ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (੨੩੫)

ਐਡੇ ਫੰਦ ਫ਼ਰੇਬ ਹਨ ਯਾਦ ਤੈਨੂੰ ਮੁਰਦਾਰਾਂ ਦੇ ਸਿਰ ਮੁਰਦਾਰਨੀ ਏਂ
ਘਰ ਵਾਲੀਏ ਵਹੁਟੀਏ ਬੋਲ ਤੂੰ ਭੀ ਕੇਹੀ ਸੋਚ ਵਿਚਾਰ ਵਿਚਾਰਨੀ ਏਂ
ਨਾਲ ਫ਼ਕਰ ਦੇ ਪਈ ਖਰੇੜਦੀ ਏਂ ਬਣੇਂ ਆਪਣੇ ਆਪ ਗਵਾਰਨੀ ਏਂ
ਸਵਾ ਮਣੀ ਮਤਹਿਰ ਪਈ ਫੁਰਕਦੀ ਏ ਕਿਸੇ ਯਾਰਨੀ ਦੇ ਸਿਰ ਮਾਰਨੀ ਏਂ
ਏਸ ਫ਼ਕਰ ਉੱਤੇ ਵੱਡਾ ਕਹਿਰ ਕੀਤਾ ਲੋਹੜੇ ਮਾਰੀਏ ਵਡੀ ਹੰਕਾਰਨੀ ਏ
ਘੋੜੇ ਊਠ ਤੇ ਮਾਲ ਸਭ ਜਾਣ ਮਰ ਮਰ ਕਹੇ ਰੇਤ ਦੇ ਮਹਿਲ ਉਸਾਰਨੀ ਏ
ਇਕ ਚੋਰ ਤੇ ਦੂਸਰੀ ਚਤਰ ਬਣੀਓਂ ਵਾਰਸਸ਼ਾਹ ਤੋਂ ਪੁੱਛ ਕੇ ਹਾਰਨੀ ਏਂ

ਕਲਾਮ ਸਹਿਤੀ

ਅਸੀਂ ਠੂਠੇ ਦੀ ਸਾਰ ਕੀ ਜੱਟ ਜਾਣਾ ਬੂਹਾ ਮੱਲ ਤੂੰ ਕਿਸੇ ਘੁਮਿਆਰ ਦਾ ਵੇ
ਓਥੇ ਹਥ ਆਵੇ ਠੂਠਾ ਫੇਰ ਤੈਨੂੰ ਪੈਸੇ ਖਰਚੇਂ ਤੇ ਕੰਮ ਸੁਆਰ ਦਾ ਵੇ
ਚਾਰ ਪਹਿਰ ਹੋਏ ਤੈਨੂੰ ਵਿੱਚ ਵਿਹੜੇ ਕੋਈ ਆਣ ਕੇ ਤੁੱਧ ਨੂੰ ਮਾਰ ਦਾ ਵੇ
ਸਹਿਤੀ ਆਖਦੀ ਖੈਰ ਦੇ ਨਾਲ ਜਾਈਂ ਨਹੀਂ ਜਾਨ ਤੇਰੀ ਕੋਈ ਮਾਰ ਦਾ ਵੇ
ਤੈਨੂੰ ਜ਼ਰਾ ਫਕੀਰੀ ਦਾ ਅਸਰ ਨਾਹੀਂ ਫ਼ਕਰ ਸੋਈ ਜੋ ਨਫ਼ਸ ਨੂੰ ਮਾਰ ਦਾ ਵੇ
ਖੁਦੀ ਛੱਡ ਫਕੀਰ ਨਾ ਹੋਯੋਂ ਮੂਲੋਂ ਫਿਰੇਂ ਲੱਦਿਆ ਕਿਬਰ ਹੰਕਾਰ ਦਾ ਵੇ
ਕੇਡਾ ਤਮ੍ਹਾ ਤੇ ਹਿਰਸ ਵਧਾਇਆ ਈ ਗਿਉਂ ਠੂਠਿਓਂ ਮਹਿਲ ਉਸਾਰ ਦਾ ਵੇ
ਇਕ ਦੱਮ ਦੀ ਵਾਰਸਾ ਖੇਡ ਦੁਨੀਆ ਰੱਬ ਬੇ-ਵਾਰਸ ਕਰ ਮਾਰ ਦਾ ਵੇ

