ਪੰਨਾ:ਹੀਰ ਵਾਰਸਸ਼ਾਹ.pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੩)

ਬਾਸ਼ਕ ਧੌਲ ਨੂੰ ਹਸ਼ਰ ਦਾ ਹੌਲ ਹੋਸੀ ਸੁਣਕੇ ਘੂਕਰਾਂ ਆਪ ਤਰਹਿਣਗੇ ਨੀ
ਊਠ ਜਾਣ ਪਹਾੜ ਸਭ ਹੋਣ ਰੱਜੇ ਵਾਂਗ ਖਿੰਗਰਾਂ ਆਪ ਵਿਚ ਖਹਿਣਗੇ ਨੀ
ਆਪੋ ਆਪ ਮਲੂਮ ਕਰ ਲੈਣ ਸੱਭੇ ਜਦੋਂ ਹਸ਼ਰ ਨੂੰ ਮਾਮਲੇ ਪੈਣਗੇ ਨੀ
ਸੂਰਜ ਸਵਾ ਨੇਜੇ ਉਤੇ ਆਨ ਠਹਿਰੇ ਰਾਹ ਰਹਿਣਗੇ ਗਾਹ ਸਭ ਗਹਿਣਗੇ ਨੀ
ਜੋ ਕੁਝ ਬੀਜਸਨ ਏਸ ਜਹਾਨ ਉੱਤੇ ਓਹੋ ਰੋਜ਼ ਕਿਆਮਤੇ ਲੈਣਗੇ ਨੀ
ਬਦਲੇ ਮਿਲਣਗੇ ਕਰਨੀਆਂ ਭਰਨੀਆਂ ਦੇ ਤੇ ਐਮਾਲਨਾਮੇ ਹੱਥੀਂ ਦੇਣਗੇ ਨੀ
ਕੁਰਸੀ ਅਰਸ਼ ਤੇ ਲੋਹ ਕਲੱਮ ਜੱਨਤ ਰੂਹ ਦੋਜ਼ਖਾਂ ਸੱਭ ਇਹ ਰਹਿਣਗੇ ਨੀ
ਦੁਨੀਆਦਾਰ ਨਾ ਰਹੇਗਾ ਕੋਈ ਐਥੇ ਆਸ਼ਕ ਫ਼ਕਰ ਹੀ ਸਾਬਤ ਰਹਿਣਗੇ ਨੀ
ਦਸਾਂ ਹਾਲ ਅਹਿਵਾਲ ਤਮਾਮ ਸਾਰਾ ਸਿਰ ਉਨ੍ਹਾਂ ਜੋ ਵਰਤਿਆ ਸਹਿਣਗੇ ਨੀ
ਨਾਲੇ ਫਾਲ ਕੁਰਾਨ ਕਤਾਬ ਵਿਚੋਂ ਜੇੜ੍ਹੇ ਢੂੰਡ ਰਖਣ ਵੇਖ ਲੈਣਗੇ ਨੀਂ
ਬੋਲ ਪਵੇਗਾ ਜ਼ਿਮੀਂ ਅਸਮਾਨ ਮੁੰਹੋਂ ਨਾਲ ਹੁਕਮ ਹਵਾਲੜੇ ਕਹਿਣਗੇ ਨੀ
ਖੁਲ੍ਹ ਜਾਣ ਸਰਾਰ ਹੁਣ ਬੰਦ ਜਿਹੜੇ ਅੱਖੀਂ ਆਪਣੀ ਆਪ ਇਸ ਪੈਣਗੇ ਨੀ
ਕੁਰਆ ਸੁਟਕੇ ਪ੍ਰਸ਼ਨ ਮੈਂ ਲਾਵਣਾ ਹਾਂ ਦੱਸਾਂ ਉਨ੍ਹਾਂ ਜੋ ਉੱਠ ਕੇ ਬਹਿਣਗੇ ਨੀ
ਨਾਲੇ ਪੱਤਰੀ ਖੋਲ੍ਹਕੇ ਫਾਲ ਦੱਸਾਂ ਵਾਰਸਸ਼ਾਹ ਹੋਰੀਂ ਸੱਚ ਕਹਿਣਗੇ ਨੀ

