ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੭)

ਜੇੜ੍ਹੇ ਡੁਬੇ ਨੀ ਕਾਸਬੀ ਵਿੱਚ ਚੀਨੇ ਨਾਉਂ ਤਿਨ੍ਹਾਂ ਦੇ ਕਰਾਂ ਸ਼ੁਮਾਰੀਆਂ ਨੇ
ਨੈਨੂੰ ਯੁਸਬਾਂ ਅਤੇ ਅਨਚੋਲ ਘੁਗੂ ਡੁੱਬੇ ਆਪੇ ਹੀ ਆਪਣੀ ਵਾਰੀਆਂ ਨੇ
ਓਹੋ ਭਿੱਖਿਆ ਘੱਤੀਓ ਆਣ ਚੀਨਾ ਨਾਲ ਫਕਰ ਦੇ ਘੋਲਿਓ ਯਾਰੀਆਂ ਨੇ
ਏਸ ਫ਼ਕਰ ਨੂੰ ਚਾ ਖਰਾਬ ਕੀਤਾ ਵੱਡਾ ਕਹਿਰ ਕੀਤਾ ਲੋੜ੍ਹੇ ਮਾਰੀਆਂ ਨੇ
ਓਹ ਓਹ ਲੋੜਾ ਵੱਡਾ ਕਹਿਰ ਹੋਯਾ ਕੰਮ ਡੋਬ ਸਟਿਆ ਇਨ੍ਹਾਂ ਲਾੜੀਆਂ ਨੇ
ਮੇਰੀ ਖੱਪਰੀ ਚਾ ਪਲੀਤ ਕੀਤੀ ਪਈਆਂ ਧੋਣੀਆਂ ਸੇਲੀਆਂ ਸਾਰੀਆਂ ਨੇ
ਸਾਨੂੰ ਧੋਵਣੇ ਦਾ ਨਹੀਂ ਵੱਲ ਆਵੇ ਅਸਾਂ ਮਹੀਂ ਸਿਆਲਾਂ ਦੀਆਂ ਚਾਰੀਆਂ ਨੇ
ਵੇਖੋ ਵਿੱਚ ਬਾਰੂਦ ਦੀ ਕੋਠੜੀ ਦੇ ਸੱਟ ਚੱਲੀ ਜੇ ਰੰਨ ਅੰਗਿਆਰੀਆਂ ਨੇ
ਵਾਰਸ ਖਬਰ ਨਾਹੀਂ ਇਨ੍ਹਾਂ ਬਾਜੀਆਂ ਦੀ ਇਕੇ ਜਿੱਤੀਆਂ ਇੱਕੇ ਚਾ ਹਾਰੀਆਂ ਨੇ

ਕਲਾਮ ਬਾਂਦੀ

ਬਾਂਦੀ ਆਖਿਆ ਰਿਜ਼ਕ ਕਿਉਂ ਨਿੰਦਨਾਏਂ ਝੇੜਾ ਲਾਨਾ ਏਂ ਦੁਖਾਂ ਦੇ ਦੁੱਖਿਆਂ ਦਾ
ਚੀਣਾ ਰੱਬ ਨੇ ਰਿਜ਼ਕ ਬਣਾ ਦਿੱਤਾ ਐਬ ਧਰੀਂ ਨਾ ਤ੍ੱਕੜੀ ਜੁੱਖਿਆਂ ਦਾ
ਚੀਣਾ ਝਾਲ ਝਲੇ ਜਟਾਂ ਸਾਰਿਆਂ ਦੀ ਚੀਣਾ ਮੁਲ ਹੈ ਨੰਗਿਆਂ ਭੁੱਖਿਆਂ ਦਾ
ਅੰਨ ਚੀਣੇ ਦਾ ਖਾਈਏਨਾਲ ਲੱਸੀ ਸੁਆਦ ਆਉਂਦਾ ਟੁਕੜਿਆਂ ਰੁੱਖਿਆਂ ਦਾ
ਬਣਨ ਪਿੰਨੀਆਂ ਏਸਦੇ ਚਾਵਲਾਂ ਦੀਆਂ ਮਾਈ ਬਾਪ ਹੈ ਨੰਗਿਆਂ ਭੁੱਖਿਆਂ ਦਾ
ਵਾਰਸਸ਼ਾਹ ਮੀਆਂ ਨਵਾਂ ਨਜ਼ਰ ਆਯਾ ਇਹ ਚਾਲੜਾ ਲੁੱਚਿਆਂ ਖੁੁੱਚਿਆਂ ਦਾ

