ਪੰਨਾ:ਹੀਰ ਵਾਰਸਸ਼ਾਹ.pdf/232

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੨੨੦)

ਕਲਾਮ ਜੋਗੀ

ਇਹ ਮਿਸਲ ਮਸ਼ਹੂਰ ਜਹਾਨ ਅੰਦਰ ਜੱਟੀ ਚਾਰੇ ਹੀ ਥੋਕ ਸਵਾਰਦੀ ਏ
ਉਨ ਤੁੰਬ ਦੀ ਮੰਮੇ ਜੇ ਬਾਲ ਲੇੜ੍ਹੇ ਚਿੜੀਆਂ ਹਾਕਰੇ ਲੇਲੜੇ ਚਾਰਦੀ ਏ
ਜਦੋਂ ਆਉਂਦੀ ਝਗੜੇ ਦੀ ਗੱਲ ਉਤੇ ਥੋੜੀ ਗੱਲ ਨੂੰ ਬਹੁਤ ਖਲਾਰਦੀ ਏ
ਜੱਟੀ ਲੜਨ ਤੇ ਜਦੋਂ ਤਿਆਰ ਹੋਵੇ ਫੇਰ ਚਾ ਵਿਚਾਰ ਵਿਚਾਰਦੀ ਏ
ਬੰਨ੍ਹ ਝੇੜੇ ਫ਼ਕੀਰਾਂ ਦੇ ਨਾਲ ਲੜਦੀ ਘਰ ਸਾਂਭਦੀ ਲੋਕਾਂ ਨੂੰ ਮਾਰਦੀ ਏ
ਵਾਰਸਸ਼ਾਹ ਦੇ ਲੜਨ ਮਾਸ਼ੂਕ ਐਥੇ ਮੇਰੀ ਸੰਗਲੀ ਸ਼ਗਨ ਵਿਚਾਰਦੀ ਏ

ਕਲਾਮ ਸਹਿਤੀ

ਮੇਰੇ ਹੱਥ ਲੌਂਦੇ ਤੇਰੀ ਲਵੇ ਟੋਟਨ ਕੋਈ ਮਾਰਸੀਗਾ ਨਾਲ ਮੋਹਲਿਆਂ ਦੇ
ਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ ਕਰੇਂ ਚਾਉੜਾਂ ਵਾਂਗ ਉਲੇਲਿਆਂ ਦੇ
ਮਾਰ ਇੱਕ ਚਪੇੜ ਤੇ ਦੰਦ ਭੰਨੂੰ ਸੁਆਦ ਆਉਨੀ ਮੱਠਿਆਂ ਭੱਲਿਆਂ ਦੇ
ਕਰਜ਼ਦਾਰ ਕਸਾਬ ਅਜਰਾਈਲ ਸੂਰਤ ਬੁਰੇ ਮਾਸ ਖਾਣੇ ਬਿਨਾਂ ਪੱਲਿਆਂ ਦੇ
ਦੰਦ ਭੰਨੂੰ ਚੁਰਾਹੇ ਦੇ ਵਾਂਗ ਖਿੰਘਰ ਸਾਨੂੰ ਖੌਫ਼ ਨਾ ਨੇਲ੍ਹੀਆਂ ਗੱਲਿਆਂ ਦੇ
ਜੇੜ੍ਹੀਆਂ ਆਕੜਾਂ ਪਿਆ ਵਿਖਾਉਨਾ ਏਂ ਕਢਾਂ ਮਿਝ ਤੇਰੀ ਨਾਲ ਖੱਲਿਆਂ ਦੇ
ਚੰਗਾ ਆਣ ਪਖੰਡ ਜਗਾਇਆ ਈ ਤੈਨੂੰ ਖੌਫ਼ ਨਾ ਅਸਾਂ ਅਰਬੱਲਿਆਂ ਦੇ
ਵਾਰਸਸ਼ਾਹ ਤੇਰੇ ਵਾਂਗ ਘਟ ਛੜੀਅਨ ਨਾਲ ਕੁਤਕਿਆਂ ਡੰਡਿਆਂ ਠੱਲਿਆਂ ਦੇ

