ਪੰਨਾ:ਹੀਰ ਵਾਰਸਸ਼ਾਹ.pdf/231

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੯)

ਸਹਿਤੀ ਹੀਰ ਰਾਂਝਾ ਸਣੇ ਖਾਦਮਾਂ ਦੇ ਵਾਰਿਸ ਪੀਰ ਵੀ ਜਿਦ੍ਹਾ ਗ਼ਮਨਾਕ ਹੈ ਵੇ

ਕਲਾਮ ਯੋਗੀ

ਕੇਹੀ ਗੰਡ ਫ਼ਕੀਰ ਦੇ ਨਾਲ ਪਾਈਆ ਅੱਠਖੇਲ ਬੁਰਿਆਰ ਉਚੱਕੀਆਂ ਨੇ
ਰਾਤਬ ਖਾਇਕੇ ਹੰਜਰਨ ਵਿੱਚ ਤਿੱਲੇ ਮਾਰਨ ਲੱਤ ਅਰਾਕੀਆਂ ਬੱਕੀਆਂ ਨੇ
ਇੱਕ ਭੌਂਕਦੀ ਦੂਸਰੀ ਕਰੇ ਟਿਚਕਰ ਇਹ ਨਨਾਣ ਭਾਬੀ ਦੋਵੇਂ ਸੱਕੀਆਂ ਨੇ
ਆਪੇ ਕਰਨ ਸਿਆਪੇ ਇਹ ਮਾਰ ਕੇ ਤੇ ਗਲ ਗਲ ਦੇ ਵਿੱਚ ਇਹ ਪੱਕੀਆਂ ਨੇ
ਚਿਖ੍ਹਾ ਚੜ੍ਹਦੀਆਂ ਹੈਨ ਇਹ ਫਿਰ ਆਪੇ ਜਾਪਣ ਬਹੁਤ ਪਿਆਰ ਵਿੱਚ ਸੱਕੀਆਂ ਨੇ
ਇੱਥੇ ਕਈ ਫ਼ਕੀਰ ਜ਼ਹੀਰ ਹੋਏ ਖੈਰ ਦੇਂਦੀਆਂ ਦੇੇਂਦੀਆਂ ਅੱਕੀਆਂ ਨੇ
ਜਿਨ੍ਹਾਂ ਡੱਬੀਆਂ ਪਾਇਕੇ ਸਿਰੀਂ ਚਾਈਆਂ ਰੰਨਾਂ ਤਿਨ੍ਹਾਂ ਦੀਆਂ ਨਹੀਓਂ ਸੱਕੀਆਂ ਨੇ
ਨਾਲੇ ਢਿੱਡ ਖੁਰਕਣ ਨਾਲੇ ਦੁੱਧ ਰਿੜਕਣ ਅਤੇ ਚਾਟੀਆਂ ਕੀਤੀਆਂ ਲੱਕੀਆਂ ਨੇ
ਝਾਟਾ ਖੁਰਕਦੀਆਂ ਖੰਘਦੀਆਂ ਨੱਕ ਸੁਣਕਣ ਮਾਰਨ ਵਾਉਕੇ ਚਾੜ੍ਹਕੇ ਨੱਕੀਆਂ ਨੇ
ਲੋੜ ਹਈ ਜੇ ਚੰਗੀਆਂ ਹੋਵਣੇ ਦੀ ਵਾਰਿਸਸ਼ਾਹ ਤੋਂ ਲਓ ਦੋ ਫੱਕੀਆਂ ਨੇ

ਕਲਾਮ ਹੀਰ

ਅਨੀ ਦੇਖੋ ਨੀ ਵਾਸਤਾ ਰੱਬ ਦਾ ਜੇ ਵਾਹ ਪੈ ਗਿਆ ਨਾਲ ਕੁਪੱਤਿਆਂ ਦੇ
ਮਗਰ ਹੱਲਾਂ ਦੇ ਚੋਬਰੇ ਲਾ ਦੀਜਨ ਅਕੇ ਛੇੜ ਦੀਜਨ ਮਗਰ ਕੱਟਿਆਂ ਦੇ
ਇੱਕੇ ਵਾਢੀਆਂ ਲਾਵੀਆਂ ਕਰਨ ਚੋਬਰ ਅਕੇ ਡਾਹ ਦੀਜਨ ਹੇਠ ਝੱਟਿਆਂ ਦੇ
ਇਹ ਪੁਰਾਣੀਆਂ ਲਾਨ੍ਹਤਾਂ ਹੈਨ ਜੋਗੀ ਗੱਧੇ ਵਾਂਗ ਲੇਟਨ ਵਿੱਚ ਘੱਟਿਆਂ ਦੇ
ਹੀਰ ਆਖਦੀ ਬਹੁਤ ਹੈ ਸ਼ੌਕ ਤੈਨੂੰ ਬੀਂਂਡ ਫਾਹ ਬਹੇਂ ਨਾਲ ਡੱਟਿਆਂ ਦੇ
ਵਾਰਿਸਸ਼ਾਹ ਮੀਆਂ ਖਹਿੜੇ ਨਾਂਹ ਪਈਏ ਕੰਨ ਪਾਟਿਆਂ ਰੱਬ ਦਿਆਂ ਪੱਟਿਆਂ ਦੇ

ਕਲਾਮ ਸਾਹਿਤ

ਭਾਬੀ ਜੋਗੜੇ ਦੇ ਵਡੇ ਕਾਰਨੇ ਨੀ ਗੱਲਾਂ ਨਹੀਂ ਸੁਣੀਆਂ ਕੰਨ ਪਾਟਿਆਂ ਦੀਆਂ
ਰੋਕ ਬੰਨ੍ਹ ਪੱਲੇ ਦੁੱਧ ਦਹੀਂ ਪੀਵਣ ਵਡੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ
ਨਹੀਂ ਜੋਗਦੇ ਭੋਗ ਦੀ ਖਬਰ ਏਨ੍ਹਾਂ ਖਬਰਾਂ ਜਾਣਦੇ ਝਲਦਿਆਂ ਝਾਟਿਆਂ ਦੀਆਂ
ਕਰ ਮਿਹਨਤਾਂ ਰਿਜਕ ਨਾ ਖਾ ਡਿੱਠਾ ਇਹ ਤਾਂ ਖਾਣ ਕਮਾਈਆਂ ਸਾਟਿਆਂ ਦੀਆਂ
ਭਾਈ ਏਸ ਸੌਦਾਗ੍ਰੀ ਵਾਲਿਆਂ ਨੂੰ ਖਬਰਾਂ ਪੈਣਗੀਆਂ ਇਕ ਦਿਨ ਘਾਟਿਆਂ ਦੀਆਂ
ਲਥੀ ਚੜ੍ਹੀ ਨੂੰ ਕੁਝ ਨਾ ਜਾਣਦੇ ਨੀ ਚਾਲਾਂ ਜੋਗੀਆਂ ਉਲੂਆਂ ਬਾਟਿਆਂ ਦੀਆਂ
ਗਿੱਠ ਗਿੱਠ ਨਾਖੁਨ ਵਾਲਰਿੱਛਵਾਂਗੂੰ ਪਲਮਣ ਲਛੀਆਂ ਲਾਾਂਗੜਾਂ ਪਾਟਿਆਂ ਦੀਆਂ
ਵਾਰਸਸ਼ਾਹ ਇਹ ਮਸਤ ਕੇ ਪਾਟਲੱਥਾ ਰਗਾਂ ਕਿ੍ਲਿਆਂ ਵਾਂਗ ਹਨ ਗਾਟਿਆਂ ਦੀਆਂ