ਪੰਨਾ:ਹੀਰ ਵਾਰਸਸ਼ਾਹ.pdf/241

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੯)

ਸਿਰ ਘੋਟਿਆ ਘੋਨਿਆ ਮੋਨਿਆ ਵੇ ਕੋਈ ਜਿੰਨ ਪਹਾੜ ਤੋਂ ਲੱਥਿਆ ਵੇ
ਫਿਰੇਂ ਖੁਰਲੀਆਂ ਨਾਲ ਖਹੇੜਦਾ ਤੂੰ ਕਿਸੇ ਪਕੜ ਬੁਥਾੜ ਨਾ ਨੱਥਿਆ ਵੇ
ਤਰਕਿਹਾਣ ਤੈਥੋਂ ਦੂਰੋਂ ਆਉਂਦੀ ਏ ਜਿਵੇਂ ਢੇਰ ਸੁਨੇਰ ਦਾ ਪੱਥਿਆ ਵੇ
ਬਣਿਓਂ ਫ਼ਕਰ ਤੇ ਫੇਰ ਭੀ ਰਹਿਓਂ ਕੋਰਾ ਕਿਸੇ ਘਰ ਥਿੰਦਾ ਨਹੀਂ ਸੱਥਿਆ ਵੇ
ਘੱਟੇ ਛਾਣਿਆਂ ਕੁਝ ਨਾ ਲਭਨਾ ਏਂ ਵਾਰਸ ਵਾਂਗ ਜਾਸੇੇਂ ਖਾਲੀ ਹੱਥਿਆ ਵੇ

ਜੋਗੀ ਦਾ ਗੁਸਾ

ਜੋਗੀ ਗਜ਼ਬ ਦੇ ਸਿਰ ਚੜ੍ਹ ਸੱਟ ਖੱਪਰ ਪੱਕੜ ਉੱਠਿਆ ਮਾਰਕੇ ਫੌੜਿਆ ਏ
ਲੈਕੇ ਫਾਉੜੀ ਘੁਲਣ ਤਿਆਰ ਹੋਯਾ ਨਾਦ ਵੇੜ੍ਹੇ ਦੇ ਵਿਚ ਆ ਪੂਰਿਆ ਏ
ਸਾੜ ਬਾਲਕੇ ਜੀਉ ਗ਼ਮਨਾਕ ਕੀਤਾ ਨਾਲ ਚਾਉੜਾਂ ਦੇ ਜੱਟ ਘੂਰਿਆ ਏ
ਕੱਢ ਅੱਖੀਆਂ ਤੀਊੜੀ ਪਾ ਮੱਥੇ ਸਹਿਤੀ ਲੌਂਡੀ ਦੇ ਨਾਲ ਅਨਜੋੜਿਆ ਏ
ਜਿਵੇਂ ਜ਼ਿਕਰੀਆ ਖ਼ਾਨ ਮੁਹਿੰਮ ਕਰਕੇ ਲੈਕੇ ਤੋਪ ਪਹਾੜ ਤੇ ਦੌੜਿਆ ਏ
ਜਿਹਾ ਮਹਿਰ ਦੇ ਹੱਥ ਦਾ ਬਾਣ ਭੁਚਰ ਵਾਰਸਸ਼ਾਹ ਫ਼ਕੀਰ ਤੇ ਕੌੜਿਆ ਏ

