ਪੰਨਾ:ਹੀਰ ਵਾਰਸਸ਼ਾਹ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬)

ਗੋਯਾ ਖ਼ਾਬ ਦੇ ਵਿਚ ਅਜਰਾਈਲ ਡਿੱਠਾ ਉਹਨੂੰ ਅਰਸ਼ ਤੇ ਫੇਰ ਖਲ੍ਹਾਰਿਆ ਨੇ
ਨਦੀਓਂ ਪਾਰ ਬਾਰਾਂਦਰੀ ਖੂਬਸੂਰਤ ਵਾਰਸ ਰਾਂਝੇ ਨੂੰ ਆਣ ਉਤਾਰਿਆ ਨੇ

ਰਾਂਝੇ ਨੇ ਹੀਰ ਦਾ ਪਲੰਘ ਵੇਖਣਾ

ਬਾਰਾਂਦਰੀ ਨੂੰ ਵੇਖ ਹੈਰਾਨ ਹੋਇਆ ਚਹੁੰਆਂ ਪਾਸਿਆਂ ਤੇ ਸਬਜ਼ਾਜ਼ਾਰ ਦਿਸੇ
ਵੇਲਾਂ ਕੌਲਿਆਂ ਨੂੰ ਜਫੀ ਪਾ ਖਲੀਆਂ ਭਾਂਤ ਭਾਂਤ ਫੁਲਾਂ ਦੀ ਬਹਾਰ ਦਿਸੇ
ਹਰ ਪਾਸਿਓਂ ਹੀ ਨਜ਼ਰ ਆਨ ਜਲਵੇ, ਚਾਰੇ ਤਰਫ਼ ਖ਼ੁਸ਼ਬੂ ਮਹਿਕਾਰ ਦਿਸੇ
ਅੰਦਰ ਗਿਆ ਤਾਂ ਸਾਫ ਸਫ਼ਾਫ਼ ਕਮਰਾ ਵਿਛਿਆ ਪਲੰਘ ਨਿਵਾਰੀ ਵਿਚਕਾਰ ਦਿਸੇ
ਨਰਮ ਖੂਬਸੂਰਤ ਤਕੀਏ ਲਗੇ ਹੋਏ ਸੋਜ ਗੁਦਗਦੀ ਝਾਲਰਾਂਦਾਰ ਦਿਸੇ
ਕਿਸੇ ਮੁਲਕਾਂ ਦੀ ਜਾਪੇ ਅਰਾਮਗਾਹ ਉਹ ਵਾਰਸ ਵਾਲੀ ਤੇ ਨਾ ਪਹਿਰੇਦਾਰ ਦਿਸੇ

