ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੭)

ਸੰਢ ਰੰਨ ਦਾ ਕਰਾਂ ਇਲਾਜ ਪੱਕਾ ਨਾੜ ਗਿਟੇ ਦੀ ਤੁਰਤ ਛੁਡਾਉਣਾ ਹਾਂ
ਲਤੀਂ ਬਾਹੀਂ ਯਾਂ ਚਿੱਤੜੀਂ ਸੱਟ ਲਗੇ ਸੱਜੀ ਸਾਬਣਾਂ ਲੇਪ ਕਰਾਉਣਾ ਹਾਂ
ਸੁਹਲ ਰੰਨ ਨੂੰ ਚੂਕਣੇ ਹੋਣ ਪੀੜਾਂ ਲੱਤਾਂ ਦੇ ਕੇ ਜ਼ਰਾ ਦਬਾਉਣਾ ਹਾਂ
ਬੌਲ ਬੰਦ ਹੋਵੇ ਨਲੀਂ ਪੈਣ ਚੀਸਾਂ ਪਾਣੀ ਕੇਸੂਆਂ ਦਾ ਤੱਤਾ ਪਾਉਣਾ ਹਾਂ
ਪੀੜ ਹਣੋਂ ਦੀ ਟੁੱਕ ਨਾ ਖਾਣ ਦੇਵੇ ਓਹਨੂੰ ਘੱਤ ਜੰਬੂਰ ਪੁਟਾਉਣਾ ਹਾਂ
ਸ਼ਬ ਕੌਰ ਅੰਧਰਾਤਿਆਂ ਵਾਲਿਆਂ ਨੂੰ ਤਿੱਲੀ ਬਾਕਰੀ ਭੁੰਨ ਖਵਾਉਣਾ ਹਾਂ
ਜੇਕਰ ਮਰਦ ਨੂੰ ਰੰਨ ਦੀ ਲੈ ਹੋਵੇ ਠੁਠਾ ਹੱਥ ਵਿੱਚ ਤੁਰਤ ਫੜਾਉਣਾ ਹਾਂ
ਰੰਨ ਮਰਦ ਨੂੰ ਕਾਮ ਜੇ ਕਰੇ ਗਲਬਾ ਧਨੀਆ ਘੋਟਕੇ ਚਾ ਪਿਆਉਣਾ ਹਾਂ
ਜੇ ਕਿਸੇ ਨੂੰ ਬਾਦ ਫਿਰੰਗ ਹੋਵੇ ਰਸ ਕਪੂਰ ਤੇ ਲੌਂਗ ਦਿਵਾਉਣਾ ਹਾਂ
ਨਾਮਰਦ ਤਾਈਂ ਚੀਚ ਬਹੁਟੀਆਂ ਦਾ ਤੇਲ ਕੱਢ ਕੇ ਨਿਤ ਮਲਾਉਣਾ ਹਾਂ
ਪਰਮੇਹ ਸ਼ੁਜਾਕ ਤੇ ਛਾਹ ਮੂਤੇ ਓਹਨੂੰ ਇੰਦਰੀ ਝਾੜ ਕਰਾਉਣਾ ਹਾਂ
ਅਤੀਸਾਰ ਨਬਾਹੀਆ ਸੂਲ ਜਿਸਨੂੰ ਈਸਬਗੋਲ ਹੀ ਚਾ ਫਕਾਉਣਾ ਹਾਂ
ਜੇਕਰ ਕਿਸੇ ਨੂੰ ਇਸ਼ਕ ਦੀ ਚਾਟ ਲੱਗੇ ਓਹਨੂੰ ਪਾ ਜੱਫੀ ਲੰਮੀ ਪਾਉਣਾ ਹਾਂ
ਮਾਸਾ ਇਕ ਹਫੀਮ ਦਾ ਖਾਇਕੇ ਤੇ ਧੱਕੇ ਅਜਬ ਬਹਾਰ ਦੇ ਲਾਉਣਾ ਹਾਂ
ਮੁੱਖ ਨਾਲ ਉਸਦੇ ਮੁੱਖ ਜੋੜਕੇ ਤੇ ਪੇਡੂ ਨਾਲ ਉਹਦੇ ਪੇਡੂ ਲਾਉਣਾ ਹਾਂ
ਅਡ ਮਾਸ ਤੋਂ ਭਾਲਕੇ ਢੂੰਡ ਠੋਕਰ ਸਾਹ ਘੁੱਟ ਜ਼ਰਾ ਸੱਟ ਲਾਉਣਾ ਹਾਂ
ਆਮੋਂ ਸਾਮ੍ਹਣੇ ਮੱਥੜੇ ਜੋੜ ਕੇ ਕੇ ਹੱਟ ਹੱਟ ਕੇ ਟੱਕਰਾਂ ਲਾਉਣਾ ਹਾਂ
ਜਦੋਂ ਬਾਹੁੜੀ ਬਾਹੁੜੀ ਕਰਨ ਲਗੇ ਸਗੋਂ ਦੱਬ ਕੇ ਪੀਂਘ ਚੜਾਉਣਾ ਹਾਂ
ਜਿਸ ਵਕਤ ਹੋਵੇ ਕੰਮ ਰਾਸ ਸਾਰਾ ਹੱਥ ਨਾਲ ਚਾ ਪਰੇ ਹਟਾਉਣਾ ਹਾਂ
ਜਿਹੜੀ ਦਿਲ ਸੰਦਾ ਭੇਤ ਨਾ ਦੇਵੇ ਓਹਨੂੰ ਫੇਰ ਨਾ ਮੂਲ ਬੁਲਾਉਣਾ ਹਾਂ
ਵਾਰਸਸ਼ਾਹ ਜਿਹੜੀ ਉਠ ਬਹੇ ਨਾਹੀਂ ਓਹਨੂੰ ਹੱਥ ਭੀ ਮੂਲ ਨਾ ਲਾਉਣਾ ਹਾਂ

ਕਲਾਮ ਸਹਿਤੀ

ਲੱਖ ਵੈਦਗੀ ਵੈਦ ਲਗਾ ਥੱਕੇ ਧੁਰੋਂ ਟੁੱਟੜੀ ਕਿਸੇ ਨਾ ਜੋੜਨੀ ਵੇ
ਜਿਥੇ ਕਲਮ ਤਕਦੀਰ ਦੀ ਵੱਗ ਚੁੱਕੀ ਕਿਸੇ ਵੈਦਗੀ ਨਾਲ ਨ ਮੋੜਨੀ ਵੇ
ਤੇਰੀਆਂ ਮਿੰਨਤਾਂ ਅਤੇ ਅਹਿਸਾਨ ਕਿਹਾ ਗੰਢੀ ਓਸਦੀ ਕਿਸੇ ਨਾ ਤੋੜਨੀ ਵੇ
ਜਿਸ ਕੰਮ ਵਿੱਚ ਵਹੁਟੜੀ ਹੋਵੇ ਚੰਗੀ ਸੋਈ ਖੈਰ ਅਸਾਂ ਹੁਣ ਲੋੜਨੀ ਵੇ
ਕਰਾਮਾਤ ਹੋਵੇ ਫਿਰੇਂ ਮੰਗਦਾ ਕਿਉਂ ਜਿੰਦ ਵਿੱਚ ਨਾਹਕ ਦੇ ਬੋੜਨੀ ਵੇ
ਸਹਿਤੀ ਆਖਦੀ ਰਾਵਲਾ ਮਕਰੀਆ ਵੇ ਜੜ੍ਹ ਝੂਠੇ ਦੀ ਰਬ ਅਖੋੜਨੀ ਵੇ