ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੮)

ਅਣਦਾੜ੍ਹੀਏ ਦਾ ਇਤਬਾਰ ਕਰਨਾ ਤੇ ਨਿਗੱਲੜੇ ਦਾ ਫੜਨ ਦਾਮਣਾ ਨੀ
ਜਿਵੇਂ ਅੱਗ ਦਾਰੂ ਤਿਵੇਂ ਦੁੱਧ ਖੱਟਾ ਅਤੇ ਦੀਵਾ ਪਤੰਗ ਜਿਉਂ ਚਾਨਣਾ ਨੀ
ਕਸੁੰਭਾ ਰੰਗ ਹੈ ਜਿਵੇਂ ਨਮਾਜ਼ੀਆਂ ਨੂੰ ਅੱਗ ਲਾ ਦੇਣੀ ਝੱਲ ਕਾਨਣਾ ਨੀ
ਦਾਨਸ਼ਮੰਦ ਦੀ ਮਜਲਸੋਂ ਤਰਕ ਕਰਨੀ ਅਤੇ ਅਹਿਮਕਾਂ ਨੂੰ ਯਾਰ ਜਾਨਣਾ ਨੀ
ਸੱਚ ਝੂਠ ਦੇ ਵਿਚ ਵਿਚਾਰ ਕਰਨੀ ਨਾਹੀਂ ਸੋੋਂਹਦੇ ਉੱਧਲਾਂ ਕਾਮਣਾ ਨੀ
ਆਦਰ ਦੇਵਣਾ ਜਾਹਿਲ ਵਾਸਕਾਂ ਨੂੰ ਸਾਹਿਬ ਇਲਮ ਨਾ ਮੂਲ ਪਛਾਨਣਾ ਨੀ
ਜੁਲਮ ਜ਼ੌਕ ਗਰੀਬ ਫ਼ਕੀਰ ਉੱਤੇ ਤੰਬੂ ਕਿਬਰ ਹੰਕਾਰ ਦਾ ਤਾਨਣਾ ਨੀ
ਰੋੜ ਖੁਮਰਿਆ ਨੂੰ ਸ਼ੀਰਾ ਕੰਜਰਾਂ ਨੂੰ ਦੇਣਾਂ ਅੰਨਿਆਂ ਹਰਫ਼ ਪਛਾਨਣਾ ਨੀ
ਝਿੜਕ ਆਸ਼ਕਾਂ ਮਿਹਰ ਨਲਾਇਕਾਂ ਨੂੰ ਨੇਹੁੰ ਲਾਉਣਾ ਨਾਲ ਨਦਾਨਣਾ ਨੀ
ਬੁਰਾ ਝਗੜਾ ਨਾਲ ਫਕੀਰ ਹੁੰਦਾ ਜਾਨੋਂ ਮਾਰ ਦੇਣਾ ਅਕਲ ਵਾਨਣਾ ਨੀ
ਵਾਰਸਸ਼ਾਹ ਜਿਉਂ ਸੰਖਿਆ ਚੂਹਿਆਂ ਨੂੰ ਸੰਖ ਮੁਲਾਂ ਨੂੰ ਬਾਂਗ ਜਿਉਂ ਬਾਹਮਣਾਂ ਨੂੰ