ਤਥਾ

ਚਾਵਲ ਨਿਆਮਤਾਂ ਕਣਕ ਤੂੰ ਆਪ ਖਾਵੇਂ ਖੈਰ ਦੇਣ ਤੇ ਕੀਤੀਆ ਗੰਜ ਰੰਨੇ
ਖੜ ਦੇਹ ਚੀਣਾ ਘਰ ਖਾਂਵਦਾਂ ਦੇ ਨਹੀਂ ਮਾਰਕੇ ਕਰੂੰਗਾ ਮੁੰਜ ਰੰਨੇ
ਪੱਟ ਟੜਵੀਆਂ ਚੌੜੀਆਂ ਕੱਢ ਸੁਟੂੰ ਲਾ ਬਹੇਂ ਜੇ ਵੈਰ ਦੀ ਛਿੰਜ ਰੰਨੇ
ਸਿਰ ਫਾਹੁੜੀ ਮਾਰਕੇ ਦੰਦ ਝਾੜੂੰ ਟੰਗਾਂ ਭੰਨਕੇ ਕਰੂੰਗਾ ਲੁੁੰਜ ਰੰਨੇ
ਤੇਰੀ ਵਰਾਸੂਹੀ ਹੁਣੇ ਫੋਲ ਸੱਟਾਂ ਬੈਠੀ ਰਹੇਂਗੀ ਇੰਜ ਦੀ ਇੰਜ ਰੰਨੇ
ਮਾਰ ਮਾਰ ਖਦੇੜ ਤੇ ਭੰਨ ਸੁੱਟਾਂ ਸੱਪ ਵਾਂਗ ਲਾਹਾਂ ਤੇਰੀ ਕੁੰਜ ਰੰਨੇ
ਬਾਹਰੋਂ ਅੰਦਰੋਂ ਫਿਰਨ ਤੋਂ ਰਹੇਂਗੀ ਨੀ ਟੂਰਸੇਂ ਹੱਡ ਗੋਡੇ ਰਗੜ ਭੁੁੰਜ ਰੰਨੇ
ਕਟੀ ਸਾਨ੍ਹਾਂ ਦੇ ਮੋਢੇ ਤੇ ਅਕੜਨੀਏਂ ਵਾਂਗ ਨੂੰ ਦੇ ਸੁਟੂੰਗਾ ਪਿੰਜ ਰੰਨੇ
ਚਿਮਟੇ ਨਾਲ ਤੇਰਾ ਸੀਨਾ ਪਾੜ ਸਿੱਟਾਂ ਦਿਆਂ ਜ਼ੋਰ ਦੇ ਨਾਲ ਜਦ ਹੁੱਜ ਰੰਨੇ
ਜ਼ੋਰ ਹਿਕ ਦੇ ਨਾਲ ਜਾਂ ਦਿਆਂ ਧਕਾ ਠਿਲ੍ਹ ਜਾਵਸਨ ਤੇਰੇ ਤਹਸੰਜ ਰੰਨੇ
ਜੇ ਤਾਂ ਹੁਣੇ ਮੈਂ ਫਾਹੁੜੀ ਠੇੇੇੇਲ੍ਹ ਦਿੱਤੀ ਨਿਕਲ ਜਾਇਗੀ ਵੱਖੀ ਦੀ ਤੰਜ ਰੰਨੇ
ਲੱਗੀ ਹੁੱਜ ਸਾਰੀ ਉਮਰ ਰਹੇਂ ਰੋਂਦੀ ਵਹੇ ਖੂਨ ਦੀ ਅੱਖ ਤੋਂ ਹੰਜ ਰੰਨੇ
ਤੈਨੂੰ ਆਖਨਾ ਹਾਂ ਅਜੇ ਹਈ ਵੇਲਾ ਜਾਹ ਬੈਠ ਅੰਦਰ ਕਿਸੇ ਕੁੰਜ ਰੰਨੇ
ਤੀਰ ਫ਼ਕਰ ਦਾ ਹਦਫ਼ ਮੁਰਾਦ ਹੁੰਦਾ ਕਦੀ ਵਾਰ ਨਹੀਂ ਗਿਆ ਖੁੰਚ ਗੰਨੇ
ਵਾਰਸਸ਼ਾਹ ਸਿਰ ਚਾੜ੍ਹ ਵਗਾੜੀ ਏਂ ਤੂੰ ਹਾਥੀ ਵਾਂਗ ਮੈਦਾਨ ਵਿੱਚ ਗੁੰਜ ਰੰਨੇ