ਪੰਨਾ:ਹੀਰ ਵਾਰਸਸ਼ਾਹ.pdf/214

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੨)


ਫ਼ਕਰ ਜਾ ਮੰਗਣ ਖੈਰ ਭੁੱਖੇ ਮਰਦੇ ਅਗੋਂ ਸਗਾਂ ਵਾਂਗੂੰ ਪਈ ਦਰਕ ਦੀ ਏ
ਲੰਡੀ ਵਹਿੜ ਨੂੰ ਖ਼ੇਤਰੀ ਹਥ ਆਈ ਪਈ ਉੱਪਰੋਂ ਉੱਪਰੋਂ ਮੁਰਕ ਦੀ ਏ
ਆਟਾ ਖੈਰ ਨਾ ਪਾਉਂਦੀ ਫ਼ਕਰ ਤਾਈਂ ਸਗੋਂ ਬਾਂਦਰੀ ਵਾਂਗਰੂ ਘੁਰਕ ਦੀ ਏ
ਬਿਨ ਛੇੜਿਆਂ ਤੇ ਬਿਨ ਬੋਲਿਆਂ ਦੇ ਪਈ ਅੰਦਰੋਂ ਬਾਹਰੋਂ ਭੁੜਕ ਦੀ ਏ
ਤੇਰੇ ਮੌਰ ਫੁਰਕਣ ਮਾਰ ਖਾਣ ਉੱਤੇ ਸਵਾ ਮਨੀ ਮੁਤਹਿਰ ਭੀ ਫੁਰਕ ਦੀ ਏ
ਬੂਹੇ ਆਯਾਂ ਫਕੀਰਾਂ ਨੂੰ ਬੁਰਾ ਬੋਲੇਂ ਵਾਂਗ ਵੇਸਵਾ ਦੇ ਪਈ ਚੁਰਕ ਦੀ ਏ
ਕਦੀ ਰੰਨ ਪੰਕਾਰ ਨਾ ਰਹੇ ਗੁਝੀ ਮੰਦੀ ਨੀਤ ਵਾਲੀ ਓਵੇਂ ਖੁੜਕ ਦੀ ਏ
ਵਾਰਸਸ਼ਾਹ ਵਾਂਗੂੰ ਸਾਨੂੰ ਰੰਨ ਖਚਰੀ ਅੱਖ ਵਿਚ ਜਿਉਂ ਕੁੱਕਰੇ ਰੁੜਕ ਦੀ ਏ

ਕਲਾਮ ਸਹਿਤੀ

ਜੇੜ੍ਹੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਉਹ ਬੁਲਬਲਾਂ ਠੀਕ ਮਰੀਂਦੀਂਆਂ ਨੇ
ਉਨ੍ਹਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਵਿੱਚ ਪੀਂਦੀਆਂ ਨੇ
ਉਹ ਡਾਇਣਾਂ ਜਾਣ ਕਬਾਬ ਹੋਈਆਂ ਜਿਹੜ੍ਹੀਆਂ ਬੇੜੀਆਂ ਨਾਲ ਖਹੀਂਦੀਆਂ ਨੇ
ਉਹ ਕਵਾਰੀਆਂ ਜਾਣ ਖਰਾਬ ਹੋਈਆਂ ਜਿਹੜ੍ਹੀਆਂ ਗਭਰੂਆਂ ਨਾਲ ਖੇਡੀਂਦੀਆਂ ਨੇ
ਉਹ ਇੱਕ ਦਿਨ ਫੇਰਸਨ ਆ ਘੋੜੇ ਕਿੜਾਂ ਜਿਨ੍ਹਾਂ ਦੀਆਂ ਨਿਤ ਸੁਣੀਂਦੀਆਂ ਨੇ
ਥੋੜੀ ਕਰਨ ਸੁਹਾਗ ਦੀ ਉਹ ਆਸਾ ਜਿਹੜੀਆਂ ਡਾਕੂਆਂ ਨਾਲ ਮੰਗੀਂਦੀਆਂ ਨੇ
ਜੋਕਾਂ ਇੱਕ ਦਿਨ ਪਕੜ ਨਚੋੜੀਅਨਗੀਆਂ ਅਣਪੁਣੇ ਲਹੂ ਨਿਤ ਪੀਂਦੀਆਂ ਨੇ
ਦਿੱਲ ਮਾਲ ਦੀਜੇ ਲੱਖ ਕੰਜਰੀ ਨੂੰ ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੇ
ਇਕ ਦਿਨ ਪਕੜੀਆਂ ਜਾਣਗੀਆਂ ਹਾਕਮਾਂ ਤੇ ਪ੍ਰਾਈ ਸੇਜ ਜੋ ਨਿੱਤਚੜ੍ਹੀਂਦੀਆਂ ਨੇ
ਇਕ ਦਿਨ ਗੜੇ ਵਸਾਵਸਨ ਉਹ ਘਟਾਂ ਹਾਠਾਂ ਜੋੜ ਕੇ ਨਿੱਤ ਗਰਜੀਂਦੀਆਂ ਨੇ
ਤੇਰੇ ਲੌਣ ਮੌਢੇ ਸਾਡੇ ਲੌਣ ਨਾੜੇ ਮੁਸ਼ਕਾਂ ਕਿਸੇ ਦੀਆਂ ਅੱਜ ਕੜਕੀਂਦੀਆਂ ਨੇ
ਜਟਾਂ ਜਿਹੜੀਆਂ ਪਿਆ ਵਖਾਉਣਾ ਏਂ ਹੁਣੇ ਅੱਗ ਦੇ ਨਾਲ ਸੜੀਂਦੀਆਂ ਨੇ
ਸਾਡਾ ਆਖਿਆਂ ਤੂੰ ਤਹਕੀਕ ਜਾਣੀ ਟੰਗਾਂ ਤੇਰੀਆਂ ਹੁਣੇ ਭਨੀਂਦੀਆਂ ਨੇ
ਮੁੜ ਜਾਹ ਜੇ ਜੋਗੀਆ ਭਲਾ ਚਾਹੇਂ ਨਹੀਂ ਸ਼ਾਮਤਾਂ ਤੁੱਧ ਫਸੀਂਦੀਆਂ ਨੇ
ਆਪ ਪੁੱਜ ਬੇਅਕਲ ਹੈਂ ਅਹਿਮਕਾ ਵੇ ਗਲਾਂ ਸੱਚੀਆਂ ਨਹੀਂ ਸਮਝੀਂਦੀਆਂ ਨੇ
ਜਿਣਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੀਂਦੀਆਂ ਨੇ
ਕੌਲ ਫ਼ਕਰ ਦਾ ਹੁਕਮ ਹੈ ਸੱਚ ਬੋਲਣ ਗਲਾਂ ਝੂਠੀਆਂ ਜੀਭ ਤਰਕੀਂਦੀਆਂ ਨੇ
ਵਾਰਸਸ਼ਾਹ ਜੋ ਲਿੱਖੀਆਂ ਤੋੜ ਦੀਆਂ ਨਹੀਂ ਕਿਸੇ ਤੋਂ ਮੂਲ ਪਰਤੀਂਦੀਆਂ ਨੇ

ਕਲਾਮ ਜੋਗੀ

ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ ਪੜ੍ਹ ਸੈਫੀਆਂ ਜ਼ੁੱਹਦ ਕਮਾਵਣੇ ਹਾਂ