ਪੰਨਾ:ਹੀਰ ਵਾਰਸਸ਼ਾਹ.pdf/250

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੮)

ਮੇਰੀ ਮਾਉਂ ਤੇ ਬਾਪ ਦੇ ਵਿੱਚ ਵਿਹੜੇ ਕੋਈ ਆਣ ਕਮਜ਼ਾਤ ਨਚਾਇਆ ਤੂੰ
ਮਾਉਂ ਬੈਠਿਆਂ ਏਸ ਕੁਪੱਤੜੇ ਤੋਂ ਤੇ ਕੁਪੱਤੜਾ ਬੋਲ ਬੁਲਾਇਆ ਤੂੰ
ਮੰਦਾ ਬੋਲਿਆ ਸੁ ਘਰੀਂ ਬੈਠਿਆਂ ਨੂੰ ਮਨ੍ਹਾ ਕੀਤਾ ਨਾ ਮੂਲ ਹਟਾਇਆ ਤੂੰ
ਮੇਰਾ ਏਸ ਮੁਸ਼ਟੰਡੜੇ ਲੁੁੱਚ ਕੋਲੋਂ ਨੀ ਅਲਾਨ ਫਲਾਨ ਪੁਣਾਇਆ ਤੂੰ
ਜਾਣ ਬੁੱਝ ਕੇ ਗੱਲ ਨਾ ਟਾਲੀਓ ਈ ਸਗੋਂ ਹੋਰ ਫਸਾਦ ਵਧਾਇਆ ਤੂੰ
ਹੱਥੋਂ ਸੈਨਤਾਂ ਮਾਰ ਕੇ ਛੇੜਿਆ ਈ ਸਾਣ ਚਾੜ੍ਹ ਕੇ ਫੇਰ ਲੜਾਇਆ ਤੂੰ
ਵਾਰਸ ਸਾਫ਼ ਨਾ ਅੰਦਰੋਂ ਮੂਲ ਹੋਈਓਂ ਬਾਹਰੋਂ ਆਪਣਾ ਸ਼ਾਨ ਵਧਾਇਆ ਤੂੰ

ਕਲਾਮ ਹੀਰ

ਭੈੜਾ ਕੰਮ ਜੇ ਆਪਣੇ ਆਪ ਕਰੀਏ ਫੇਰ ਜੱਗ ਨੂੰ ਆਖ ਸੁਣਾਉਣਾ ਕੀ
ਉੱਠ ਨਾਲ ਫਕੀਰਾਂ ਦੇ ਲੜਨ ਲੱਗੋਂ ਸ਼ਾਨ ਆਪਣੀ ਆਪ ਗੁਆਉਣਾ ਕੀ
ਜਿਹੜੇ ਘਰਾਂ ਦੀਆਂ ਚੌੜਾਂ ਨਾਲ ਮਾਰੇਂ ਘਰ ਚੁੱਕ ਕੇ ਏਸ ਲੈ ਜਾਉਣਾ ਕੀ
ਲੜੇ ਆਪ ਬਰਾਬਰੀ ਨਾਲ ਕੁੜੀਏ ਸੋਟੇ ਪਕੜ ਯਤੀਮਾਂ ਤੇ ਆਉਣਾ ਕੀ
ਘਰ ਮੇਰਾ ਤੇ ਮੈਂ ਨਾਲ ਕੌਂਸ ਚਾਯੋ ਏਥੇ ਕੁਆਰੀਏ ਤੁੱਧ ਲੈ ਜਾਉਣਾ ਕੀ
ਸੂਰਤ ਫ਼ਕਰ ਦੀ ਵੇਖਕੇ ਪੈਰ ਫੜੀਏ ਝਗੜਾ ਓਸ ਦੇ ਨਾਲ ਮੁੜ ਲਾਉਣਾ ਕੀ
ਜੱਟੀ ਹੋ ਫਕੀਰ ਦੇ ਨਾਲ ਝਗੜੇਂ ਏਸ ਹੁਸਨ ਦਾ ਸ਼ਾਨ ਵਖਾਉਣਾ ਕੀ
ਬੋਹਲ ਰਾਹਕਾਂ ਦਾ ਧੌਂਸ ਚੂੜਿਆਂ ਦੀ ਮਰਸੂ ਮਰਸੂ ਦਿਨ ਰਾਤ ਕਰਾਉਣਾ ਕੀ
ਜਿਨ੍ਹਾਂ ਸਿਰਫ਼ ਅੱਲਾਹ ਦਾ ਆਸਰਾ ਏ ਉਨ੍ਹਾਂ ਜੀਆਂ ਨੂੰ ਫੇਰ ਦੁਖਾਉਣਾ ਕੀ
ਵਾਰਸਸ਼ਾਹ ਇਹ ਹਿਰਸ ਬੇਫ਼ਾਇਦਾ ਏ ਓੜਕ ਏਸ ਜਹਾਨ ਤੋਂ ਪਾਉਣਾ ਕੀ

ਕਲਾਮ ਸਹਿਤੀ ਹੀਰ ਨਾਲ

ਭਲਾ ਆਖ ਕੀ ਆਹਨੀਏਂ ਨੇਕ ਪਾਕੇ ਜੈਂਦੇ ਪਲੂ ਤੇ ਪੜ੍ਹਨ ਨਮਾਜ਼ ਆਈ
ਇੱਕੇ ਚੁੱਪ ਚੁਪਾਤੜੀ ਬੈਠਦੀ ਏਂ ਅਜ ਗੱਜ ਕੇ ਕੜਕ ਆਵਾਜ਼ ਆਈ
ਘਰ ਬਾਰ ਤੇਰਾ ਅਸੀਂ ਕੌਣ ਕੋਈ ਜਾਪੇ ਲੱਦ ਕੇ ਘਰੋਂ ਜਹਾਜ਼ ਆਈ
ਨੱਢੇ ਮੋਹਣੀਏਂ ਤੇ ਝੋਟੇ ਦੋਹਨੀਏਂ ਨੀ ਅਜੇ ਤੀਕ ਨਾ ਇਸ਼ਕ ਥੀਂ ਬਾਜ਼ ਆਈ
ਖਾਤਰ ਤਲੇ ਨਾ ਸਾਨੂੰ ਲਿਆਉਨੀ ਏਂ ਵੇਖ ਜੋਗੀੜੇ ਨੂੰ ਕਰ ਕੇ ਨਾਜ਼ ਆਈ
ਵਿੱਚ ਬੇਲਿਆਂ ਆਪ ਖੁਆਰ ਹੋਈ ਗੁੰਡੀ ਬਣਤ ਬਣਾਇਕੇ ਸਾਜ਼ ਆਈ
ਸੈਦੇ ਨਾਲ ਨਾ ਕਦੀ ਤੂੰ ਗੱਲ ਕੀਤੀ ਹੁਣ ਜੋਗੀੜੇ ਨਾਲ ਹਮਰਾਜ਼ ਆਈ
ਵਾਰਸਸ਼ਾਹ ਜਵਾਨੀ ਦੀ ਉਮਰ ਗੁਜ਼ਰੀ ਅਜੇ ਤੀਕ ਨਾ ਹਿਰਸ ਥੀਂ ਬਾਜ ਆਈ

ਕਲਾਮ ਹੀਰ

ਏਸ ਫ਼ਕਰ ਦੇ ਨਾਲ ਕੀ ਵੈਰ ਚਾਯੋ ਉਧਲ ਜਾਵਸੈੈਂ ਤੈੈਂ ਨਹੀਂ ਵੱਸਣਾ ਈ