ਪੰਨਾ:ਹੀਰ ਵਾਰਸਸ਼ਾਹ.pdf/209

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੭)

ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ ਅਤੇ ਆਦਮੀ ਬੇ ਨੁਕਸਾਨ ਹੋਵੇ
ਸੋ ਹਥਿਆਰ ਜੋ ਵਕਤ ਸਿਰ ਕੰਮ ਆਵੇ ਫਤ੍ਹੇ ਸੋਈ ਜੋ ਮਰਦ ਮੈਦਾਨ ਹੋਵੇ
ਅਹਿਲ ਪੱਤ ਜੋ ਘਰੋਂ ਨਾ ਪੈਰ ਕੱਢੇ ਖੱਜਲ ਸੋ ਜੋ ਨਸ਼ਰ ਜਹਾਨ ਹੋਵੇ
ਪਰਹਾਂ ਜਾਹ ਤੂੰ ਭੁੱਖਿਆ ਚੋਬਰਾ ਵੇ ਮਤਾਂ ਮੰਗਣੋਂ ਕੋਈ ਵਧਾਨ ਹੋਵੇ
ਵਾਰਸਸ਼ਾਹ ਫ਼ਕੀਰ ਬਿਨ ਹਿਰਸ ਗਫ਼ਲਤ ਯਾਦ ਰੱਬ ਦੀ ਵਿੱਚ ਗਲਤਾਨ ਹੋਵੇ

ਕਲਾਮ ਜੋਗੀ

ਕਾਰਸਾਜ਼ ਹੈ ਰੱਬ ਤੇ ਫੇਰ ਦੌਲਤ ਸਭ ਮਿਹਨਤਾਂ ਪੇਟ ਦੇ ਕਾਰਨੇ ਨੀ
ਨੇਕ ਮਰਦ ਤੇ ਨੇਕ ਭੀ ਹੋਵੇ ਔਰਤ ਇਨ੍ਹਾਂ ਦੋਹਾਂ ਨੇ ਕੰਮ ਸਵਾਰਨੇ ਨੀ
ਪੇਟ ਵਾਸਤੇ ਸੱਭ ਖਰਾਬੀਆਂ ਨੇ ਪੇਟ ਵਾਸਤੇ ਖੂਨ ਗੁਜ਼ਾਰਨੇ ਨੀ
ਪੇਟ ਵਾਸਤੇ ਫਿਰਨ ਅਮੀਰ ਦਰ ਦਰ ਸਯਦ ਜ਼ਾਦਿਆਂ ਨੇ ਗੱਧੇ ਚਾਰਨੇ ਨੀ
ਪੇਟ ਵਾਸਤੇ ਹੂਰ ਤੇ ਪੀਰਜ਼ਾਦਾ ਜਾਨ ਜਿੰਨ ਤੇ ਭੂਤ ਦੇ ਵਾਰਨੇ ਨੀ
ਪੇਟ ਵਾਸਤੇ ਰਾਤ ਨੂੰ ਛੋੜ ਘਰਾਂ ਹੋ ਪਾਹਰੂ ਹੋਕਰਾਂ ਮਾਰਨੇ ਨੀ
ਪੇਟ ਵਾਸਤੇ ਫ਼ਕਰ ਤਸਲੀਮ ਤੋੜਨ ਸਮਝ ਲੈ ਸਭ ਰੰਨੇ ਗਵਾਰਨੇ ਨੀ
ਪੇਟ ਵਾਸਤੇ ਰਾਤ ਨੂੰ ਕਰਨ ਚੋਰੀ ਪੇਟ ਵਾਸਤੇ ਅੱਗ ਵਿਚ ਸਾੜਨੇ ਨੀ
ਏਸ ਜ਼ਿਮੀਂ ਨੂੰ ਵਾਂਹਦਾ ਮੁਲਕ ਮੁੱਕਾ ਏਥੇ ਹੋ ਚੁੱਕੇ ਵੱਡੇ ਕਾਰਨੇ ਨੀ
ਗਾਹੁਣ ਹੋਰ ਤੇ ਗਾਹਕ ਨੀ ਹੋਰ ਏਹਦੇ ਖਾਂਵਦ ਹੋਰ ਹੈ ਹੋਰ ਦਮ ਮਾਰਨੇ ਨੀ
ਮਿਹਰਵਾਨ ਜੇ ਹੋਣ ਫ਼ਕੀਰ ਇਕ ਪਲ ਤੁਸਾਂ ਜਿਹੇ ਕਰੋੜ ਲੱਖ ਤਾਰਨੇ ਨੀ
ਵਾਰਸ ਰੰਨ ਜੇਕਰ ਮਿਹਰਬਾਨ ਹੋਵੇ ਭਾਂਡਾ ਬੌਲ ਦਾ ਖੋਹਲ ਮੂੰਹ ਮਾਰਨੇ ਨੀ

ਕਲਾਮ ਸਹਿਤੀ

ਰੱਬ ਜੇਡ ਨਾ ਕੋਈ ਹੈ ਜੱਗ ਦਾਤਾ ਜ਼ਿਮੀਂ ਜੇਡ ਨਾ ਕਿਸੇ ਦੀ ਸਾਬਰੀ ਵੇ
ਮਝੀਂ ਜੇਡ ਨਾ ਕਿਸੇ ਦੇ ਹੋਣ ਜੇਰੇ ਰਾਜ ਹਿੰਦ ਪੰਜਾਬ ਨਾ ਬਾਬਰੀ ਵੇ
ਚੰਦ ਜੇਡ ਚਾਲਾਕਾ ਨਾ ਸਰਦ ਕੋਈ ਹੁਕਮ ਜੇਡ ਨਾ ਕਿਸੇ ਦੀ ਕਾਬਰੀ ਵੇ
ਅੰਨ ਧੰਨ ਨਾ ਖੱਤਰੀ ਜੇਡ ਹਰਗਿਜ਼ ਕੋਈ ਕੰਮ ਨਾ ਅੱਲਾ ਥੀਂ ਨਾਬਰੀ ਵੇ
ਆਸਮਾਨ ਦੇ ਜੇਡ ਨਾ ਕਿਸੇ ਪੱਲਾ ਰਯਤ ਜੇਡ ਨਾਹੀਂ ਕੋਈ ਸਾਬਰੀ ਵੇ
ਬੁਰਾ ਕਸਬ ਨਾ ਨੌਕਰੀ ਜੇਡ ਕੋਈ ਯਾਦ ਹੱਕ ਦੇ ਜੇਡ ਅਕਾਬਰੀ ਵੇ
ਜੱਟ ਸੰਢੇ ਸੰਸਾਰ ਨੂੰ ਭੁੱਖ ਚੰਗੀ ਤ੍ਰੈਏ ਰੱਜ ਕੇ ਗਾਲਦੇ ਟਾਬਰੀ ਵੇ
ਕੁਕੜ ਕਾਂ ਕੰਬੋ ਸਲੂਕ ਤਿੰਨਾਂ ਇਹਨਾਂ ਵਾਂਗ ਨਾ ਕਿਸੇ ਬਰਾਦਰੀ ਵੇ
ਮੌਤ ਜੇਡ ਨਾ ਹੋਰ ਹੈ ਸਖਤ ਕੋਈ ਉਥੇ ਕਿਸੇ ਦੀ ਨਹੀਓਂ ਨਾਬਰੀ ਵੇ