ਪੰਨਾ:ਹੀਰ ਵਾਰਸਸ਼ਾਹ.pdf/215

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੩)

ਸੁਣੀਂ ਕੰਨ ਧਰਕੇ ਜ਼ਰਾ ਗੌਰ ਕਰੀਂ ਤੈਨੂੰ ਜੋਗ ਦਾ ਭੇਤ ਬਤਾਵਣੇ ਹਾਂ
ਅੱਧੀ ਰਾਤ ਜਾਂ ਲੋਕ ਅਰਾਮ ਕਰਦੇ ਅਸੀਂ ਉੱਠ ਕੇ ਕਾਰ ਕਮਾਵਣੇ ਹਾਂ
ਖੂਹੇ ਨੈਣਾਂ ਦੇ ਗੇੜ ਇਸ਼ਨਾਨ ਕਰੀਏ ਲੱਜਾਂ ਸੱਚੀਆਂ ਦਰਸ ਦੀ ਪਾਵਣੇ ਹਾਂ
ਮੂੰਹ ਫੇਰ ਦਾਤਨ ਇਸਤਗਫਾਰ ਵਾਲੀ ਤੇ ਕਦੂਰਤਾਂ ਬਾਹਰ ਵਗਾਵਣੇ ਹਾਂ
ਆਸਨ ਸ਼ੌਕ ਯਕੀਨ ਦੇ ਗੋਠ ਬਹਿਕੇ ਚਿੱਤ ਗੁਰਾਂ ਦਾ ਨਾਮ ਧਿਆਵਣੇ ਹਾਂ
ਹੋ ਕੇ ਆਸ ਹਜੂਰ ਸਤਿਗੁਰਾਂ ਅਗੇ ਚਰਨ ਚੁੰਮ ਕੇ ਸੀਸ ਨਿਵਾਵਣੇ ਹਾਂ
ਏਸ ਅੰਧ ਗੁਬਾਰ ਵਜੂਦ ਅੰਦਰ ਸ਼ਮਾਂ ਇਸ਼ਕ ਦੀ ਚਾ ਜਗਾਵਣੇ ਹਾਂ
ਸੁੰਮ ਬਕੁੰਮ ਹੋ ਕੇ ਸਾਸ ਘੁੱਟ ਲਈਏ ਅੱਗ ਵਾਂਗ ਪਤੰਗ ਜਲਾਵਣੇ ਹਾਂ
ਦਸਵੇਂ ਦੁਆਰ ਤੇ ਸਾਸ ਚੜ੍ਹਾਇਕੇ ਤੇ ਨਿਸ਼ਾ ਆਪਣੇ ਮੰਨ ਮਨਾਵਣੇ ਹਾਂ
ਪਏ ਝੂਟਨੇ ਹਾਂ ਮੁਢੋਂ ਮਸਤ ਹੋਕੇ ਜਦੋਂ ਕਿੰਗ ਦੀ ਤਾਰ ਵਜਾਵਣੇ ਹਾਂ
ਲੈਕੇ ਇਹ ਅਨੰਦ ਪਰਭਾਤ ਵੇਲੇ ਫੇਰ ਨਗਰ ਦੀ ਸੈਰ ਨੂੰ ਜਾਵਣੇ ਹਾਂ
ਜੋਹਦ ਕਰਨੇ ਹਾਂ ਖਾਸ ਖ਼ੁਦਾਅ ਦਾ ਨੀ ਕੁੱਝ ਖ਼ਲਕ ਦਾ ਨਹੀਂ ਧਰਾਵਣੇ ਹਾਂ
ਹਿਰਦੇ ਵਿੱਚ ਸਾਡੇ ਹਰਦਮ ਵੱਸ ਰਿਹਾ ਅਸੀਂ ਬਾਹਰੋਂ ਭੇਦ ਛਿਪਾਵਣੇ ਹਾਂ
ਬਚਨ ਗੁਰਾਂ ਦਾ ਏ ਸਾਨੂੰ ਸੈਰ ਕਰਨਾ ਅਸੀਂ ਫ਼ਕਰ ਦੇ ਬਾਲ ਸਦਾਵਣੇ ਹਾਂ
