ਪੰਨਾ:ਹੀਰ ਵਾਰਸਸ਼ਾਹ.pdf/228

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੬)

ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ ਘੁੰਡ ਲਾਹ ਮੂੰਹ ਉਪਰੋਂ ਲਾੜੀਏ ਨੀ
ਵਾਰਸਸ਼ਾਹ ਨਾ ਦੱਬੀਏ ਮੋਤੀਆਂ ਨੂੰ ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀ

ਕਲਾਮ ਹੀਰ

ਸੁਣ ਜੋਗੀਆ ਰਾਵਲਾ ਸੁਖਨ ਸਾਡਾ ਅਸੀਂ ਕਿਚਰਕ ਦੁੱਖ ਨੂੰ ਜਾਲੀਏ ਵੇ
ਅਖ਼ੀਂ ਸਾਮ੍ਹਣੇ ਚੋਰ ਜੇ ਨਜ਼ਰ ਆਵੇ ਕਿਉਂ ਦੁੱਖ ਵਿਚ ਆਪਨੂੰ ਗਾਲੀਏ ਵੇ
ਮੀਆਂ ਜੋਗੀਆ ਝੂਠੀਆਂ ਕਰੇੇਂ ਗੱਲਾਂ ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ
ਅੱਗ ਬੁਝੀ ਨੂੰ ਧੀਰੀਆਂ ਲੱਖ ਦੀਜਣ ਬਿਨਾਂ ਫੂਕ ਮਾਰੀ ਨਹੀਂ ਬਾਲੀਏ ਵੇ
ਦਿਲ ਹੀਰ ਦੇ ਤਦੋਂ ਤਦਬੀਰ ਆਈ ਅਖੀਂ ਵੇਖ ਕੇ ਯਾਰ ਨੂੰ ਭਾਲਏ ਵੇ
ਸੁਣਿਆਂ ਡਿਠਿਆਂ ਜਿਹਾ ਨਾ ਮੂਲ ਹੁੰਦਾ ਗਫ਼ਲਤ ਵਿੱਚ ਨਾ ਵਕਤ ਨੂੰ ਟਾਲੀਏ ਵੇ
ਘੁੰਡ ਲਾਹ ਕੇ ਹੀਰ ਜਾਂ ਨਜ਼ਰ ਕੀਤੀ ਓਹਾ ਯਾਰ ਨਾ ਗ਼ੈਰ ਨੂੰ ਭਾਲੀਏ ਵੇ
ਹੀਰ ਵੇਖ ਕੇ ਤੁਰਤ ਪਛਾਣ ਲਿਆ ਹੱਸ ਆਖਦੀ ਬਾਤ ਸੰਮਾਲੀਏ ਵੇ
ਇਸ ਇਸ਼ਕ ਦਾ ਭੇਤ ਨਾ ਜਾਹਰ ਹੋਵੇ ਕਿਸੇ ਪਾਸ ਨਾ ਗੱਲ ਨਿਕਾਲੀਏ ਵੇ
ਮੂੰਹੋਂ ਨਿਕਲੀ ਗੱਲ ਖੁਆਰ ਹੁੰਦੀ ਨਾਲ ਅਕਲ ਫਸਾਦ ਮਿਟਾਲੀਏ ਵੇ
ਸਹਿਤੀ ਪਾਸ ਨਾ ਖੋਲ੍ਹਣਾ ਭੇਤ ਮੂਲੇ ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ
ਓਹ ਤਾਂ ਬਹੁਤ ਹੀ ਅਕਲ ਸ਼ਊਰ ਵਾਲੀ ਏਸ ਭੇਤ ਨੂੰ ਕਿਵੇਂ ਛਿਪਾਲੀਏ ਵੇ
ਦੇਖ ਮਾਲ ਚੁਰਾਇਕੇ ਪਿਆ ਮੁੱਕਰ ਰਾਹ ਜਾਂਦੜੇ ਕੋਈ ਨਾ ਭਾਲੀਏ ਵੇ
ਆਸ਼ਕ ਸੋਈ ਜੋ ਦੁੱਖ ਨਾ ਕਰੇ ਜ਼ਾਹਰ ਜੋ ਕੁੱਝ ਸਿਰ ਤੇ ਬਣੇ ਤਾਂ ਜਾਲੀਏ ਵੇ
ਭਾਵੇਂ ਪੁੱਛ ਕੇ ਲੋਕ ਨੱਖੁਟ ਜਾਏ ਭੇਤ ਜੀਉ ਦਾ ਖੋਲ੍ਹ ਨਾ ਡਾਲੀਏ ਵੇ
ਵਾਰਸਸ਼ਾਹ ਮਿਲਖਾਈਆਂ ਮਾਲ ਲੱਧਾ ਚਲੋਂ ਕੇਜੀਆਂ ਬਦਰ ਪਿਵਾਲੀਏ ਵੇ

ਕਲਾਮ ਜੋਗੀ

ਕੇਹੀ ਦਸੀ ਏ ਅਕਲ ਸਿਆਣਿਆਂ ਨੂੰ ਕਦੀ ਨਕਸ ਕਦੀਮ ਸੰਭਾਲੀਏ ਨੀ
ਦੌਲਤਮੰਦ ਨੂੰ ਜਾਣਦਾ ਸੱਭ ਕੋਈ ਨੇਹੁੰ ਨਾਲ ਗ਼ਰੀਬ ਦੇ ਪਾਲੀਏ ਨੀ
ਲਿਖਿਆ ਇਸ਼ਕ ਕਿਤਾਬ ਦੇ ਵਿੱਚ ਮਸਲਾ ਨੇਹੁੰ ਆਜਜ਼ਾਂ ਦੇ ਨਾਲ ਪਾਲੀਏ ਨੀ
ਸ਼ਰਮ ਪਾਲ ਵਖਾਲੀਏ ਲੱਗੀਆਂ ਦੀ ਲੱਜਾਂ ਘੱਤ ਕੇ ਖੂਹ ਨਾ ਗਾਲੀਏ ਨੀ
ਗੋਦੀ ਬਾਲ ਢੰਡੋਰੜਾ ਜੱਗ ਸਾਰੇ ਜੀਉ ਸਮਝ ਲੈ ਖੇੜਿਆਂ ਵਾਲੀਏ ਨੀ
ਏਸ ਇਸ਼ਕ ਮੈਦਾਨ ਦੇ ਕੁੱਠੜੇ ਨੂੰ ਨਾਲ ਮਿਹਰ ਦੇ ਪਾਸ ਬਹਾਲੀਏ ਨੀ
ਇਸ ਹੁਸਨ ਦਾ ਮਾਨ ਗੁਮਾਨ ਕਰਨਾ ਨਾ ਮਹਿਬੂੂਬ ਦੀ ਚਾਲ ਕੁਚਾਲੀਏ ਨੀ
ਜੇ ਓਹ ਕਰੇ ਸਵਾਲ ਦੀਦਾਰ ਵਾਲਾ ਨਾਲ ਸ਼ੌਂਕ ਦੇ ਮੁੱਖ ਵਿਖਾਲੀਏ ਨੀ