ਕਲਾਮ ਸਹਿਤੀ ਜੋਗੀ ਨਾਲ

ਕਿਉਂ ਵਿਗੜਕੇ ਤਿਗੜਕੇ ਪਾਟ ਲੱਥੇੇਂ ਅੰਨ ਆਬਿਹਯਾਤ ਹੈ ਭੁੱਖਿਆਂ ਨੂੰ
ਬੁਢਾ ਹੋਵਸੇਂ ਲਿੰਗ ਜਾਂ ਰਹਿਣ ਟੁਰਨੋਂ ਫਿਰੇਂ ਢੂੰਡਦਾ ਟੁਕੜਿਆਂ ਰੁੱਖਿਆਂ ਨੂੰ
ਟੁਰੇੇਂ ਆਕੜਾਂ ਨਾਲ ਬੈਤਾਲ ਹੋ ਕੇ ਫਿਰੇਂ ਛੇੜਦਾ ਦੁਖਾਂ ਦੇ ਦੁੱਖਿਆਂ ਨੂੰ
ਮਸ਼ਕਾਂ ਵਾਂਗਰਾਂ ਢਿੱਡ ਫੁਲਾਇਆ ਈ ਦਾਇਰੇ ਵਿੱਚ ਪੀ ਕੇ ਭੰਗਾਂ ਸੁੱਖਿਆਂ ਨੂੰ
ਕਿਤੇ ਰੰਨ ਘਰ ਬਾਰ ਨਾ ਅੱਡਿਆਈ ਅਜੇ ਫਿਰੇਂ ਚਲਾਉਂਦਾ ਤੁੱਕਿਆਂ ਨੂੰ
ਵਾਰਸਸ਼ਾਹ ਅਜ ਵੇਖ ਜੇ ਚੜ੍ਹੀ ਮਸਤੀ ਇਨ੍ਹਾਂ ਲੁੰਡਿਆਂ ਭੁੱਖ ਦਿਆਂ ਸੁੱਕਿਆਂ ਨੂੰ

ਕਲਾਮ ਜੋਗੀ ਸਹਿਤੀ ਨਾਲ

ਮੰਨ ਸਹਿਤੀਏ ਰੱਬ ਨੂੰ ਸਮਝ ਨੇੜੇ ਐਡ ਲੰਮੀਆਂ ਛੋਹ ਨਾ ਛੋਹਣੀਆਂ ਨੀ
ਚੂੜੇ ਬੀੜਿਆਂ ਹਾਰ ਸ਼ਿੰਗਾਰ ਭਰੀਆਂ ਨਿਯੂਨ ਫ਼ਕਰ ਅਗੇ ਤਾਹੀ ਸੋਹਣੀਆਂ ਨੀ
ਕੁੱਤੀ ਵਾਂਗ ਭਕਿਆਕੇ ਪੈਣ ਚੱਡੀਂ ਰੰਨਾਂ ਤੁੱਧ ਜਿਹੀਆਂ ਚੱਢੇ ਟੋਹਣੀਆਂ ਨੀ
ਮਾਰ ਇਕ ਹੜਬੁੱਚ ਖਖਵਾੜ ਭੰਨੂੰ ਮੇਰੀਆਂ ਕਿਸ ਨਵਾਲੀਆਂ ਖੋਹਣੀਆਂ ਨੀ
ਭੁੱਖੀ ਕੰਜਰੀ ਦੇ ਵਾਂਗ ਗਿਰਦ ਹੋਈਏਂ ਭਾਵੇਂ ਕੀਤੀਆਂ ਕਿਤੇ ਨਾ ਲੌਹਣੀਆਂ ਨੀ
ਘੁੱਗੀ ਵਾਂਗ ਜੋ ਆਪ ਤੋਂ ਆਪ ਤੜਫਣ ਅਸਾਂ ਬਾਝ ਤਕਦੀਰ ਦੇ ਕੋਹਣੀਆਂ ਨੀ
ਧਕੋ ਧਕੀ ਮਲੰਗ ਨੂੰ ਉਹ ਛੇੜਨ ਰੰਨਾਂ ਹੋਣ ਜੋ ਖੇਡ ਖਡੋਹਣੀਆਂ ਨੀ
ਸਹਿਤੀ ਸਣੇ ਲੌਂਡੀ ਵਿਹੜੇ ਵਾਲੀਆਂ ਭੀ ਵਾਰਸਸ਼ਾਹ ਹੋਰਾਂ ਸਭੋ ਮੋਹਣੀਆਂ ਨੀ

ਕਲਾਮ ਸਹਿਤੀ

ਸਹਿਤੀ ਆਖਿਆ ਹਿੱਕ ਨਾ ਸਾੜ ਸਾਡੀ ਕਾਲ ਜੀਭਿਆ ਲੂਠਿਆ ਮੱਥਿਆ ਵੇ