ਪੰਨਾ:ਹੀਰ ਵਾਰਸਸ਼ਾਹ.pdf/249

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੭)

ਵਾਂਗ ਡੇਕ ਦੇ ਨੀਰ ਉਛਾਲਿਆ ਈ ਕੇਹੀ ਕੀਤੀਆ ਚੀਕਣੀ ਚਿੱਲੀਏ ਨੀ
ਭੂੰਈ ਆਠਰੀ ਵੱਤਰੀ ਲੈਂਦੀਆਂ ਨੇ ਹਲਾਂ ਖੁਭਦੀਆਂ ਚਿੱਕੜੀਂ ਗਿੱਲੀਏ ਨੀ
ਅਸੀਂ ਬਹਿਰ ਚਨਾਬ ਦਾ ਘਿੰਨ ਲੰਘੇ ਅਨੀ ਰੇਤਲੀ ਵਹਿਣੀਏਂ ਸਿੱਲੀਏ ਨੀ
ਝੂੱਨ ਝਾੜੀਆਂ ਅਸੀਂ ਗੁਜ਼ਰਾਨ ਕਰੀਏ ਭੱਖ ਜਾਈਏ ਕਕੜਾਂ ਲਿੱਲੀਆਂ ਨੀ
ਖੋਲ੍ਹਾਂ ਨਾਲ ਸਫਾਈਆਂ ਗੰਢ ਤੇਰੀ ਜੇੜ੍ਹੀ ਦੇਰ ਦੀ ਬੱਧੀਆ ਚਿੱਲੀਏ ਨੀ
ਰੇ ਜ਼ੇ ਦੇ ਵਿੱਚ ਜਦ ਮੀਮ ਪਾਯਾ ਹੋਈਆਂ ਸੱਭ ਤਸੱਲੀਆਂ ਦਿੱਲੀਏ ਨੀ
ਤਦੋਂ ਰੰਨ ਬੇਸਿਦਕ ਨੂੰ ਸਬਰ ਆਵੇ ਠੁੱਕੇ ਜਦੋਂ ਯਕੀਨ ਦੀ ਕਿੱਲੀਏ ਨੀ
ਕੂਲੇ ਮਾਸ ਨੂੰ ਮੂਲ ਨਾ ਹੱਥ ਲਾਈਏ ਨਹੁੰਆਂ ਨਾਲ ਨਾ ਗੜ੍ਹਾਂ ਨੂੰ ਛਿੱਲੀਏ ਨੀ
ਆਂਨੇ ਕੱਢ ਕੇ ਲਾਲ ਉਗਾਲਨੀ ਏਂ ਰੱਤੜ ਅੱਖੀਆਂ ਦੀ ਘੁਰਕ ਬਿੱਲੀਏ ਨੀ
ਕੋਈ ਦੁੱਖ ਜੇ ਦਰਦ ਨਾ ਪੀੜ ਹੋਵੇ ਐਵੇਂ ਨਖਰਿਆਂ ਨਾਲ ਨਾ ਕਿੱਲ੍ਹੀਏ ਨੀ
ਆਏ ਨਾਥ ਨੂੰ ਉੱਠ ਤਾਜ਼ੀਮ ਕਰੀਏ ਅਤੇ ਨਾਲ ਅਦਾਬ ਦੇ ਹਿੱਲੀਏ ਨੀ
ਫਾਂਗਾਂ ਚੀਰ ਬਾਗੋਂ ਬਾਹਰ ਕੱਢੀਆ ਈ ਫੁੱਟੀ ਜਿਵੇਂ ਕਪਾਹ ਦੀ ਖਿੱਲੀਏ ਨੀ
ਖਿਦਮਤ ਫ਼ਕਰ ਦੀ ਹੁੱਬ ਦੇ ਨਾਲ ਕਰੀਏ ਲਾਹ ਦਿਲਾਂ ਤੋਂ ਗਫ਼ਲਤਾਂ ਝੱਲੀਏ ਨੀ
ਗੱਲ ਸਮਝ ਮੇਰੀ ਛੋਹਰੇ ਲੌਹਤਕੇ ਨੀ ਦਿੱਲ ਦੇ ਕੰਨਾਂ ਦੀ ਖੋਲ੍ਹ ਖਿੜਕਿੱਲੀਏ ਨੀ
ਉਨ੍ਹਾਂ ਨਾਲ ਨਾ ਮੂਲ ਵਗਾੜ ਕਰੀਏ ਜਿਨ੍ਹਾਂ ਸੱਜਣਾਂ ਨੂੰ ਬਹੁੜ ਮਿੱਲੀਏ ਨੀ
ਵਾਰਸਸ਼ਾਹ ਜੇ ਇਸ਼ਕ ਦਰਿਆ ਤਰੀਏ ਤੁਲ੍ਹਾ ਨੇਕ ਨੀਯਤ ਬੰਨ੍ਹ ਠਿੱਲੀਏ ਨੀ

