ਪੰਨਾ:ਹੀਰ ਵਾਰਸਸ਼ਾਹ.pdf/246

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੪)

ਤੈਥੇ ਆਦਮਗਰੀ ਦੀ ਗੱਲ ਨਾਹੀਂ ਰੱਬ ਚਾ ਬਧੁੰਨ ਉਸਾਰਿਆ ਵੇ
ਵਾਰਸ ਕਿਸੇ ਅਸਾਡੇ ਨੂੰ ਖ਼ਬਰ ਹੋਵੇ ਐਵੇਂ ਮੁਫ਼ਤ ਵਿੱਚ ਜਾਇੰਗਾ ਮਾਰਿਆ ਵੇ

ਜਵਾਬ ਜੋਗੀ ਸਹਿਤੀ ਨਾਲ

ਜੇ ਤੂੰ ਪੋਲ ਕਢਾਉਣਾ ਨਾਂਹ ਆਹਾ ਠੂਠਾ ਫ਼ਕਰ ਦਾ ਚਾ ਭਨਾਈਏ ਕਿਉਂ
ਜੇ ਤਾਂ ਕੁਆਰਿਆਂ ਯਾਰ ਹੰਢਾਵਣਾ ਸੀ ਤਾਂ ਫਿਰ ਮਾਪਿਆਂ ਕੋਲੋਂ ਛਿਪਾਈਏ ਕਿਉਂ
ਖੈਰ ਮੰਗੀਏ ਤੇ ਭੰਨ ਦੇਣ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ
ਭਰਜਾਈਆਂ ਨੂੰ ਮਿਹਣਾ ਚਾਕ ਦਾ ਸੀ ਯਾਰੀ ਨਾਲ ਬਲੋਚ ਦੇ ਲਾਈਏ ਕਿਉਂ
ਬੋਤੀ ਹੋ ਬਲੋਚਾਂ ਦੇ ਹੱਥ ਆਈਏਂ ਜੜ੍ਹ ਕੁਆਰ ਦੀ ਚਾ ਭਨਾਈਏ ਕਿਉਂ
ਵਾਰਸਸ਼ਾਹ ਜਾਂ ਆਕਬਤ ਖਾਕ ਹੋਣਾ ਏਥੇ ਆਪਣਾ ਸ਼ਾਨ ਵਧਾਈਏ ਕਿਉਂ

ਕਲਾਮ ਸਹਿਤੀ

ਜੋ ਕੋਈ ਜੰਮਿਆ ਮਰੇਗਾ ਸੱਭ ਕੋਈ ਘੜਿਆ ਭਜਸੀ ਵਾਹ ਸਭ ਵਹਿਣਗੇ ਵੇ
ਜਦੋਂ ਰੱਬ ਅਮਾਲ ਦੀ ਖ਼ਬਰ ਪੁੱਛੇ ਹੱਥ ਪੈਰ ਗਵਾਹੀਆਂ ਦੇਣਗੇ ਵੇ
ਮਰਦ ਪੀਰ ਵਲੀ ਗੌਸ ਕੁਤਬ ਜਾਸਨ ਇਹ ਸੱਭ ਪਸਾਰੜੇ ਢਹਿਣਗੇ ਵੇ
ਜਦੋਂ ਉਮਰ ਦੀ ਆਣ ਮਿਆਦ ਪੁੱਗੀ ਅਜ਼ਰਾਈਲ ਹੋਰੀ ਆ ਬਹਿਣਗੇ ਵੇ
ਭੰਨੇ ਠੂਠੇ ਤੋਂ ਐਡ ਵਧਾ ਕਰਨਾ ਬੁਰਾ ਤੁੱਧ ਨੂੰ ਲੋਕ ਸਭ ਕਹਿਣਗੇ ਵੇ
ਜੇਹਾ ਬੁਰਾ ਤੂੰ ਬੋਲਿਆ ਰਾਵਲਾ ਵੇ ਹੱਡ ਪੈਰ ਸਜ਼ਾਈਆਂ ਲੈਣਗੇ ਵੇ
ਹਾਥੀ ਘੋੜੇ ਤੇ ਮਾਲ ਸਭ ਜਾਣ ਮਰ ਮਰ ਇਹ ਕਿੱਸ ਕੋਲੋਂ ਭਰ ਲੈਣਗੇ ਵੇ
ਕੁੱਲ ਚੀਜ਼ ਫ਼ਨਾਹ ਹੋ ਖਾਕ ਵੈਸੀ ਸਾਬਤ ਵੱਲੀ ਅਲਾਹ ਦੇ ਰਹਿਣਗੇ ਵੇ
ਮਹਿਲ ਮਾੜੀਆਂ ਅਤੇ ਇਹ ਬਾਗ਼ ਸਾਰੇ ਆਖਰ ਵਿੱਚ ਇਹ ਅੰਤ ਨੂੰ ਢਹਿਣਗੇ ਵੇ
ਇਹ ਊਠ ਤੇ ਮਾਲ ਹੈਵਾਨ ਗਾਈਂ ਕਿਥੇ ਜਾ ਤਕਦੀਰ ਨੂੰ ਚਹਿਣਗੇ ਵੇ
ਠੁਠਾ ਨਾਲ ਤਕਦੀਰ ਦੇ ਭੱਜ ਪਿਆ ਵਾਰਸਸ਼ਾਹ ਹੋਰੀਂ ਸਚ ਕਹਿਣਗੇ ਵੇ

ਕਲਾਮ ਜੋਗੀ

ਸ਼ਾਲਾ ਕਹਿਰ ਖੁਦਾਇ ਦਾ ਪੇਸ਼ ਆਵੇ ਠੂਠਾ ਭੰਨ ਕੇ ਲਾਡ ਸ਼ੰਗਾਰਨੀ ਏ
ਲੱਕ ਸੁੱਕੀਏ ਰੰਨੇ ਕੁਲੱਕੜੇ ਨੀ ਮਾੜਾ ਵੇਖ ਫ਼ਕੀਰ ਨੂੰ ਮਾਰਨੀ ਏਂ
ਨਾਲੇ ਮਾਰਨੀ ਏਂ ਨੱਕ ਚਾੜ੍ਹਨੀ ਏਂ ਨਾਲੇ ਹਾਲ ਹੀ ਹਾਲ ਪੁਕਾਰਨੀ ਏਂ
ਮਰੇ ਹੁਕਮ ਦੇ ਨਾਲ ਤਾਂ ਸਭ ਕੋਈ ਬਿਨਾਂ ਹੁਕਮ ਦੇ ਖੂਨ ਗੁਜ਼ਾਰਨੀ ਏਂ
ਬੁਰੇ ਨਾਲ ਜੇ ਬੋਲ ਕੇ ਬੁਰੇ ਹੋਈਏ ਅਸੀਂ ਬੋਲਨੇ ਹਾਂ ਤਾਂ ਤੂੰ ਮਾਰਨੀ ਏਂ
ਠੂਠਾ ਫੇਰ ਦਰੁੱਸਤ ਕਰ ਦੇਹ ਮੇਰਾ ਹੋਰ ਆਖ ਕੀ ਸੱਚ ਨਿਤਾਰਨੀ ਏਂ
ਲੋਕ ਆਖਦੇ ਹਨ ਇਹ ਕੁੜੀ ਕੁਵਾਰੀ ਸਾਡੇ ਬਾਬ ਦੀ ਧਾੜਵੀ ਧਾੜਨੀ ਏਂ