ਰਾਂਝੇ ਨੇ ਹੀਰ ਦਾ ਪਲੰਘ ਵੇਖਣਾ

ਯਾਰੋ ਪਲੰਘ ਕਿਹਾ ਸਣੇ ਸੇਜ ਏਥੇ ? ਲੋਕਾਂ ਆਖਿਆ ਹੀਰ ਜਟੇਟੜੀ ਦਾ
ਇਹ ਓਸਦੀ ਹੈ ਅਰਾਮਗਾਹਾ ਇਸ਼ਕ ਮੁਸ਼ਕ ਤੇ ਬਿਸਤਰੇ ਲੇਟੜੀ ਦਾ
ਸ਼ਾਹ ਪਰੀ ਪਨਾਹ ਨਿੱਤ ਲਏ ਜਿਸ ਤੋਂ ਇਹ ਥਾਂ ਹੈ ਮੁਸ਼ਕ ਲਪੇਟੜੀ ਦਾ
ਬਾਦਸ਼ਾਹ ਸਿਆਲਾਂ ਦੇ ਤ੍ਰਿਞਣਾਂ ਦੀ ਮਹਿਰ ਚੂਚਕੇ ਖਾਨ ਦੀ ਬੇਟੜੀ ਦਾ
ਉਹਨੂੰ ਵਿੱਚ ਜਹਾਨ ਨਾ ਮਿਲੇ ਢੋਈ ਜੇੜ੍ਹਾ ਮਾਰਿਆ ਓਸ ਦੀ ਫੇਟੜੀ ਦਾ
ਕਿਸਮਤ ਵਾਲੜਾ ਰੂਹ ਹੈ ਝੰਗ ਅੰਦਰ ਕੁਲਤਾਰ ਸਿਆਲਾਂ ਦੀ ਠੇਟੜੀ ਦਾ
ਇਹ ਓਸ ਦੀ ਹੈ ਸੈਰ ਗਾਹ ਬਣਿਆ ਜੌਕ ਸ਼ੌਕ ਦੇ ਵਿਚ ਸਮੇਟੜੀ ਦਾ
ਇੱਕ ਹੁਕਮ ਸਹੇਲੀਆਂ ਵਿੱਚ ਹੋਯਾ ਓਸ ਨੱਢੜੀ ਇਸ਼ਕ ਦੀ ਸੇਟੜੀ ਦਾ
ਬਘਿਆੜਾਂ ਦਾ ਖੌਫ ਜਿਉਂ ਬਕਰੀ ਨੂੰ ਤਿਵੇਂ ਲੁਡਣ ਨੂੰ ਖੌਫ ਚਕੇਟੜੀ ਦਾ
ਅਸੀਂ ਸੱਭ ਝਬੇਲ ਤੇ ਘਾਟ ਪੱਤਣ ਸੱਭ ਹੁਕਮ ਹੈ ਏਸ ਸਲੇਟੜੀ ਦਾ
ਸੈਰ ਨਾਲ ਸਹੇਲੀਆਂ ਨਿੱਤ ਖੇਡੇ ਬਾਪ ਮੰਨਦਾ ਹੁਕਮ ਮਹਿਰੇਟੜੀ ਦਾ
ਵਾਰਸਸ਼ਾਹ ਮੀਆਂ ਜਗ ਜਾਣਦਾ ਏ ਨਾਉਂ ਹੀਰ ਹੈ ਹੁਸਨ ਵਲ੍ਹੇਟੜੀ ਦਾ

ਕਲਾਮ ਸ਼ਾਇਰ

ਬੇੜੀ ਨਹੀਂ ਇਹ ਜੰਝ ਦੀ ਬਣੀ ਬੈਠਕ ਜੋ ਕੋਈ ਆਵੇ ਸੋ ਸਦ ਬਹਾਂਵਦਾ ਏ
ਨੱਢਾ ਵਡਾ ਅਮੀਰ ਵਜ਼ੀਰ ਬੈਠੇ ਕੌਣ ਪੁੱਛਦਾ ਏ ਕਿਹੜੀ ਥਾਉਂਦਾ ਏ
ਜਿਵੇਂ ਸ਼ਮ੍ਹਾ ਤੇ ਡਿਗਣ ਪਤੰਗ ਧੜਧੜ ਲੰਘ ਨੈਣ ਮੁਹਾਣਿਆਂ ਆਉਂਦਾ ਏ
ਗੋਯਾ ਖਿਜ਼ਰ ਦਾ ਬਾਲਕਾ ਆਣਲੱਬਾ ਜਣਾਖਣਾ ਸ਼ਰੀਣੀਆਂ ਲਿਆਉਂਦਾ ਏ
ਲੁਡਣ ਨਾਂਹ ਲੰਘਾਇਆ ਪਾਰ ਉਸ ਨੂੰ ਓਸ ਵੇਲੜੇ ਨੂੰ ਪਛੋਤਾਉਂਦਾ ਏ
ਯਾਰੋ ਝੂਠ ਨਾ ਕਰੇ ਖੁਦਾਅ ਸੱਚਾ ਰੰਨਾਂ ਮੇਰੀਆਂ ਇਹ ਖਿਸਕਾਉਂਦਾ ਏ