ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੮)

ਬਿਨਾਂ ਸਦਿਓਂ ਪੁਛਿਓਂ ਵੈਦ ਬਣਿਓਂ ਤੇਰੀ ਵੈਦਗੀ ਕਿਸੇ ਨਾ ਲੋੜਨੀ ਵੇ
ਜੇ ਤੂੰ ਮਰਜ਼ ਪਛਾਣਕੇ ਲੱਭ ਲਵੇਂ ਤੇਰੀ ਹਿਕਮਤ ਹੁਣੇ ਚਾ ਲੋੜਨੀ ਵੇ
ਵਾਰਸਸ਼ਾਹ ਅਜ਼ਾਰ ਹੋਰ ਸੱਭ ਮੁੜਦੇ ਇਹ ਤਕਦੀਰ ਨਾ ਕਿਸੇ ਨੇ ਮੋੜਨੀ ਵੇ

ਕਲਾਮ ਜੋਗੀ

ਮਿਨਜ਼ੋਕਾ ਜ਼ੌਹਕਾ ਹੁਕਮ ਹੋਯਾ ਗੱਲ ਫ਼ਕਰ ਦੀ ਨੂੰ ਨਾਹੀਂ ਹੱਸੀਏ ਨੀ
ਜੋ ਕੁਝ ਕਹਿਣ ਫਕੀਰ ਸੋ ਰੱਬ ਕਰਦਾ ਆਖੇ ਫ਼ਕਰ ਦੇ ਤੋਂ ਨਾਹੀਂ ਨੱਸੀਏ ਨੀ
ਹੋਵੇ ਖੈਰ ਤੇ ਦੇਹੀ ਦਾ ਰੋਗ ਜਾਏ ਨਿੱਤ ਪਹਿਨੀਏ ਖਾਵੀਏ ਵੱਸੀਏ ਨੀ
ਭਲਾ ਬੁਰਾ ਜੋ ਦੇਖੀਏ ਮੀਤ ਕਰੀਏ ਭੇਤ ਫ਼ਕਰ ਦਾ ਮੂਲ ਨਾ ਦੱਸੀਏ ਨੀ
ਹੱਥ ਬੰਨ੍ਹ ਫਕੀਰ ਤੇ ਸਿਦਕ ਕੀਜੇ ਨਾਹੀਂ ਟੋਪੀਆਂ ਸੇਲੀਆਂ ਖੱਸੀਏ ਨੀ
ਦੁੱਖ ਦਰਦ ਤੇਰੇ ਸੱਭੇ ਜਾਣ ਕੁੜੀਏ ਭੇਤ ਜੀਉ ਦਾ ਖੋਲ੍ਹ ਜਾਂ ਦੱਸੀਏ ਨੀ
ਮੁੱਖ ਖੋਲ੍ਹ ਵਿਖਾਏਂ ਤਾਂ ਹੋਵੇਂ ਚੰਗੀ ਆਲੀ ਭੋਲੀ ਅਯਾਨੀਏਂ ਸੱਸੀਏ ਨੀ
ਰੱਬ ਆਣ ਸਬਬ ਜਾਂ ਮੇਲਦਾ ਏ ਖੈਰ ਹੋ ਜਾਂਦੀ ਨਾਲ ਲੱਸੀਏ ਨੀ
ਪਾਕਦਾਮਨੀ ਦੀ ਹੋਵੇ ਖੁਸ਼ੀ ਤਾਹੀਂ ਰਾਜ਼ੀ ਹੋ ਘਰਬਾਰ ਵਿੱਚ ਵੱਸੀਏ ਨੀ
ਸਿਦਕ ਨਾਲ ਫਕੀਰ ਦੇ ਕਦਮ ਚੁੰਮੋਂ ਅਨੀ ਹੁਸਨ ਗੁਮਾਨ ਸਰੱਸੀਏ ਨੀ
ਸੁਲਹ ਕੀਤਿਆਂ ਫਤ੍ਹੇ ਜੇ ਹੱਥ ਆਵੇ ਕਮਰ ਜੰਗ ਤੇ ਮੂਲ ਨਾ ਕੱਸੀਏ ਨੀ
ਤੇਰੇ ਦਰਦ ਦਾ ਸੱਭ ਇਲਾਜ ਮੈਥੇ ਵਾਰਸਸ਼ਾਹ ਨੂੰ ਭੇਦ ਜੇ ਦੱਸੀਏ ਨੀ

ਕਲਾਮ ਸਹਿਤੀ

ਸਹਿਤੀ ਗੱਜ ਕੇ ਆਖਦੀ ਛੱਡ ਜੱਟਾ ਖੋਹ ਸਭ ਨਵਾਲੀਆਂ ਸੱਟੀਆਂ ਨੀ
ਹੋਰ ਸਭ ਜਾਤਾਂ ਠਗ ਖਾਧੀਆਂ ਨੀ ਪਰ ਏਸ ਵੇਹੜੇ ਵਿਚ ਜੱਟੀਆਂ ਨੀ
ਇਹ ਰਮਜ਼ ਨਾ ਸੁਣੀ ਹੈ ਰਾਵਲਾ ਵੇ ਰੰਨਾਂ ਜੱਟੀਆਂ ਹੋਰ ਸਭ ਚੱਟੀਆਂ ਨੀ
ਤੇਰੀ ਪੀਰੀ ਫਕੀਰੀ ਸਭ ਘੋਲ ਦਈਏ ਸਾਡੇ ਨਾਲ ਜੇ ਕਰੇਂ ਇਕੱਠੀਆਂ ਨੀ
ਕਦੀ ਵੈਦ ਹਕੀਮ ਬਣ ਆਵਣਾ ਏਂ ਗਲਾਂ ਕਰਨੈਂ ਬਹੁਤ ਉਪੱਠੀਆਂ ਨੀ
ਅਸਾਂ ਏਤਨੀ ਗੱਲ ਮਾਲੂਮ ਕੀਤੀ ਇਹ ਜੱਟੀਆਂ ਮੁਲਕ ਦੀਆਂ ਡੱਟੀਆਂ ਨੀ
ਘਰ ਜ਼ਟਾਂ ਦੇ ਮੰਗ ਨਾ ਡਿੱਠਿਓ ਈ ਮੰਗ ਡਿੱਠਿਓ ਖੋਜਿਆਂ ਹੱਟੀਆਂ ਨੀ
ਰਮਜ਼ਦਾਰ ਗਲਾਂ ਤੇਰੀਆਂ ਵਾਂਗ ਤਾਰਾਂ ਤੰਦੂਏ ਵਾਂਗ ਖਲਾਰ ਕੇ ਸੱਟੀਆਂ ਨੀ
ਕੁਤੇ ਛੇੜਕੇ ਵਿਹੜੇ ਦੇ ਮਗਰ ਲਾਊਂ ਫਿਰੇਂ ਬੰਨ੍ਹਦਾ ਪੱਟੀਆਂ ਵੱਟੀਆਂ ਨੀ
ਜਿਨ੍ਹਾਂ ਜੱਟੀਆਂ ਦੇ ਨਾਲ ਅੜੀ ਬੱਧੀ ਉਨ੍ਹਾਂ ਕੁੱਝ ਨਾ ਖੱਟੀਆਂ ਖੱਟੀਆਂ ਨੀ
ਛਡਣ ਸੁਰਖ ਸਫੈਦ ਨਾ ਸਬਜ਼ ਪੀਲਾ ਇਹ ਮਹਿਰੀਆਂ ਨੀਲੀਆਂ ਪੱਟੀਆਂ ਨੀ