ਜੋਗੀ ਨੇ ਕੁਰਆ ਸੁਟਣਾ ਹੀਰ ਅਗੇ ਹਾਲ ਖੋਲ੍ਹਣਾ

ਹੁਣ ਸੰਗਲੀ ਸੁੱਟ ਕੇ ਸ਼ਗਨ ਬੋਲਾਂ ਚੁਆ ਸਹੁਰਿਆਂ ਤੇ ਗੁਣਾ ਪਿਆ ਸੀ ਨੀ
ਤੂੰ ਛਾਤੀਆਂ ਨਾਲ ਓਹ ਮਸਭਿੰਨਾ ਤਦੋਂ ਦੋਹਾਂ ਦਾ ਜੀ ਰਲ ਗਿਆ ਸੀ ਨੀ
ਓਹ ਵੰਝਲੀ ਨਾਲ ਤੂੰ ਨਾਲ ਲਟਕਾਂ ਜੀਉ ਦੋਹਾਂ ਦਾ ਦੋਹਾਂ ਨੇ ਲਿਆ ਸੀ ਨੀ
ਹੁਣ ਕੰਨ ਪੜਾ ਫ਼ਕੀਰ ਹੋਯਾ ਨਾਲ ਜੋਗੀਆਂ ਦੇ ਰੱਲ ਗਿਆ ਸੀ ਨੀ
ਓਹ ਇਸ਼ਕ ਦੇ ਹੱਟ ਵਿਕਾ ਰਿਹਾ ਮੱਝੀਂ ਕਿਸੇ ਦੀਆਂ ਚਾਰਦਾ ਰਿਹਾ ਸੀ ਨੀ
ਇਕ ਬਾਂਸ ਸੀ ਛੇਕ ਛੇ ਸੱਤ ਉਸਨੂੰ ਫੂਕ ਮਾਰਿਆਂ ਬੋਲਦਾ ਪਿਆ ਸੀ ਨੀ
ਓਹ ਆਸ ਕਰਕੇ ਮਹੀਂ ਚਾਰਦਾ ਸੀ ਤੇਰਾ ਵਿਆਹ ਹੋਯਾ ਲੁੜ੍ਹ ਗਿਆ ਸੀ ਨੀ
ਤੂੰ ਤਾਂ ਚੜ੍ਹੀ ਡੋਲੀ ਓਹ ਹਿੱਕ ਮੱਝੀਂ ਟਮਕ ਚਾਇਕੇ ਨਾਲ ਲੈ ਗਿਆ ਸੀ ਨੀ
ਸਿਰੋਂ ਲਾਹ ਟਮਕ ਭੂਰਾ ਖੱਸ ਲਿਆ ਰਾਹ ਝੰਗ ਸਿਆਲਾਂ ਦੇ ਪਿਆ ਸੀ ਨੀ
ਰੋਂਦਾ ਝੰਗ ਸਿਆਲਾਂ ਨੂੰ ਰਵਾਂ ਹੋਯਾ ਪਿੱਛਾ ਓਸਦਾ ਕਿਸੇ ਨਾ ਲਿਆ ਸੀ ਨੀ
ਤੂੰ ਤਾਂ ਵਸੇਂ ਖੇੜੀਂ ਤੇ ਉਹ ਰੁੱਲੇ ਝੰਗੀਂ ਦਰਦ ਨਾਲ ਪੁਕਾਰਦਾ ਪਿਆ ਸੀ ਨੀ
ਕੌਲ ਓਸਦੇ ਨਾਲ ਜੋ ਤੁੱਧ ਕੀਤਾ ਉਸੇ ਬੋਲ ਨੂੰ ਪਾਲਣਾ ਪਿਆ ਸੀ ਨੀ
ਪੰਜਾਂ ਪੀਰਾਂ ਤੇਰਾ ਨਕਾਹ ਪੜ੍ਹਿਆ ਕੋਲ ਗਵਾਹ ਅੱਲਾ ਰੱਖ ਲਿਆ ਸੀ ਨੀ