ਤੇਰੇ ਜਿਹੀਆਂ ਘੁਨਾ ਤਰੱਕਿਆਂ ਦੀ ਕੂਚ ਮਾਂਜ ਉਛਾਹਣ ਗਵਾਵਣੇ ਹਾਂ
ਹੋਕਾ ਸਚ ਦਾ ਦੇਵਨਾ ਫਰਜ਼ ਸਾਨੂੰ ਅਮਲ ਹਕ ਬਜਾ ਲਿਆਵਣੇ ਹਾਂ
ਹੋਵੇ ਚਾਹ ਤੇ ਸ਼ੌਕ ਦੀਦਾਰ ਰੱਖੇ ਓਹਨੂੰ ਆਪਣਾ ਆਪ ਵਿਖਾਵਣੇ ਹਾਂ
ਪਿੰਡ ਪਿੰਡ ਫਿਰਨ ਇਹ ਭੀ ਜ਼ੋਹਦ ਸਾਡਾ ਘਰੋ ਘਰੀ ਅਲੱਖ ਜਗਾਵਣੇ ਹਾਂ
ਦੁੱਖ ਦਰਦ ਬਲਾ ਸਭ ਦੂਰ ਹੁੰਦੇ ਕਦਮ ਜਿਨ੍ਹਾਂ ਦੇ ਵੇਹੜਿਆਂ ਪਾਵਣੇ ਹਾਂ
ਮਕਰ ਰੰਨ ਨੂੰ ਭੰਨਕੇ ਸਾਫ ਕਰਦੇ ਜਿੱਨ ਭੂਤ ਨੂੰ ਸਾੜ ਵਿਖਾਵਣੇ ਹਾਂ
ਨਕਸ ਲਿੱਖ ਕੇ ਫੂਕੀਏ ਚਾ ਨਾਸੀਂ ਜਾਏ ਸੂਲ ਦੀ ਜ਼ਾਤ ਗਵਾਵਣੇ ਹਾਂ
ਸਨੈ ਤਮਯਾਹ ਪੜ੍ਹਾਦਿ ਖਲਾਸ ਸਰਤ ਜੜਾਂ ਵੈਰੀ ਦੀਆਂ ਪੁੱਟ ਗੁਵਾਵਣੇ ਹਾਂ
ਦਿਲੋਂ ਜਿਸਦੇ ਚਾ ਤਵੀਜ਼ ਲਿੱਖੀਏ ਅਸੀਂ ਰੁੱਠੜਾ ਯਾਰ ਮਨਾਵਣੇ ਹਾਂ
ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ ਐਤਵਾਰ ਮਸਾਣ ਜਗਾਵਣੇ ਹਾਂ
ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ ਫੁੱਲ ਮੰਤ੍ ਕੇ ਚਾ ਸੰਘਾਵਣੇ ਹਾਂ
ਜਿਹੜੇ ਗਭਰੂ ਤੋਂ ਰੰਨ ਰਹੇ ਵਿੱਟਰ ਲੌਂਗ ਮੰਤ੍ਰ ਕੇ ਚਾ ਖੁਆਵਣੇ ਹਾਂ
ਓਹਨਾਂ ਵਹੁਟੀਆਂ ਦੇ ਦੁੱਖ ਦਰਦ ਜਾਂਦੇ ਫੱੜ ਹਿੱਕ ਤੇ ਹੱਥ ਫਿਰਾਵਣੇ ਹਾਂ
ਕੀਲ ਡਾਇਨਾਂ ਕੱਚੀਆਂ ਪੱਕੀਆਂ ਨੂੰ ਦੰਦ ਭੰਨ ਕੇ ਲਿਟਾਂ ਮੁਨਾਵਣੇ ਹਾਂ