ਪੰਨਾ:ਹੀਰ ਵਾਰਸਸ਼ਾਹ.pdf/251

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੯)

ਠੂਠੇ ਭੰਨ ਫਕੀਰਾਂ ਨੂੰ ਮਾਰਨੀ ਏਂ ਅਗੇ ਰੱਬ ਦੇ ਆਖ ਕੀ ਦੱਸਣਾ ਈਂ
ਗੁੱਡਾ ਬੰਨ੍ਹਸੀ ਮੁਲਕ ਦੇ ਵਿਚ ਤੇਰਾ ਗਲੀ ਗਲੀ ਬਜ਼ਾਰ ਨੇ ਹੱਸਣਾ ਈਂ
ਤਾਉੜੀ ਵਜੇਗੀ ਖੁਆਰੀ ਦੀ ਮਗਰ ਤੇਰੇ ਇਹ ਕੰਮ ਖਰਾਬੀ ਦਾ ਰੱਸਣਾ ਈਂ
ਤੇਰੇ ਕੁਆਰ ਨੂੰ ਖੁਆਰ ਸੰਸਾਰ ਕਰਸੀ ਇਹ ਜੋਗੀ ਦਾ ਕੁੱਝ ਨਾ ਖੱਸਣਾ ਈਂ
ਨਾਲ ਚੂੜ੍ਹੇ ਦੇ ਖਤਰੀ ਘੁਲਣ ਲੱਗਾ ਵਾਰਸਸ਼ਾਹ ਫਿਰ ਮੁਲਕ ਨੇ ਹੱਸਣਾ ਈਂ

ਕਲਾਮ ਸਹਿਤੀ

ਤੇਰੇ ਜਿਹੀਆਂ ਲਖ ਪੜ੍ਹਾਈਆਂ ਮੈਂ ਤੇ ਉਡਾਈਆਂ ਨਾਲ ਅੰਗੂੂਠਿਆਂ ਦੇ
ਤੈਨੂੰ ਸਿਧ ਕਾਮਲ ਵਲੀ ਗੌਂਸ ਦਿਸੇ ਮੈਨੂੰ ਠੱਗ ਦਿਸੇ ਭੇਸ ਝੂਠਿਆਂ ਦੇ
ਜਿਉਂ ਹਿਮਾਇਤੀ ਖੋਤੜੀ ਲੱਤ ਮਾਰੇ ਭੌਰ ਤਾਜਨਾਂ ਨੂੰ ਉਤੇ ਬੂਥਿਆਂ ਦੇ
ਸਾਡੇ ਖੌਂਸਲੇ ਨੂੰ ਨਹੀਂ ਯਾਦ ਚੋਬਰ ਭਾਵੇਂ ਢੇਰ ਲਾਵੇ ਭੰਨ ਠੂਠਿਆਂ ਦੇ
ਇਹ ਮਸਤ ਮਲੰਗ ਮੈਂ ਮਸਤ ਏਦੂੂੰ ਐਸੇ ਮਕਰ ਹਨ ਟੁਕੜਿਆਂ ਜੂਠਿਆਂ ਦੇ
ਵਾਰਸਸ਼ਾਹ ਮੀਆਂ ਨਾਲ ਚੁਆਤੀਆਂ ਦੇ ਲਿੰਗ ਸੇਕੀਏ ਚੋਬਰਾਂ ਘੂਠਿਆਂ ਦੇ

ਕਲਾਮ ਹੀਰ ਇਹ

ਇਹ ਮਸਤ ਮਲੰਗ ਨਾ ਛੇੜ ਕੁੜੀਏ ਕੋਈ ਵੱਡਾ ਫ਼ਸਾਦ ਪਵਾਸੀਆ ਨੀ
ਮਾਰੇ ਜਾਣ ਖੇੜੇ ਉੱਜੜ ਜਾਣ ਮਾਪੇ ਤੁੱਧ ਲੰਡੀ ਦਾ ਕੁੱਝ ਨਾ ਜਾਸੀਆ ਨੀ
ਬਹੁਤ ਆਪਣੇ ਗੁਰੂ ਨੂੰ ਯਾਦ ਕਰਦਾ ਮੱਤ ਉਸਨੂੰ ਅਰਜ਼ ਸੁਣਾਸੀਆ ਨੀ
ਅਹਿਮਦਸ਼ਾਹ ਅਜ਼ਗੈਬ ਥੀਂ ਆਣ ਪੌਸੀ ਰੱਬ ਰੱਖ ਜੰਡਿਆਲੇ ਨੂੰ ਜਾਸੀਆ ਨੀ
ਸਕੰਦਰਸ਼ਾਹ ਜਾਂ ਫਕਰ ਦੇ ਪੈਰ ਪਕੜੇ ਕਿਲ੍ਹਾ ਜ਼ਿਰਾਹ ਦਾ ਫਤ੍ਹੇ ਕਰਾਸੀਆ ਨੀ
ਤਿਮਰਲਿੰਗ ਤੇ ਕੀਤੀ ਫ਼ਕੀਰ ਕਿਰਪਾ ਬਾਦਸ਼ਾਹੀਆਂ ਸੱਤ ਦਿਵਾਸੀਆ ਨੀ
ਪੈਰ ਪਕੜ ਫ਼ਕੀਰ ਦੇ ਕਰਹੁ ਰਾਜੀ ਨਹੀਂ ਏਸ ਦੀ ਆਹ ਪੈ ਜਾਸੀਆ ਨੀ
ਵਾਰਸਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ ਜਾ ਗੋਰ ਅੰਦਰ ਪੱਛੋਤਾਸੀਆ ਨੀ

ਕਲਾਮ ਸਹਿਤੀ

ਸਹਿਤੀ ਹੀਰ ਨੂੰ ਆਖਦੀ ਭਲਾ ਭਾਬੀ ਤੈਨੂੰ ਖੇਖਨ ਮੈਂ ਹੋਰ ਵਿਖਾਇਸਾਂ ਨੀ
ਤੇਰੇ ਤਾਨ੍ਹਿਆਂ ਬੋਲੀਆਂ ਸਾੜ ਸੱਟੀ ਅੱਜ ਜ਼ਹਿਰ ਮੰਗਾਇਕੇ ਖਾਇਸਾਂ ਨੀ
ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ ਇੱਕੇ ਭਾਬੀਏ ਤੁੱਧ ਮਰਾਇਸਾਂ ਨੀ
ਰੋਵਾਂ ਮਾਰ ਢਾਹਾਂ ਭਾਈ ਆਉਂਦੇ ਤੇ ਤੈਨੂੰ ਖਾਹ ਮਖਾਹ ਕੁਟਾਇਸਾਂ ਨੀ
ਚਾਕ ਲੀਕ ਲਾਈ ਤੈਨੂੰ ਮਿਲੇ ਫਾਹੀ ਗਲਾਂ ਪਿਛਲੀਆਂ ਆਖ ਸੁਣਾਇਸਾਂ ਨੀ
ਉੱਤੇ ਮਾਰੀਏ ਤੂੰ ਅਤੇ ਹੇਠ ਜੋਗੀ ਇਹ ਘੱਗਰੀ ਚਾਇ ਵਿਛਾਇਸਾਂ ਨੀ
ਸੀਤਾ ਦਹਿਸਰੇ ਨਾਲ ਜਿਉਂ ਗਾਹ ਕੀਤਾ ਕੋਈ ਵੱਡਾ ਘੁਮੰਡ ਪਵਾਇਸਾਂ ਨੀ