ਕਲਾਮ ਜੋਗੀ

ਤੇਰੇ ਮੌਰ ਲੌੌਂਦੇ ਫਾਟ ਖਾਣ ਉੱਤੇ ਮੇਰੀ ਫੁਰਕਦੀ ਅੱਜ ਮੁਤੈਹਰ ਹੈ ਨੀ
ਮੇਰਾ ਕੁੱਤਕਾ ਲਵੇ ਤੇ ਤੇਰੇ ਚੁੱਤੜ ਅੱਜ ਦੋਹਾਂ ਦਾ ਵੱਡੜਾ ਭੇੜ ਹੈ ਨੀ
ਭੋਜਨ ਸਜਰਾ ਛਕਣ ਨੂੰ ਆਣ ਮਿਲਿਆ ਕਿਸਮਤ ਜੋਗੀਆਂ ਦੀ ਲੈਹਰ ਬੈਹਰ ਹੈ ਨੀ
ਪਿੰਡ ਵੱਡੀਏ ਗੁਠਲੀਏ ਤੁੁੰਮੀਏ ਨੀ ਲੂੂੰ ਲੂੂੰ ਤੇਰਾ ਕੌੜਾ ਜ਼ਹਿਰ ਹੈ ਨੀ
ਸੂਰਜ ਢਲੇ ਤੇ ਠੰਢੀਆਂ ਹੋਣ ਛਾਵਾਂ ਅਜੇ ਕੜਕਦੀ ਧੁੱਪ ਦੁਪਹਿਰ ਹੈ ਨੀ
ਹੋਕੇ ਦੂਹਰਿਆਂ ਤੀਹਰਿਆਂ ਤੜਫਨੀਏਂ ਤੈਨੂੰ ਚੁੱਕਿਆ ਗਜ਼ਬ ਦੀ ਲਹਿਰ ਹੈ ਨੀ
ਖਾਖਾਂ ਅੱਡ ਕੇ ਜੀਭ ਮੁਤਲਾਉਨੀਏਂ ਗਲਾਂ ਵਹਿਣ ਜਿਉਂ ਮੋਘਿਆਂ ਨਹਿਰ ਹੈ ਨੀ
ਪਾਣੀ ਵਾਂਗ ਨਤਾਰਕੇ ਕਰੂੰ ਠੰਢੀ ਕਢਾਂ ਸਾਰੀਆਂ ਗਰਮੀਆਂ ਗਹਿਰ ਹੈ ਨੀ
ਚਿੱਬੜ ਵਾਂਗ ਤੇਰੇ ਬੀਉ ਕੱਢ ਸੁੱਟਾਂ ਤੈਨੂੰ ਆਯਾ ਹੈ ਜ਼ੋਰ ਦਾ ਕਹਿਰ ਹੈ ਨੀ
ਏਸ ਭੇਡ ਦੇ ਖੂਨ ਤੋਂ ਕਿਸੇ ਚਿੜਕੇ ਨਹੀਂ ਮਾਰ ਲਿਆ ਕਦੀ ਸ਼ਹਿਰ ਹੈ ਨੀ
ਉਜਾੜੇ ਖ਼ੋਰ ਗੱਧੇ ਵਾਂਗੂੰ ਕੁਟੀਏਂਗੀ ਤੈਨੂੰ ਵੱਡੜੀ ਕਿਸੇ ਦੀ ਵਹਿਰ ਹੈ ਨੀ
ਵਾਰਸਸ਼ਾਹ ਏ ਮਾਰਦੀ ਰੰਨ ਕੁੱਤੀ ਕਿਸੇ ਛੁਡਾਵਣੀ ਵਿਹੜੇ ਤੇ ਕਹਿਰ ਹੈ ਨੀ