ਪੰਨਾ:ਹੀਰ ਵਾਰਸਸ਼ਾਹ.pdf/235

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੩)

ਏਸ ਚਾਕ ਦੀ ਕੌਣ ਮਜਾਲ ਹੈ ਨੀ ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ
ਵਾਰਸਸ਼ਾਹ ਵਿੱਚ ਹਰ ਸਫੈਦ ਪੋਸ਼ਾਂ ਅਸੀਂ ਹੋਲੀ ਦੇ ਰੰਗ ਪਿਚਕਾਰੀਆਂ ਹਾਂ

ਕਲਾਮ ਹੀਰ

ਜਿਨ੍ਹਾਂ ਨਾਲ ਫ਼ਕੀਰ ਦੇ ਅੜੀ ਬੱਧੀ ਹੱਥ ਧੋ ਜਹਾਨ ਥੀਂ ਚੱਲੀਆਂ ਨੇ
ਆ ਟਲੀਂ ਕੁਆਰੀਏਂ ਡਾਰੀਏ ਨੀ ਕੇਹੀਆਂ ਚਾਈਆਂ ਧਜਾਂ ਅਵੱਲੀਆਂ ਨੇ
ਹੋਵੇ ਸ਼ਰਮ ਹਯਾ ਉਨ੍ਹਾਂ ਕੁਆਰੀਆਂ ਨੂੰ ਜੇੜ੍ਹੀਆਂ ਨੇਕ ਸੋਹਬਤ ਵਿੱਚ ਰੱਲੀਆਂ ਨੇ
ਮੈਂ ਤਾਂ ਜਾਣਨੀ ਹਾਂ ਤੇਰੀਆਂ ਏਸ ਵੇਲੇ ਨੈਆਂ ਹੁਸਨ ਗੁਮਾਨ ਉਛੱਲੀਆਂ ਨੇ
ਜੇਹੜੇ ਖ਼ੌਫ ਖੁਦਾ ਦਾ ਕਰਨ ਮੋਈਏ ਬਾਤਾਂ ਹੋਣਗੀਆਂ ਤਿਨ੍ਹਾਂ ਸਵੱਲੀਆਂ ਨੇ
ਜਿਨ੍ਹਾਂ ਆਨ ਫ਼ਕੀਰਾਂ ਦੇ ਪੈਰ ਪਕੜੇ ਉਹ ਏਸ ਜਹਾਨ ਵਿਚ ਭੱਲੀਆਂ ਨੇ
ਕਾਰੇ ਹਥੀਆਂ ਕੁਆਰੀਆਂ ਵੇਹੁ ਭਰੀਆਂ ਭਲਾ ਕਿਉਂਕਰ ਰਹਿਣ ਨਚੱਲੀਆਂ ਨੇ
ਮੁਨਸ ਮੰਗਦੀਆਂ ਜੋਗੀਆਂ ਨਾਲ ਲੜਕੇ ਰਾਤੀਂ ਔਖੀਆਂ ਹੋਣ ਇਕੱਲੀਆਂ ਨੇ
ਪਿਛੇ ਚਰਖੜਾ ਰੁਲੇ ਹੈ ਸੜਨ ਜੋਗਾ ਕਦੇ ਚਾਰ ਨਾ ਲਾਹੀਓ ਛੱਲੀਆਂ ਨੇ
ਜਿੱਥੇ ਗਭਰੂ ਹੋਣ ਜਾ ਖਹੇਂ ਓਥੇ ਪਰ੍ਹੇ ਮਾਰ ਕੇ ਬਹੇਂ ਪਥੱਲੀਆਂ ਨੇ
ਟਲ ਜਾਹ ਫ਼ਕੀਰ ਤੋਂ ਗੁੰਡੀਏ ਨੀ ਆ ਕੁਆਰੀਏ ਰਾਹਾਂ ਕਿਉਂ ਮੱਲੀਆਂ ਨੇ
ਹੈਨ ਬਦਲ ਵੀ ਵਸਦੇ ਹੋ ਨੀਵੇਂ ਧੁੰਮਾਂ ਕਹਿਰਦੀਆਂ ਦੇਸ ਤੇ ਘੱਲੀਆਂ ਨੇ
ਆਣ ਹਬਸ਼ਨਾਂ ਵਾਂਗ ਕਿਉਂ ਖਯਾਲ ਪਈਏਂ ਗਲਾਂ ਪਿਛਲੀਆਂ ਚਾ ਉਥੱਲੀਆਂ ਨੇ
ਲੱਖ ਹੱਠੀਆਂ ਨਾਲ ਨਾ ਹਲਕ ਜਾਂਦਾ ਵਾਰਸਸ਼ਾਹ ਜੇ ਅੰਦਰੋਂ ਹੱਲੀਆਂ ਨੇ

ਕਲਾਮ ਸਹਿਤੀ

ਭਾਬੀ ਨਾਲ ਫ਼ਕੀਰ ਦੇ ਧੜਾ ਕੀਤਾ ਹਾਲ ਹਾਲ ਲੋਕਾ ਸਾਨੂੰ ਮਾਰ ਦੀ ਏ
ਜੋਗੀ ਵੇਖ ਕੇ ਪਾਣ ਸੂ ਚੜ੍ਹੀ ਕਾਈ ਮਾਨ ਮੱਤੜੀ ਖੂਨ ਗੁਜ਼ਾਰ ਦੀ ਏ
ਅਸੀਂ ਗੁੰਡੀਆਂ ਤੇ ਆਪ ਨੇਕ ਬਣਦੀ ਜਿਹੜੀ ਯਾਰ ਹੀ ਯਾਰ ਪੁਕਾਰ ਦੀ ਏ
ਨਹੀਂ ਜਾਣਦੀ ਯਾਰ ਸੂ ਏਹ ਜੋਗੀ ਇੱਕੇ ਲਿਆਯਾ ਨਿਸ਼ਾਨੜੀ ਯਾਰ ਦੀ ਏ
ਲੜੇ ਨਾਲ ਮੇਰੇ ਨਾਚ ਤਾਲ ਉੱਤੇ ਨਾਲੇ ਜੋਗੀ ਨੂੰ ਸੈਨਤਾਂ ਮਾਰ ਦੀ ਏ
ਅਜ ਮਾਰ ਕਰਾਉਣੀ ਜੋਗੀੜੇ ਨੂੰ ਵਾਰਸਸ਼ਾਹ ਨੂੰ ਪਈ ਲਲਕਾਰ ਦੀ

ਕਲਾਮ ਹੀਰ

ਘੋਲ ਘੱਤੀਏ ਕੁਆਰੀਏ ਡਾਰੀਏ ਨੀ ਮੱਥਾ ਡੰਮੀਏਂ ਕੌਤ ਬੜਬੋਲੀਏ ਨੀ
ਵਾਂਗ ਚੇਚਕੀ ਮਾਤਾ ਦੇ ਖਿਆਲ ਪਈਏਂ ਸਾਡੇ ਨਾਲ ਤੂੰ ਐਡ ਹਮਜੋਲੀਏ ਨੀ
ਕਿਤੇ ਸਿੱਧ ਮਨਾ ਨਿਸ਼ਾਨੀਆਂ ਦੇ ਅਗੇ ਜੀਉਂਦਿਆਂ ਝੂਠ ਨਾ ਬੋਲੀਏ ਨੀ
ਸਿਰ ਵੱਖ ਕਰ ਚਾੜ੍ਹੀਏ ਚਾ ਸੂਲੀ ਤਾਂ ਭੀ ਐਡ ਅਪਰਾਧ ਨਾ ਤੋਲੀਏ