸੀਆਂ ਦਾ
ਪੈਸਾ ਪੀਰ ਹੈ ਕੰਜਰਾਂ ਬੇਟੀਆਂ ਦਾ ਛਿੱਤਰ ਪੀਰ ਰੰਨਾਂ ਚੌੜ ਨਾਸੀਆਂ ਦਾ
ਜਿਵੇਂ ਗੁਰੂ ਦਸੇ ਕੇਸਾਂ ਧਾਰੀਆਂ ਦੇ ਕੈਦੋ ਸਾਂਗੀਆ ਮਕਰ ਲਬਾਸੀਆਂ ਦਾ
ਸਬਰ ਪੀਰ ਪੈਕੰਬਰਾਂ ਮੁਕਬਲਾਂ ਦਾ ਤਕਵਾ ਪੀਰ ਮਰਦਾਂ ਅਲਾਰਾਸੀਆਂ ਦਾ
ਕੁੱਤਾ ਪੀਰ ਹੈ ਖੇੜਿਓਂ ਭੌਕਿਆਂ ਦਾ ਰਸਾ ਪੀਰ ਹੈ ਬਧਿਆਂ ਦਾਸੀਆਂ ਦਾ
ਝਗੜਾ ਪੀਰ ਹੈ ਅਹਿਮਕਾਂ ਹੋਛਿਆਂ ਦਾ ਅਕਲ ਪੀਰ ਹੈ ਅਹਲ ਕਿਆਸੀਆਂ ਦਾ
ਗੰਜ ਬਖਸ਼ ਹੈ ਨਾਕਸਾਂ ਕਾਮਲਾਂ ਦਾ ਮੀਆਂ ਮੀਰ ਹੈ ਤਖਤ ਦੇ ਵਾਸੀਆਂ ਦਾ
ਸ਼ਾਹ ਹੁਸੈਨ ਸ਼ਹੀਦਾਂ ਤੇ ਗਾਜ਼ੀਆਂ ਦਾ ਦਗ਼ਾ ਪੀਰ ਹੈ ਕੂਫਿਆਂ ਨਾਸੀਆਂ ਦਾ
ਸੱਚ ਪੀਰ ਹੈ ਸਿਦਕ ਸਭਾਈਆਂ ਦਾ ਸ਼ੱਕ ਵਹਿਮ ਹੈ ਕੂੜ ਬਕਵਾਸੀਆਂ ਦਾ
ਵਾਰਸਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ ਤੇ ਰਹਿਮਾਨ ਹੈ ਮੋਮਨਾਂ ਖਾਸੀਆਂ ਦਾ

ਕਲਾਮ ਜੋਗੀ ਸਹਿਤੀ ਨਾਲ

ਅਦਲ ਬਿਨਾਂ ਸਰਦਾਰ ਹੇਰੁਖ ਅਲਫ਼ ਰੰਨ ਗੱਧੀ ਜੋ ਓਹ ਵਫਾਦਾਰ ਨਾਹੀਂ
ਨਾਜ਼ ਬਿਨਾਂ ਹੈ ਕੰਚਨੀ ਬਾਂਝ ਜਿਹੀ ਮਰਦ ਗੱਧਾ ਹੈ ਅਕਲ ਦਾ ਯਾਰ ਨਾਹੀਂ
ਬਿਨਾਂ ਆਦਮੀ ਯਤਨ ਇਨਸਾਨ ਜਾਪੇ ਬਿਨਾਂ ਆਬ ਕਾਤਲ ਤਲਵਾਰ ਨਾਹੀਂ
ਸਬਰ ਜ਼ਿਕਰ ਇਬਾਦਤਾਂ ਬਾਝ ਜੋਗੀ ਦੰਮਾਂ ਬਾਝ ਜੀਵਨ ਦਰਕਾਰ ਨਾਹੀਂ
ਅਮਲ ਬਾਝ ਅਮਲੀ ਕੋਈ ਨਹੀਂ ਹੁੰਦਾ ਕੁੱਤੇ ਬਲਦ ਆਖਰ ਕਿਸੇ ਕਾਰ ਨਾਹੀਂ
ਪਾਣੀ ਬਾਝ ਦਰਿਆ ਵੀ ਨਾਹ ਵਹਿੰਦੇ ਇਸਤਗੁਫ਼ਾਰ ਬਾਝੋਂ ਛੁੱਟਕਾਰ ਨਾਹੀਂ
ਨਬੀ ਬਾਝ ਸਫ਼ਾਇਤ ਨਾ ਕਿਸੇ ਕਰਨੀ ਰੱਬ ਬਾਝ ਕੋਈ ਬਖਸ਼ਣਹਾਰ ਨਾਹੀਂ
ਘਾਟ ਫਕਰ ਦਾ ਬਾਝ ਹੁਸੈਨ ਨਾਹੀਂ ਤੇਗ ਸਬਰ ਦੀ ਬਾਝ ਹਥਿਆਰ ਨਾਹੀਂ