ਪੰਨਾ:ਹੀਰ ਵਾਰਸਸ਼ਾਹ.pdf/217

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੫)

ਨੂਰ ਫਕਰ ਦਾ ਮੰਨਣਾ ਮਿਸਲ ਫਾਇਲ ਦੁਨੀਆਂਦਾਰ ਮਿਸਾਲ ਮਫ਼ਊਲ ਹੈ ਜੀ
ਤੇਰੀ ਸ਼ਾਖ ਬੁਰੀ ਪਿੰਡ ਵਿੱਚ ਵੱਜੀ ਲੋਕ ਕਹਿਣ ਲੜਾਈ ਦਾ ਮੂਲ ਹੈ ਜੀ
ਮੇਰੇ ਦਿਲ ਦੇ ਵਿੱਚ ਇਹ ਆਉਂਦੀ ਏ ਤੇਰੇ ਨਾਲ ਕਰਾਂ ਅੱਜ ਤੂਲ ਹੈ ਜੀ
ਨਹੀਂ ਤੇ ਮਾਰਕੇ ਇੱਕ ਚਪੇੜ ਤੇਰਾ ਸੱਭ ਕੱਢ ਸੁੱਟਾਂ ਜਿਤਨਾ ਪੂਲ ਹੈ ਜੀ
ਆਸ਼ਕ ਅਤੇ ਮਾਸ਼ੂਕ ਨੇ ਹੁਕਮ ਵਾਲੇ ਜੋ ਕੁੱਝ ਆਖਦੇ ਸੱਭ ਕਬੂਲ ਹੈ ਜੀ
ਵਾਰਸਸ਼ਾਹ ਤਬੀਬ ਨਾ ਕੋਈ ਮਿਲਿਆ ਮਰਜ਼ ਪਾਵੇ ਜੋ ਵਾਂਗ ਰਸੂਲ ਹੈ ਜੀ

ਕਲਾਮ ਜੋਗੀ ਅਤੇ ਸਹਿਤੀ

ਸਹਿਤੀ ਆਖਿਆ ਰਾਵਲਾ ਜੋਗੀਆ ਵੇ ਏਸ ਰੋਗ ਦਾ ਦੇਹ ਖਾਂ ਪਤਾ ਮੈਨੂੰ
ਹੱਥ ਵੇਖ ਕੇ ਕਰੋ ਇਲਾਜ ਇਸਦਾ ਰਖਾਂ ਨਜ਼ਰ ਜੋ ਦਿਓ ਫ਼ੁਰਮਾ ਮੈਨੂੰ
ਜੋਗੀ ਆਖਦਾ ਸੁਣੀ ਤੂੰ ਸਹਿਤੀਏ ਨੀ ਗੱਲਾਂ ਕੂੜੀਆਂ ਨਹੀਂ ਸੁਣਾ ਮੈਨੂੰ
ਚਿਹਰੇ ਅਖੀਆਂ ਦਾ ਜ਼ਰਾ ਰੰਗ ਵੇਖਾਂ ਨਾਲੇ ਦੇਹ ਕਾਰੂਰਾ ਦਿਖਾ ਮੈਨੂੰ
ਨਾੜੀ ਵੇਖ ਕੇ ਏਸ ਦੀ ਕਰਾਂ ਕਾਰੀ ਦੇਵੇ ਉੱਠ ਕੇ ਹੱਥ ਦਿਖਾ ਮੈਨੂੰ
ਰੋਗ ਕਾਸ ਤੋਂ ਚੱਲਿਆ ਕਰੋ ਜ਼ਾਹਰ ਮਜ਼ਾ ਮੂੰਹ ਦਾ ਦੇਹ ਬਤਾ ਮੈਨੂੰ
ਵਾਰਸਸ਼ਾਹ ਮੀਆਂ ਛੱਤੀ ਰੋਗ ਕੱਟਾਂ ਮਲਕੁਲ ਮੌਤ ਦੀ ਯਾਦ ਦਿਵਾ ਮੈਨੂੰ

