ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੯)

ਮਾਂ ਬਾਪ ਦਾ ਨਾਲ ਹਰਾਮ ਕੱਪਣ ਬਿਜਕੈਂਚੀਆਂ ਲਾਈਆਂ ਦੀਆਂ
ਮਰਦ ਹੈਨ ਜਹਾਜ਼ ਜੋ ਨੇਕੀਆਂ ਦੇ ਰੰਨਾਂ ਬੇੜੀਆਂ ਹੈਨ ਬੁਰਿਆਈਆਂ ਦੀਆਂ
ਮਾਂ ਬਾਪ ਦਾ ਨਾਮ ਨਮੂਜ਼ ਡੋਬਣ ਪਤਾਂ ਲਾਹ ਸੁੱਟਨ ਭਲਿਆਂ ਭਾਈਆਂ ਦੀਆਂ
ਹੱਕ ਛੱਡ ਹਲਾਲ ਹਰਾਮ ਕੱਪਣ ਇਹ ਕੁਹਾੜੀਆਂ ਤੇਜ ਕਸਾਈਆਂ ਦੀਆਂ
ਲਬਾਂ ਲੈਂਦਿਆਂ ਸਾਫ ਕਰਦੇਣ ਦਾੜ੍ਹੀ ਜੇਹੀਆਂਕੈਂਚੀਆਂਅਮ੍ਹਿਕਾਂਨਾਈਆਂ ਦੀਆਂ
ਸਿਰ ਜਾਏ ਨਾ ਯਾਰ ਦਾ ਭੇਤ ਦੇਈਏ ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂ
ਨੀ ਤੂੰ ਕਿਹੜੀਆਂ ਗੱਲਾਂ ਤੇ ਐਡ ਸ਼ੂਕੇਂ ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂ
ਆਢਾ ਨਾਲ ਫਕੀਰਾਂ ਦੇ ਲਾਂਦੀਆਂ ਨੇ ਖੂਬੀਆਂ ਵੇਖ ਨਨਾਣ ਭਰਜਾਈਆਂ ਦੀਆਂ
ਤੈਨੂੰ ਪਸ਼ਮ ਦੇ ਨਾਲ ਨਾ ਜਾਣਨੇ ਹਾਂ ਕਰੇ ਚਾਵੜਾਂ ਤੂੰ ਹੁਸਨਾਈਆਂ ਦੀਆਂ
ਟੱਲ ਜਾਹ ਸਾਥੋਂ ਅੱਜੇ ਹੈ ਵੇਲਾ ਪਛੋਤਾਵਸੈੈਂ ਗਲਾਂ ਗਲਾਈਆਂ ਦੀਆਂ
ਵਾਰਸਸ਼ਾਹ ਤੇਰੇ ਮੂੰਹ ਨਾਲ ਮਾਰਾਂ ਪੰਡਾਂ ਬੰਨ੍ਹ ਕੇ ਸਭ ਬੁਰਿਆਈਆਂ ਦੀਆਂ