ਜੋਗੀ ਨਾਲ ਝੇੜਾ ਕਰਨੋਂ ਹੀਰ ਨੇ ਸਹਿਤੀ ਨੂੰ ਮਨ੍ਹਾ ਕਰਨਾ

ਹੀਰ ਆਖਿਆ ਇਹ ਚਵਾ ਕੇਹਾ ਠੂਠਾ ਭੰਨ ਫ਼ਕੀਰ ਨੂੰ ਮਾਰਨਾ ਕੀ
ਜਿਨ੍ਹਾਂ ਇੱਕ ਅਲਾਹ ਦਾ ਆਸਰਾ ਏ ਉਨ੍ਹਾਂ ਫੱਕਰਾਂ ਦੇ ਨਾਲ ਕਾਹੜਨਾ ਕੀ
ਜਿਹੜੇ ਕੰਨ ਪੜਾ ਫ਼ਕੀਰ ਹੋਏ ਭਲਾ ਉਹਨਾਂ ਦਾ ਪਕੜਨਾ ਪਾੜਨਾ ਕੀ
ਥੋੜੀ ਗੱਲ ਦਾ ਬਹੁਤ ਵਧਾਣ ਕਰਕੇ ਸੌਰੇ ਕੰਮ ਨੂੰ ਚਾ ਵਿਗਾੜਨਾ ਕੀ
ਮੇਰੇ ਬੂਹੇ ਤੇ ਫ਼ੱਕਰ ਨੂੰ ਮਾਰਿਆ ਈ ਵਸਦੇ ਘਰਾਂ ਨੂੰ ਚਾ ਉਜਾੜਨਾ ਕੀ
ਜੇੜ੍ਹੇ ਇਸ਼ਕ ਦੀ ਅੱਗ ਦੇ ਨਾਲ ਬੁੱਝੇ ਉਨ੍ਹਾਂ ਲੂਤੀਆਂ ਨਾਲ ਫਿਰ ਸਾੜਨਾ ਕੀ
ਜ਼ਾਤ ਹੱਕ ਦੀ ਵਿੱਚ ਜੋ ਮਹਵ ਹੋਏ ਫੇਰ ਉਨ੍ਹਾਂ ਦਾ ਐਬ ਨਿਤਾਰਨਾ ਕੀ
ਨਾਲ ਖ਼ੁਲਕ ਦੇ ਫ਼ਕਰ ਨੂੰ ਬੋਲੀਏ ਨੀ ਗੁੱਸੇ ਕਹਿਰ ਦੇ ਨਾਲ ਮੁੜ ਝਾੜਨਾ ਕੀ
ਜਿਨਾਂ ਆਲ੍ਹਣੇ ਛੱਡ ਹਵਾ ਲਈਆਂ ਫੇਰ ਉਨ੍ਹਾਂ ਨੂੰ ਅੰਦਰੀਂ ਵਾੜਨਾ ਕੀ
ਵਾਰਸਸ਼ਾਹ ਉਜਾੜਿਆਂ ਰੱਬ ਦਿਆਂ ਨੂੰ ਹੱਥੀਂ ਆਪਣੀ ਫੇਰ ਉਜਾੜਨਾ ਕੀ

ਜਵਾਬ ਸਹਿਤੀ ਹੀਰ ਨਾਲ

ਸਹਿਤੀ ਆਖਿਆ ਭਾਬੀਏ ਮੁੜ ਮੁੱਢੋਂ ਏਸ ਜੋਗੀੜੇ ਦਾ ਦੁੰਬ ਚਾਇਆ ਤੂੰ