ਸਹਿਤੀ ਉਤੇ ਜੋਗੀ ਦਾ ਗੁਸੇ ਹੋਣਾ ਅਤੇ ਵੇਹੜੇ ਵਿਚ ਧਰਨਾ ਮਾਰਕੇ ਜੋਗੀ ਦਾ ਬੈਠਣਾ

ਅਤੇ ਕਾਸਾ ਭਜਣ ਦਾ ਅਫਸੋਸ ਕਰਨਾ ਅਤੇ ਹੀਰ ਦੇ ਵਲ ਨਿਗਾਹ ਕਰਨੀ

ਵਿਹੜੇ ਵਿੱਚ ਉਹ ਚੌਂਕੜੀ ਮਾਰ ਬੈਠਾ ਕਰੇ ਕੀਰਨੇ ਖੂਨ ਗੁਜ਼ਾਰ ਦਾ ਨੀ
ਜੋੜੇ ਠੀਕਰੀ ਠੀਕਰੀ ਨਾਲ ਲਾਵੇ ਆਹੀਂ ਕੱਢਦਾ ਰੋ ਪੁਕਾਰ ਦਾ ਨੀ
ਨਹੀਂ ਖੌਫ਼ ਕੀਤਾ ਠੂਠਾ ਭੰਨਣੇ ਦਾ ਵੇਖੋ ਚੱਜ ਇਸ ਰੰਨ ਗਵਾਰ ਦਾ ਨੀ
ਠੂਠਾ ਯਮਨ ਵਾਲਾ ਮੁਰਸ਼ਦ ਬਖਸ਼ਿਆ ਸੀ ਵੱਡਾ ਕੀਮਤੀ ਲੱਖ ਹਜ਼ਾਰਦਾ ਨੀ
ਨੀਵੀਂ ਨਜ਼ਰ ਤੇ ਹੀਰ ਦੀ ਵੱਲ ਵੇਖੇ ਕਰੇ ਸੈਨਤਾਂ ਤੇ ਰਮਜ਼ ਮਾਰਦਾ ਨੀ
ਵਾਰਸਸ਼ਾਹ ਨੇ ਮਕਰ ਸਿਖਾ ਦਿੱਤੇ ਵੇਖੋ ਝਗੜਿਓਂ ਮੂਲ ਨਾ ਹਾਰਦਾ ਨੀ

ਤਥਾ

ਕਾਸਾ ਭੰਨ ਘੁਮਿਆਰਾਂ ਦਾ ਘਰ ਦੱਸੇਂ ਤੈਨੂੰ ਖੌਫ਼ ਨਾ ਰੱਬ ਕਹਾਰ ਦਾ ਨੀ
ਜੇ ਮੈਂ ਖਾ ਗੁਸਾ ਕਹਾਂ ਪੀਰ ਤਾਈਂ ਤੁਰਤ ਕੁਲ੍ਹ ਤੁਸਾਡੜੀ ਸਾੜਦਾ ਨੀ
ਮੇਰੇ ਪੀਰ ਨੂੰ ਰੱਬ ਤੌਫੀਕ ਦਿੱਤੀ ਉਹ ਤਾਂ ਖਾਸ ਰਫੀਕ ਜਬਾਰ ਦਾ ਨੀ
ਪਰੇਸ਼ਾਨ ਹੈਰਾਨ ਪਸ਼ੇਮਾਨ ਹੋਯਾ ਇਹ ਵਾਇਦਾ ਪਰਵਦਗਾਰ ਦਾ ਨੀ