ਪੰਨਾ:ਹੀਰ ਵਾਰਸਸ਼ਾਹ.pdf/216

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੪)

ਜਾਣ ਸੇਹਰ ਜਾਦੂ ਜਿਹੜੇ ਭੂਤ ਗੰਡੇ ਗੰਡਾ ਕੀਲ ਦੁਆਲੀ ਦਾ ਪਾਵਣੇ ਹਾਂ
ਜਿਹੜਾ ਕਰੇ ਸਾਡੇ ਨਾਲ ਹੁਜਤ ਬਾਜ਼ੀ ਉਹਨੂੰ ਟਿਚਕਰਾਂ ਨਾਲ ਉਡਾਉਣੇ ਹਾਂ
ਜਿਹੜੇ ਕੱਢ ਕੇ ਰਾਹ ਕੁਰਾਹ ਟੁਰਦੇ ਸਿਧੇ ਰਾਹ ਤੇ ਓਹਨਾਂ ਨੂੰ ਲਾਵਣੇ ਹਾਂ
ਕਿਸੇ ਨਾਲ ਜੇ ਵੈਰ ਵਿਰੋਧ ਹੋਵੇ ਓਹਨੂੰ ਭੂਤ ਮਸਾਣ ਚਮੜਾਵਣੇ ਹਾਂ
ਬੁਰਾ ਬੋਲਦੀ ਏ ਜਿਹੜੀ ਜੋਗੀਆਂ ਨੂੰ ਸਿਰ ਮੁੰਨ ਕੇ ਗੱਧੇ ਚੜ੍ਹਾਵਣੇ ਹਾਂ
ਜੈਂਦੇ ਨਾਲ ਮੁਦੱਪੜਾ ਠੀਕ ਹੋਵੇ ਉਹਨੂੰ ਬੀਰ ਬੈਤਾਲ ਪਹੁੰਚਾਵਣੇ ਹਾਂ
ਹੋ ਕੁਆਰੀ ਜੋ ਫੱਕਰਾਂ ਨਾਲ ਅੜਦੀ ਓਹਨੂੰ ਪੀਰ ਪੰਜਾਲ ਵਿਖਾਵਣੇ ਹਾਂ
ਜਿਨੂੰ ਇਸ਼ਕ ਤੇ ਮੁਸ਼ਕ ਦੀ ਖਬਰ ਨਾਹੀਂ ਉਹਨੂੰ ਆਪਣੀ ਗੱਲ ਸੁਣਾਵਣੇ ਹਾਂ
ਮੂੰਹ ਪਾਟੀਆਂ ਰੰਨ ਲੜਾਕੀਆਂ ਨੂੰ ਮਾਰ ਜ਼ਿਮੀਂ ਦੇ ਵਿੱਚ ਧਸਾਵਣੇ ਹਾਂ
ਸਾਡੇ ਫੱਨ ਉੱਤੇ ਜਿਹੜੀ ਸਿਦਕ ਰੱਖੇ ਦੁੱਖ ਦਰਦ ਤੇ ਮਰਜ਼ ਗਵਾਵਣੇ ਹਾਂ
ਅਸੀਂ ਖੇੜਿਆਂ ਦੇ ਘਰੋਂ ਇਕ ਬੂਟਾ ਹੁੱਕਮ ਰੱਬ ਦੇ ਨਾਲ ਪੁਟਾਵਣੇ ਹਾਂ
ਅਜੇ ਹਈ ਵੇਲਾ ਤੂੰ ਤਾਂ ਸਮਝ ਜਾਈਂ ਨਹੀਂ ਸੈਨਤਾਂ ਮਾਰ ਦਿਖਾਵਣੇ ਹਾਂ
ਵਾਰਸਸ਼ਾਹ ਜੇ ਹੋਰ ਨਾ ਦਾ ਲਗੇ ਸਿਰ ਤੇ ਪ੍ਰੇਮ ਜੜੀਆਂ ਚਾ ਪਾਵਣੇ ਹਾਂ