ਕਲਾਮ ਸਹਿਤੀ

ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ ਨਫ਼ਾ ਕਿਹੀਆਂ ਜਟਾਂ ਰਖਾਈਆਂ ਦੀਆਂ
ਬੇਸ਼ਰਮ ਦੀ ਮੁੱਠ ਜਿਉਂ ਪੂਛ ਪਿੱਦੀ ਜੇਹੀਆਂ ਮੁੰਜਰਾਂ ਬੇਟਦੇ ਧਾਈਆਂ ਦੀਆਂ
ਤਾਨਸੈਨ ਜਿਹਾ ਰਾਗ ਨਹੀਂ ਹੁੰਦਾ ਲੱਖ ਸਤਾਂ ਦੇ ਹੋਣ ਅਤਾਈਆਂ ਦੀਆਂ
ਤੇਰੀ ਚਰਾਚਰ ਫ਼ਰਕਦੀ ਜੀਭ ਏਵੇਂ ਜਿਵੇਂ ਜੁਤੀਆਂ ਮੁਕਦੀਆਂ ਸਾਈਆਂ ਦੀਆਂ
ਮੁੰਡਿਆਂ ਨਾਲ ਘੁਲਨਾ ਮੰਦੇ ਬੋਲ ਕਹਿਣੇ ਨਹੀਂ ਚਾਲੀਆਂ ਭਲਿਆਂ ਦੀਆਂ ਜਾਈਆਂ ਦੀਆਂ
ਨਹੀਂ ਫਕਰ ਦੇ ਭੇਦ ਦਾ ਤੂੰ ਵਾਕਫ਼ ਖਬਰਾਂ ਤੁੁੱਧ ਨੂੰ ਮਹੀਂ ਚਰਾਈਆਂ ਦੀਆਂ
ਸਿਰ ਮੁੰਨ ਦਾੜ੍ਹੀ ਖੇਹ ਲਾਈਆਈ ਕਦ੍ਰਾਂ ਡਿੱਠਿਓ ਐਡੀਆਂ ਚਾਈਆਂ ਦੀਆਂ
ਨਹੀਂ ਕਾਬਿਓਂ ਚੂਹੜਾ ਹੋਵੇ ਵਾਕਫ਼ ਖਬਰਾਂ ਜਾਣਦੇ ਚੂਹੜੇ ਖਾਈਆਂ ਦੀਆਂ
ਚਿੱਤੜ ਸਵਾਹ ਭਰੇ ਵੇਖੋ ਮਗਰ ਲੱਗਾ ਜਿਵੇਂ ਕੁਤੀਆਂ ਹੋਣ ਕਸਾਈਆਂ ਦੀਆਂ
ਜੇੜ੍ਹੀਆਂ ਪੇਕਿਆਂ ਦੇ ਘਰੀਂ ਕਵਾਰ ਪਾਤਰ ਖ਼ਬਰਾਂ ਉਨ੍ਹਾਂਨੂੰ ਕੀ ਵਿਆਹੀਆਂ ਦੀਆਂ
ਜੋਵੀ ਸੂਣ ਉਜਾੜ ਵਿਚ ਵਾਂਗ ਖਚ੍ਰ ਕਦ੍ਰਾਂ ਉਹ ਕੀ ਜਾਣਦੀਆਂ ਦਾਈਆਂ ਦੀਆਂ
ਗੱਧੇ ਵਾਂਗ ਫੂੰਕਰ ਬੜ੍ਹਕਾਂ ਮਾਰਨਾ ਏਂ ਚਾਲਾਂ ਨਹੀਂ ਇਹ ਗੁਰਾਂ ਗੁਸਾਈਆਂ ਦੀਆਂ
ਵਹਿੜੇ ਵਾਂਗ ਫੂੰਕਰ ਬੜ੍ਹਕਾਂ ਮਾਰਨਾ ਏਂ ਚਾਲਾਂ ਨਹੀਂ ਇਹਗੁਰਾਂ ਗੁਸਾਈਆਂ ਦੀਆਂ
ਘਰੋ ਘਰੀ ਫਿਰਨੈੈਂ ਪਕੜ ਮਾਰ ਗੱਲਾਂ ਗੱਲਾਂ ਤੇਰੀਆਂ ਸ਼ੁਤਰ ਗੋਜ਼ਾਈਆਂ ਦੀਆਂ
ਗੜ੍ਹ ਕੋਟ ਕੀ ਕਰੇਗਾ ਓਹ ਕਾਇਮ ਖਬਰਾਂ ਨਹੀਂ ਜਿਨੂੰ ਖੰਦਕ ਖਾਈਆਂ ਦੀਆਂ
ਬਾਬੂ ਪੂਰਾ ਤੈਨੂੰ ਕੋਈ ਨਹੀਂ ਮਿਲਿਆ ਅਜੇ ਟੋਹਨਾਂ ਏਂ ਬੁਕਲਾਂ ਮਾਈਆਂ ਦੀਆਂ
ਜੇੜ੍ਹੀ ਡੌਲ ਤੇਰੀ ਸਾਨੂੰ ਨਜ਼ਰ ਆਵੇ ਡੌਲਾਂ ਏਕਣੀ ਡੂੰਮਾਂ ਤੇ ਨਾਈਆਂ ਦੀਆਂ