ਕਲਾਮ ਸਹਿਤੀ

ਸਹਿਤੀ ਆਖਦੀ ਜੋਗੀਆ ਰਾਵਲਾ ਦੇ ਐਡੇ ਬੋਲ ਨਾ ਬੋਲ ਹੰਕਾਰੀਆ ਵੇ
ਕੁੱਲ ਨਫ਼ਸ ਨੂੰ ਜਾਇਕਾ ਮੌਤ ਦਾ ਏ ਰਜ਼ਾ ਰੱਬ ਦੀ ਦਿਲੋਂ ਵਿਸਾਰੀਆ ਵੇ
ਜ਼ੈਂਦੇ ਵਾਸਤੇ ਹੁਕਮ ਤਹਰੀਕ ਹੋਇਆ ਸਿਰ ਓਸਦੇ ਬਣੀ ਸੀ ਭਾਰੀਆ ਵੇ
ਝੁੱਗਾ ਨਬੀ ਦਾ ਹੂੰਝਕੇ ਸਾਫ਼ ਕੀਤਾ ਮਲਕਲ ਮੌਤ ਨੇ ਫੇਰ ਬੁਹਾਰੀਆਂ ਵੇ
ਓਹਦੀ ਖੇਡ ਦੇ ਭੇਦ ਨਾ ਕਿਸੇ ਲੱਧੇ ਜਿਹੜੀ ਉਸ ਨੇ ਖੇਡ ਖਿਲਾਰੀਆ ਵੇ
ਕਿਥੋਂ ਤੀਕ ਮੈਂ ਖੋਲ੍ਹ ਕੇ ਹਾਲ ਦੱਸਾਂ ਕੁਦਰਤ ਰੱਬ ਦੀ ਬਾਝ ਸ਼ੁਮਾਰੀਆ ਵੇ
ਸਹੀ ਕੀਤਾ ਹੀ ਕਿਹੜੇ ਦੁੱਖੜੇ ਨੂੰ ਅਤੇ ਕੇਹੜੀ ਮਰਜ਼ ਨਿਤਾਰੀਆ ਵੇ
ਅਗੇ ਕਿਸੇ ਦਾ ਹੈ ਇਲਾਜ ਕੀਤਾ ਇੱਕੇ ਨਵੀਂ ਕਿਤਾਬ ਵਿਚਾਰੀਆ ਵੇ
ਨਾਮ ਦੱਸ ਖਾਂ ਸਾਰੀਆਂ ਜ਼ਹਿਮਤਾਂ ਦਾ ਦੱਸ ਹੋਰ ਦਵਾ ਪਸਾਰੀਆ ਵੇ
ਵਾਰਸਸ਼ਾਹ ਮੀਆਂ ਤੇਰੀਆਂ ਹਿਕਮਤਾਂ ਨੂੰ ਜਿੰਦ ਜਾਨ ਮੇਰੀ ਵਾਰ ਵਾਰੀਆਂ ਦੇ

ਕਲਾਮ ਜੋਗੀ

ਸੁਣ ਸਹਿਤੀਏ ਜੋਬਨ ਮੱਤੀਏ ਨੀ ਤੈਨੂੰ ਸੱਚ ਦਾ ਸੁਖਨ ਅਲਾਉਣਾ ਹਾਂ
ਬਰਕਤ ਆਪਣੇ ਪੀਰ ਉਸਤਾਦ ਦੀ ਨੀ ਤੈਨੂੰ ਜ਼ਹਿਮਤਾਂ ਸੱਭ ਸੁਣਾਉਣਾ ਹਾਂ
ਜੇ ਕੁਝ ਪੁੱਛਣਾ ਸਹਿਤੀਏ ਪੁੱਛ ਲੈ ਨੀ ਹੁਣ ਗੱਲ ਨੂੰ ਮੁੜ ਮੁਕਾਉਣਾ ਹਾਂ