ਪੰਨਾ:ਹੀਰ ਵਾਰਸਸ਼ਾਹ.pdf/224

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੨)

ਹੁੰਦੇ ਸੁੰਦੇ ਉਤੋਂ ਜੇੜ੍ਹੇ ਪੈਣ ਮੁੱਕਰ ਓਹ ਰੋਜ਼ ਹਿਸਾਬ ਨਚੋੜੀਏ ਨੀ
ਦਿਲ ਫ਼ਕਰ ਦਾ ਰੰਜ ਨਾ ਮੂਲ ਕੀਜੇ ਸ਼ੀਸ਼ਾ ਚੂਰ ਹੋਯਾ ਨਹੀਂ ਜੋੜੀਏ ਨੀ
ਅਸੀਂ ਰੱਬ ਦੇ ਘਲੇ ਹਾਂ ਦੁਆਰ ਤੇਰੇ ਕਰੀਂ ਖਿਦਮਤਾਂ ਮੁੱਖ ਨਾ ਮੋੜੀਏ ਨੀ
ਜੈਂਦੇ ਨਾਲ ਕਲੂਬ ਦੀ ਗੱਲ ਹੋਵੇ ਫੇਰ ਓਸ ਨੂੰ ਨਾਂਹ ਵਿਛੋੜੀਏ ਨੀ
ਘਰੋਂ ਸੱਖਣਾ ਫ਼ਕਰ ਨਾ ਡੂਮ ਜਾਏ ਅਨੀ ਖੇੜਿਆਂ ਦੀਏ ਗ਼ਮਖ਼ੋਰੀਏ ਨੀ
ਕਰਾਮਾਤ ਭੀ ਵੇਖ ਵਖਾਉਣਾ ਹਾਂ ਐਵੇਂ ਫ਼ਕਰ ਨੂੰ ਨਾਂਹ ਟਕੋਰੀਏ ਨੀ
ਕੋਈ ਅਸਾਂ ਤਕਸੀਰ ਹੈ ਬੜੀ ਕੀਤੀ ਸਦਕਾ ਹੁਸਨ ਦਾ ਬਖਸ਼ ਲੈ ਗੋਰੀਏ ਨੀ
ਜੋ ਕੁੱਝ ਸਰੇ ਸੋ ਫ਼ਕਰ ਨੂੰ ਖੈਰ ਦੀਜੇ ਨਹੀਂ ਦੇਇ ਜਬਾਬ ਚਾ ਟੋਰੀਏ ਨੀ
ਅਸੀਂ ਰੁੱਠੜੇ ਯਾਰ ਮਨਾ ਦੇਈਏ ਦੁੱਖ ਦਰਦ ਦਲਿਦ੍ਰਾਂ ਤ੍ਰੋੜੀਏ ਨੀ
ਸਿਰ ਤੇ ਆਈ ਬਲਾ ਨੂੰ ਟਾਲ ਦੇਈਏ ਹੁਕਮ ਰੱਬ ਦੇ ਨਾਲ ਚਾ ਮੋੜੀਏ ਨੀ
ਅੜੀ ਨਾਲ ਫ਼ਕੀਰ ਦੇ ਨਾ ਕਰੀਏ ਗੁੱਸੇ ਨਾਲ ਨਾ ਮੁੱਖ ਮਰੋੜੀਏ ਨੀ
ਵਾਰਸਸ਼ਾਹ ਕੁੱਝ ਰੱਬ ਦੇ ਨਾਮ ਦੇਈਏ ਨਹੀਂ ਆਜਜ਼ਾਂ ਦੀ ਕੁੱਝ ਜ਼ੋਰੀਏ ਨੀ

ਕਲਾਮ ਹੀਰ

ਹੀਰ ਆਖਿਆ ਜੋਗੀਆ ਝੂਠ ਆਖੇਂ ਕੌਣ ਰੁਠੜੇ ਯਾਰ ਮਨਾਉਂਦਾ ਏ
ਐਸਾ ਕੋਈ ਨਾ ਡਿੱਠਾ ਮੈਂ ਢੂੰਡ ਥਕੀ ਜੇੜ੍ਹਾ ਗਿਆਂ ਨੂੰ ਮੋੜ ਲਿਆਉਂਦਾ ਏ
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਸੋਈ ਜੇੜ੍ਹਾ ਜੀਉ ਦਾ ਰੋਗ ਗਵਾਉਂਦਾ ਏ
ਭਲਾ ਦੱਸ ਖਾਂ ਚਿਰੀ ਵਿਛੁੰਨਿਆਂ ਨੂੰ ਕਦੋਂ ਰੱਬ ਸੱਚਾ ਘਰੀਂ ਲਿਆਉਂਦਾ ਏ
ਮੇਰਾ ਜੀਉ ਜਾਮਾਂ ਜੇੜ੍ਹਾ ਆਣ ਮੇਲੇ ਸਿਰ ਸਦਕਾ ਓਸਦੇ ਨਾਉਂ ਦਾ ਏ
ਭਲਾ ਮੋਏ ਤੇ ਵਿੱਛੜੇ ਕੌਣ ਮੇਲੇ ਐਵੇਂ ਜੀਊੜਾ ਲੋਕ ਵਲਾਉਂਦਾ ਏ
ਇਕ ਬਾਜ਼ ਤੋਂ ਕਾਉਂ ਨੇ ਕੂੰਜ ਖੋਹੀ ਵੇਖਾਂ ਚੁੱਪ ਹੈ ਕਿ ਕੁਰਲਾਉਂਦਾ ਏ
ਦੁਖਾਂ ਵਾਲਿਆਂ ਨੂੰ ਗੱਲਾਂ ਸੁੱਖ ਦੀਆਂ ਵੇ ਕਿੱਸੇ ਜੋੜ ਜਹਾਨ ਸੁਣਾਉਂਦਾ ਏ
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ ਵੇਖਾਂ ਆਣਕੇ ਕਦੋਂ ਬੁਝਾਉਂਦਾ ਏ
ਦੇਵਾਂ ਚੂਰੀਆਂ ਘੇਉ ਦੇ ਬਾਲ ਦੀਵੇ ਵਾਰਸਸ਼ਾਹ ਜੇ ਸੁਣਾਂ ਮੈਂ ਆਉਂਦਾ ਏ

ਕਲਾਮ ਜੋਗੀ

ਜਦੋਂ ਤੀਕ ਜ਼ਿਮੀਂ ਅਸਮਾਨ ਕਾਇਮ ਤਦੋਂ ਤੀਕ ਇਹ ਵਾਹ ਸਭ ਵਹਿਣਗੇ ਨੀ
ਸਭੇ ਕਿਬਰ ਹੰਕਾਰ ਗੁਮਾਨ ਲੱਦੇ ਆਪ ਵਿੱਚ ਇਹ ਅੰਤ ਨੂੰ ਢਹਿਣਗੇ ਨੀ
ਯੋਮਾਤਯਕਾਕੁਸਾਮਾਓ ਬਿਲਗਮਹਿ ਤਦੋਂ ਆਸਰੇ ਇਹ ਸਭ ਢਹਿਣਗੇ ਨੀ
ਅਸਰਾਫੀਨ ਜਾਂ ਸੂਰ ਕਰਨਾ ਫੂਕੇ ਤਦੋਂ ਸੱਭ ਪਸਾਰੜੇ ਢਹਿਣਗੇ ਨੀ