ਪੰਨਾ:ਹੀਰ ਵਾਰਸਸ਼ਾਹ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੦)

ਕਿਸੇ ਏਸਨੂੰ ਚਾ ਮਸਾਨ ਘੱਤੇ ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ
ਸਹੰਸਧੂਪ ਅਤੇ ਹੋਰ ਫੁੱਲ ਹਰਮਲ ਹਰੇ ਸਰੀਂਹਦੀਆਂ ਛਮਕਾਂ ਗਿੱਲੀਆਂ ਨੀ
ਝਬ ਕਰਾਂ ਮੈਂ ਜਤਨ ਝੜ ਜਾਣ ਕਾਮਣ ਅਨੀ ਕਮਲੀਓ ਹੋ ਨਾ ਢਿੱਲੀਆਂ ਨੀ
ਸਾਨੂੰ ਰੱਬ ਨੇ ਇਹ ਤੌਫੀਕ ਦਿੱਤੀ ਏਵੇਂ ਮਾਰਦੀ ਫਿਰੇਂ ਤੂੰ ਖਿੱਲੀਆਂ ਨੀ
ਕਹਿਆ ਜੋਗੀ ਨੇ ਰੋਗ ਸਭ ਦੱਸ ਦੇਵਾਂ ਸਾਨੂੰ ਰੱਬ ਸੱਚੇ ਖਬਰਾਂ ਘੱਲੀਆਂ ਨੀ
ਹੁਕਮ ਕਰੋ ਤਾਂ ਬੈਠ ਇਲਾਜ ਕਰਾਂ ਏਸ ਰੋਗ ਦੀਆਂ ਗੱਲਾਂ ਅਵੱਲੀਆਂ ਨੀ
ਹੱਥ ਫੇਰਕੇ ਧੂਪ ਤੇ ਕਰਾਂ ਝਾੜਾ ਫੇਰੇ ਨੈਣ ਤੇ ਮਾਰ ਦੇ ਖਿੱਲੀਆਂ ਨੀ
ਕਿਹਾ ਰੋਗ ਹੈ ਦੱਸ ਇਸ ਵਹੁਟੜੀ ਨੂੰ ਅਤੇ ਮਾਰਦੀ ਹੈਂ ਟਰਪੱਲੀਆਂ ਨੀ
ਰੱਬ ਵੈਦ ਪੱਕਾ ਘਰ ਘੱਲਿਆ ਜੇ ਫਿਰੋ ਢੂੰਡ ਦੇ ਪੂਰਬ ਤੇ ਦਿੱਲੀਆਂ ਨੀ
ਵਾਰਸਸ਼ਾਹ ਪ੍ਰੇਮ ਦੀ ਜੜੀ ਘਤੀ ਅੱਖੀਂ ਹੀਰ ਦੀਆਂ ਕੱਚੀਆਂ ਪਿੱਲੀਆਂ ਨੀ

ਕਲਾਮ ਸਹਿਤੀ

ਮੇਰੇ ਨਾਲ ਕੀ ਪਾਯਾ ਈ ਵੈਰ ਚਾਕਾ ਮਥਾ ਸੌਂਕਣਾਂ ਵਾਂਗ ਕੀ ਡਾਹਿਆ ਈ
ਏਵੇ ਘੂਰਕੇ ਮੁਲਕ ਨੂੰ ਫਿਰੇਂ ਖਾਂਦਾ ਕਦੀ ਜੋਤਰਾ ਮੂਲ ਨਾ ਵਾਹਿਆ ਈ
ਮਾਂ ਬਾਪ ਗੁਰੂ ਘਰ ਛੱਡਿਆ ਈ ਕਿਸੇ ਨਾਲ ਨਾ ਕਦੇ ਨਿਬਾਹਿਆ ਈ
ਡੱਬੀ ਪੁਰੇ ਦਿਆ ਲੱਲ ਵਲੱਲਿਆ ਵੇ ਅਸਾਂ ਨਾਲ ਕੀ ਖਚਰ ਪੁਚਾਇਆ ਈ
ਕਿਸੇ ਜੋਗੀੜੇ ਪਕੜ ਫ਼ਕੀਰ ਕੀਤੋ ਅਨਜਾਣ ਕਕੇਹੜਾ ਫਾਹਿਆ ਈ
ਬੁਢੀ ਮਾਂ ਨੂੰ ਰੋਂਦੀ ਛੱਡ ਆਓਂ ਓਹਦਾ ਅਰਸ਼ ਦਾ ਕਿੰਗਰਾ ਢਾਹਿਆ ਈ
ਪੇਟ ਰੱਖ ਕੇ ਆਪਣਾ ਆਪ ਪਾਲੇਂ ਕਿਤੇ ਰੰਨ ਨੂੰ ਚਾ ਤਰਾਹਿਆ ਈ
ਸੁਆਹ ਲਾਈਆ ਬਾਣਨਾ ਉਲਟੀਆਈ ਐਵੇਂ ਕੱਪੜਾ ਚੀਥੜਾ ਲਾਹਿਆ ਈ
ਆ ਆਖਨੀ ਹਾਂ ਟੱਲ ਜਾਹ ਸਾਥੋਂ ਭੌਂਦੂ ਸਾਧ ਲਧੋਂਦੜਾ ਆਇਆ ਈ
ਵਾਰਸਸ਼ਾਹ ਮੀਆਂ ਓਥੇ ਅੱਕ ਜੰਮੇ ਜਿੱਥੇ ਆਸ਼ਕਾਂ ਜੋਤਰਾ ਲਾਇਆ ਈ

ਕਲਾਮ ਜੋਗੀ

ਮਾਨ ਮੱਤੀਏ ਰੂਪ ਗੁਮਾਨ ਭਰੀਏ ਭੈੜੇ ਕਾਰੀਏ ਗਰਬ ਗਹੇਲੀਏ ਨੀ
ਐਡੇ ਫੰਧ ਫ਼ਰੇਬ ਨੇ ਯਾਦ ਤੈਨੂੰ ਕਿਸੇ ਵਡੇ ਉਸੱਤਾਦ ਦੀ ਚੇਲੀਏ ਨੀ
ਏਸ ਹੁਸਨ ਦਾ ਨਾਂਹ ਗੁਮਾਨ ਕਰੀਏ ਮਾਨ ਮੱਤੀਏ ਨੈਣ ਸੁਰਮੇਲੀਏ ਨੀ
ਤੇਰੀ ਭਾਬੀ ਦੀ ਨਹੀਂ ਪਰਵਾਹ ਸਾਨੂੰ ਵੱਡੀ ਹੀਰ ਦੀਏ ਅੰਗ ਸਹੇਲੀਏ ਨੀ
ਮਿਲੇ ਸਿਰ ਨੂੰ ਨਾਂਹ ਵਿਛੋੜ ਦਈਏ ਸਗੋਂ ਵਿੱਛੜੇ ਸਿਰਾਂ ਨੂੰ ਮੇਲੀਏ ਨੀ
ਕਿਹਾ ਵੈਰ ਫਕੀਰ ਦੇ ਨਾਲ ਚਾਇਓ ਪਿੱਛਾ ਛੱਡ ਅਨੋਖੀਏ ਲੇਲੀਏ ਨੀ