ਕਲਾਮ ਸ਼ਾਇਰ

ਚੀਣਾ ਖੈਰ ਦੇਣਾ ਬੁਰਾ ਜੋਗੀਆਂ ਨੂੰ ਮੱਛੀ ਭਾਬੜੇ ਨੂੰ ਮਾਸ ਬਾਹਮਣਾਂ ਨੀ
ਕੈਫ਼ ਭਗਤ ਕਾਜ਼ੀ ਤੇਲ ਖੰਘ ਵਾਲੇ ਵੱਢ ਸੁੱਟਣਾ ਲੁੰਗ ਪਲਾਮਣਾ ਨੀ
ਜਹਿਰ ਜੀਊਂਦੇ ਨੂੰ ਅੰਨ ਸੰਨ ਵਾਲੇ ਪਾਣੀ ਹਲਕਿਆਂ ਨੂੰ ਧਰਨ ਸਾਹਮਣਾ ਨੀ
ਸਹਿਆ ਚੂੜਿਆਂ ਨੂੰ ਬਿਆਜ ਮੋਮਨਾਂ ਨੂੰ ਮੌਤ ਅੱਯੜਾਂ ਨੂੰ ਅੱਖੀਂ ਡਾਮ੍ਹਣਾ ਨੀ
ਜਿਵੇਂ ਚਾ ਵਿਗਾੜਨਾ ਸੁਧਰਿਆਂ ਨੂੰ ਅਤੇ ਵਿਗੜਿਆਂ ਨੂੰ ਔਖਾ ਸਾਮਣਾ ਨੀ
ਮੰਦੀ ਝਿੜਕ ਯਤੀਮ ਮਸਕੀਨ ਸਾਇਲ ਦਾਨੇ ਹਟਕ ਦੇਨਾ ਦਯਾ ਵਾਨਣਾ ਨੀ
ਸੱਚ ਝੂਠਿਆਂ ਨੂੰ ਝੂਠ ਨੇਕ ਬਖਤਾਂ ਰਾਸਤ ਗੋਯਾ ਨੂੰ ਦੇਣ ਉਲਾਮ੍ਹਣਾ ਨੀ
ਕੋਲ ਫ਼ਕਰ ਦੇ ਗੈਰ ਦਲੀਲ ਕਰਨੀ ਸੁਖਨ ਆਲਮਾਂ ਦੇ ਨਾਲ ਸਾਮ੍ਹਣਾ ਨੀ
ਬੁਰਾ ਰਾਜ ਬੇਵਕਤ ਜਿਉਂ ਸ਼ੇਰ ਮੱਛੀ ਤੇ ਉਚੱਕੜੇ ਦਾ ਹੋਣਾ ਸਾਮ੍ਹਣਾ ਨੀ
ਗੁਸਾ ਆਇਆ ਅਕਲ ਹੈ ਨਿਕਲ ਵੈਂਦੀ ਹੁੰਦਾ ਔਖੜਾ ਅਕਲ ਦਾ ਥਾਮ੍ਹਣਾ ਨੀ
ਮੰਦਾ ਮੂਰਖਾਂ ਦੇ ਵਿੱਚ ਵਾਸ ਕਰਨਾ ਪੰਧ ਚੱਲਣਾ ਨਾਲ ਅਣਜਾਨਣਾ ਨੀ