ਕਲਾਮ ਸਹਿਤੀ

ਤੁਸੀਂ ਖਾਸ ਮਹਿਬੂਬ ਅਲਾਹ ਦੇ ਹੋ ਏਸ ਵਹੁਟੜੀ ਨੂੰ ਕੋਈ ਸੂਲ ਹੈ ਜੀ
ਕੋਈ ਗੁੱਝੜਾ ਰੋਗ ਹੈ ਏਸ ਧਾਣਾ ਪਈ ਨਿਤ ਇਹ ਰਹੇ ਰੰਜੂਲ ਹੈ ਜੀ
ਹਥੋਂ ਲੁੜ੍ਹੀ ਵੈਂਦੀ ਲਾਹੂ ਲੱਥੜੀ ਹੈ ਵਹੁਟੀ ਹੋ ਜਾਂਦੀ ਮੱਖ਼ਤੂਲ ਹੈ ਜੀ
ਮੁੰਹੋਂ ਮਿਠੜੀ ਲਾਡ ਦੇ ਨਾਲ ਬੋਲੇ ਹਰ ਕਿਸੇ ਦੇ ਨਾਲ ਮਾਕੂਲ ਹੈ ਜੀ
ਮੂਧਾ ਪਿਆ ਹੈ ਝੁੱਗੜਾ ਨਿੱਤ ਸਾਡਾ ਇਹ ਵਹੁਟੜੀ ਘਰੇ ਦਾ ਸੂਲ ਹੈ ਜੀ
ਮੇਰੇ ਵੀਰ ਦੇ ਨਾਲ ਹੈ ਵੈਰ ਇਹਦਾ ਜੇਹਾ ਕਾਫ਼ਰਾਂ ਨਾਲ ਰਸੂਲ ਹੈ ਜੀ
ਅਗੇ ਏਸ ਦੇ ਸਾਹੁਰੇ ਹੱਥ ਬੱਧੀ ਜੋ ਕੁੱਝ ਆਖਦੀ ਸੱਭ ਕਬੂਲ ਹੈ ਜੀ
ਇਹ ਪਲੰਘ ਤੋਂ ਕਦੀ ਨਾ ਉੱਠ ਬੈਠੇ ਸਾਡੇ ਢਿੱਡ ਦੇ ਵਿਚ ਡੰਡੂਲ ਹੈ ਜੀ
ਨਿਤ ਵਾਂਗ ਅਜ਼ਾਰਿਆਂ ਕਰੇ ਗੱਲਾਂ ਸਾਡੇ ਝੁੱਗੜੇ ਵਿੱਚ ਅਧਮੂਲ ਹੈ ਜੀ
ਵਾਂਗ ਢੱਕਾਂ ਦੇ ਡੋਲੜੀ ਪਾ ਆਂਦੀ ਅਸਾਂ ਕੀਤਾ ਵਿਆਹ ਅਨਭੂਲ ਹੈ ਜੀ
ਸਾਡਾ ਵਾਹ ਨਾ ਪਿਆ ਪਰੱਖੀਓਂ ਤੂੰ ਬੜੀ ਡੌਲ ਤੇਰੀ ਮਜਹੂਲ ਹੈ ਜੀ
ਕਰੋ ਮਿਹਰ ਤੇ ਵਦੋ ਫਕੀਰ ਸਾਈਂ ਤੁਹਾਡੀ ਮੱਦਦੇ ਰੱਬ ਰਸੂਲ ਹੈ ਜੀ
ਬਾਝ ਪੁਛਿਆਂ ਸੁਖਨ ਨਾ ਮੂਲ ਕਰੀਏ ਦਾਨਸ਼ਮੰਦ ਦਾ ਇਹ ਮਾਮੂਲ ਹੈ ਜੀ
ਅਸਾਂ ਨਾਲ ਹਕਾਇਤਾਂ ਜੋੜ ਨਾਹੀਂ ਏਸ ਝਗੜਿਓਂ ਕੀ ਵਸੂਲ ਹੈ ਜੀ